ਤੇ ਉਸ ਨੇ ਉਸ ਸੰਨਿਆਸਨ ਵੱਲ ਬੜੇ ਹੀ ਤਰਸ-ਭਾਵ ਨਾਲ ਤੱਕਿਆ, ਕਿਉਂਕਿ ਉਸੇ ਸੰਨਿਆਸਨ ਨੇ ਹੀ ਪਹਿਲੀ ਵਾਰ ਸਭ ਤੋਂ ਪਹਿਲਾਂ ਉਸ ਨੂੰ ਵੇਖਿਆ ਸੀ ਤੇ ਉਸ 'ਤੇ ਭਰੋਸਾ ਕੀਤਾ ਸੀ, ਜਦੋਂ ਉਹ ਪਹਿਲੀ ਵਾਰ ਉਨ੍ਹਾਂ ਦੇ ਸ਼ਹਿਰ ਆਇਆ ਸੀ।
ਫੇਰ ਅਲ ਮਿਤਰਾ ਨੇ ਉਸ ਨੂੰ ਸੰਬੋਧਨ ਕਰ ਕੇ ਕਿਹਾ-
"ਐ ਖ਼ੁਦਾ ਦੇ ਪੈਗ਼ੰਬਰ, ਉਸ ਰੱਬ ਦੀ ਭਾਲ ਵਿਚ ਤੂੰ ਉਸ ਬੇੜੇ ਦੀ ਉਡੀਕ ਵਿਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਤੇ ਹੁਣ ਜਦ ਕਿ ਤੇਰਾ ਬੇੜਾ ਬਹੁੜਿਆ ਹੈ, ਤਾ ਤੈਨੂੰ ਜ਼ਰੂਰ ਹੀ ਜਾਣਾ ਚਾਹੀਦੇ।"
"ਤੈਨੂੰ ਆਪਣੀ ਉਸ ਧਰਤੀ 'ਤੇ ਜਾਣ ਦੀ ਬੜੀ ਤਾਂਘ ਹੈ, ਜਿਸ ਦੇ ਨਾਲ ਤੇਰੀਆ ਕਈ ਖ਼ਾਹਿਬਾਂ ਜੁੜੀਆਂ ਹੋਈਆਂ ਹਨ। ਸਾਡਾ ਪਿਆਰ ਤੇਰੇ ਰਾਹ ਵਿਚ ਰੋੜਾ ਨਹੀਂ ਬਣੇਗਾ। ਤੇ ਨਾ ਹੀ ਸਾਡੀਆਂ ਲੋੜਾਂ ਹੀ ਤੈਨੂੰ ਰੋਕਣਗੀਆਂ।"
"ਪਰ ਫੇਰ ਵੀ ਅਸੀਂ ਚਾਹੁੰਦੇ ਹਾਂ ਕਿ ਤੂੰ ਜਾਣ ਤੋਂ ਪਹਿਲਾਂ ਆਪਣੇ ਉਸ 'ਸਤਿ ਸੁਜਾਣ' ਬਾਰੇ ਸਾਨੂੰ ਕੁਝ ਦੱਸ।"
"ਤੇ ਉਹ ਸੱਚਾ ਗਿਆਨ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਆਂਗੇ, ਫਿਰ ਉਹ ਅੱਗੇ ਆਪਣੇ ਬੱਚਿਆਂ ਤੱਕ ਪੁਚਾਉਣਗੇ ਤੇ ਇਸ ਤਰ੍ਹਾਂ ਸੱਚ ਅਬਿਨਾਸੀ ਹੋ ਜਾਏਗਾ "
"ਤੂੰ ਆਪਣੀ ਇਕੱਲਤਾ ਵਿਚ ਹੀ ਸਾਡੇ ਦਿਨਾਂ ਦੀ ਨਿਗਰਾਨੀ ਰੱਖੀ ਹੈ ਤੇ ਆਪਣੀ ਚੇਤਨਾ ਨਾਲ ਜਿਵੇਂ ਸਾਡੀ ਨੀਂਦ ਦੇ ਹਾਸੇ-ਰੋਣੇ ਨੂੰ ਸੁਣਿਆ ਹੈ।"
"ਤੇ ਇਸ ਲਈ ਹੁਣ ਸਾਨੂੰ ਸਾਡੇ ਭੇਤਾਂ ਦਾ ਆਤਮ-ਬੋਧ ਕਰਵਾ ਕੇ ਸਾਨੂੰ ਜਨਮ- ਮਰਨ ਦੇ ਗਿਆਨ ਤੋਂ ਵੀ ਜਾਣੂੰ ਕਰਵਾ, ਜਿਸਦਾ ਗਿਆਨ ਸਿਰਫ਼ ਤੈਨੂੰ ਹੋਇਆ ਹੈ।""
ਤੇ ਫੇਰ ਅਲ ਮੁਸਤਫ਼ਾ ਨੇ ਜੁਆਬ ਦਿੱਤਾ-
"ਐ ਓਰਫੇਲਿਸ ਦੇ ਲੋਕੋ, ਇਸ ਵੇਲੇ ਜੋ ਕੁਝ ਤੁਹਾਡੀਆਂ ਸਭਨਾਂ ਦੀਆਂ ਆਤਮਾਵਾਂ ਵਿਚ ਵਾਪਰ ਰਿਹੈ, ਉਸ ਤੋਂ ਭਿੰਨ ਮੈਂ ਭਲਾ ਤੁਹਾਨੂੰ ਕੀ ਦੱਸ ਸਕਦਾਂ ?"
* ਜਿਸ ਆਤਮ-ਬੋਧ ਦੀ ਇਥੇ ਜਾਚਨਾ ਕੀਤੀ ਗਈ ਹੈ, ਤੇ ਜਿਸ ਆਤਮਾ-ਬੋਧ ਦੀ ਪ੍ਰਾਪਤੀ ਇ ਵਡਮੁੱਲੀ ਕ੍ਰਿਤ ਦੇ ਅਗਲੇ 26 ਉਪਦੇਸ਼ਾਂ 'ਚ ਕਰਵਾਈ ਗਈ ਹੈ, ਉਸ ਬਾਰੇ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ-
'ਆਪਾ ਜਾਨਿ ਉਲਟਿ ਲੈ ਆਪੁ॥
ਤਉ ਨਹੀਂ ਵਿਆਪੇ ਤੀਨੋਂ ਰਾਪੁ॥
ਜਬੁ ਮਨ ਉਲਟਿ ਸਨਾਤਨ ਹੂਆ ॥
ਤਬ ਜਾਨ ਜਬ ਜੀਵਤ ਮੂਆ॥
(ਹਵਾਲਾ-ਪੰਜਾਬੀ ਅਨੁਵਾਦਕ)