ਵਗ। ਕੀ ਤੂੰ ਯੁੱਗ ਵਾਂਗ ਅਸਥਿਰ ਏ ਜਾਂ ਕੀ ਤੂੰ ਕੰਪਾਸ ਦੇ ਚਾਰੇ ਪਾਸਿਆਂ ਤੋਂ ਬੋਝਲ ਜਵਾਰਭਾਟਿਆਂ ਦੇ ਸੁਨੇਹੇ ਲਿਆਉਣ ਵਾਲੀ ਏਂ।
ਤੂੰ ਰੇਗਿਸਤਾਨ ਵਿਚ ਗਰਜਦੀ ਏਂ, ਤੂੰ ਭੋਲੇ ਭਾਲੇ ਕਾਫਲਿਆਂ ਨੂੰ ਪੈਰਾਂ ਹੇਠ ਰੌਂਦਦੀ ਅਤੇ ਉਹਨਾਂ ਨੂੰ ਪਹਾੜਾਂ ਦੀ ਰੇਤ ਹੇਠ ਦੱਬ ਦਿੰਦੀ ਏਂ। ਕੀ ਤੂੰ ਉਹੀ ਮਹਿਕ ਭਰੀ ਹਵਾ ਏਂ ਜੋ ਪ੍ਰਭਾਤ ਵੇਲੇ ਪੱਤਿਆਂ ਅਤੇ ਟਾਹਣੀਆਂ ਵਿਚ ਥਿਰਕਦੀ ਅਤੇ ਵਲ ਖਾਂਦੀਆਂ ਘਾਟੀਆਂ ਵਿਚ ਸੁਪਨੇ ਵਾਂਗ ਉਡਾਣ ਭਰਦੀ ਏਂ ਜਿਥੇ ਫੁੱਲ ਸੁਆਗਤ ਵਿਚ ਝੁਕ ਜਾਦੇ ਹਨ ਅਤੇ ਜਿਥੇ ਘਾਹ ਪੱਤੀਆਂ ਤੇਰੇ ਸਾਹਾਂ ਦੇ ਨਸ਼ੇ ਨਾਲ ਬੋਝਲ ਹੋ ਜਾਂਦੀਆਂ ਹਨ?
ਤੂੰ ਸਾਗਰਾਂ ਵਿਚੋਂ ਉਠਦੀ ਹੋਈ ਸਾਗਰ ਦੀ ਗਹਿਰੀ ਚੁੱਪ ਵਿਚ ਹਿਲਜੁਲ ਮਚਾ ਦਿੰਦੀ ਏਂ ਅਤੇ ਗੁੱਸੇ ਵਿਚ ਜਹਾਜ਼ਾਂ ਅਤੇ ਮਲਾਹਾਂ ਨੂੰ ਤਬਾਹ ਕਰ ਦੇਂਦੀ ਏਂ। ਕੀ ਤੂੰ ਉਹੀ ਧੀਮੀ ਵਗਣ ਵਾਲੀ ਹਵਾ ਏਂ ਜੋ ਆਪਣੇ ਘਰਾਂ ਦੁਆਲੇ ਖੇਡਦੇ ਬੱਚਿਆਂ ਦੇ ਵਾਲਾਂ ਨੂੰ ਪਲੋਸਦੀ ਏ?
ਤੂੰ ਸਾਡੇ ਦਿਲਾਂ, ਸਾਡੇ ਹਉਕਿਆਂ, ਸਾਡੇ ਸਾਹਵਾਂ ਅਤੇ ਸਾਡੀਆਂ ਮੁਸਕਾਨਾਂ ਨੂੰ ਕਿੱਥੇ ਲੈ ਜਾਂਦੀ ਏਂ? ਤੂੰ ਸਾਡੀਆਂ ਰੂਹਾਂ ਦੀਆਂ ਉਡਦੀਆਂ ਰੋਸ਼ਨੀਆਂ ਦਾ ਕੀ ਕਰਦੀ ਏਂ? ਕੀ ਤੂੰ ਉਹਨਾਂ ਨੂੰ ਜ਼ਿੰਦਗੀ ਦੇ ਖਿਤਿਜ ਤੋਂ ਪਾਰ ਲੈ ਜਾਂਦੀ ਏ? ਕੀ ਤੂੰ ਉਹਨਾਂ ਨੂੰ ਕੁਰਬਾਨੀ ਦੇ ਬੱਕਰੇ ਬਣਾ ਕੇ ਖਤਮ ਕਰਨ ਲਈ ਦੂਰ ਦੁਰਾਡੀਆਂ ਅਤੇ ਭਿਅੰਕਰ ਗੁਫ਼ਾਵਾਂ ਵਲ ਧਕੇਲ ਦੇਂਦੀ ਏਂ?
ਰਾਤ ਦੀ ਚੁੱਪੀ ਵਿਚ ਦਿਲ ਤੇਰੇ ਅਗੇ ਆਪਣੇ ਭੇਦ ਖੋਹਲਦੇ ਹਨ। ਅਤੇ ਪ੍ਰਭਾਤ ਹੋਣ 'ਤੇ ਤੇਰੀ ਨਰਮ ਛੁਹ ਨਾਲ ਪਲਕਾਂ ਖੁਲ੍ਹਦੀਆਂ ਹਨ। ਕੀ ਤੈਨੂੰ ਪਤਾ ਹੈ ਕਿ ਦਿਲ ਨੇ ਕੀ ਮਹਿਸੂਸਿਆ ਜਾਂ ਅੱਖਾਂ ਨੇ ਕੀ ਵੇਖਿਆ ਹੈ?
ਤੇਰੇ ਖੰਭਾਂ ਵਿਚਕਾਰ ਦਰਦਮੰਦਾਂ ਦੇ ਸੋਗੀ ਗੀਤ, ਯਤੀਮਾਂ ਦੇ ਟੁੱਟੇ ਦਿਲ ਦੇ ਟੁਕੜਿਆਂ ਦੀ ਸੋਚ ਅਤੇ ਦੱਬੇ ਕੁਚਲਿਆਂ ਦੇ ਦਰਦੀਲੇ ਹਓਂਕੇ ਗੂੰਜਦੇ ਹਨ। ਤੇਰੇ ਚੋਗੇ ਦੀਆਂ ਤਹਿਆਂ ਵਿਚ ਅਜਨਬੀ ਦੀ ਆਪਣੀ ਤਮੰਨਾ, ਛੇਕਿਆ ਹੋਇਆ ਆਪਣਾ ਬੋਝ ਅਤੇ ਪਤਿਤ ਹੋਈ ਔਰਤ ਦੀ ਨਿਰਾਸ਼ਾ ਛੁਪੀ ਹੋਈ ਹੈ।