ਸੰਤਾਨ
ਤੇ ਫਿਰ ਇਕ ਔਰਤ, ਜਿਸ ਨੇ ਆਪਣੀ ਛਾਤੀ ਨਾਲ ਆਪਣੇ ਬੱਚੇ ਨੂੰ ਚੰਬੇੜਿਆ ਹੋਇਆ ਸੀ, ਬੋਲੀ- "ਸਾਨੂੰ ਸੰਤਾਨ ਬਾਰੇ ਕੁਝ ਦੱਸੋ।"
ਤੇ ਉਸ ਨੇ ਕਿਹਾ-
"ਤੁਹਾਡੇ ਬੱਚੇ ਤੁਹਾਡੇ ਹੋ ਕੇ ਵੀ ਤੁਹਾਡੇ ਨਹੀਂ ਨੇ।
ਉਹ ਤਾਂ ਖ਼ੁਦ ਜ਼ਿੰਦਗੀ ਦੇ ਪ੍ਰਤੀ ਜ਼ਿੰਦਗੀ ਦੀ ਕਾਮਨਾ ਦੀ ਸੰਤਾਨ ਨੇ।
ਉਹ ਇਸ ਦੁਨੀਆਂ ਵਿਚ ਤੁਹਾਡੇ ਜ਼ਰੀਏ ਜ਼ਰੂਰ ਆਉਂਦੇ ਨੇ, ਪਰ ਤੁਸੀਂ ਉਨ੍ਹਾਂ ਨੂੰ ਨਹੀਂ ਲਿਆਉਂਦੇ ਹੋ।"
ਤੇ ਭਾਵੇਂ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ, ਫਿਰ ਵੀ ਉਹ ਤੁਹਾਡੇ ਨਹੀਂ ਨੇ॥
ਤੁਸੀਂ ਉਨ੍ਹਾਂ ਨੂੰ ਆਪਣਾ ਪਿਆਰ ਦੇ ਸਕਦੇ ਹੋ, ਆਪਣੇ ਵਿਚਾਰ ਨਹੀਂ।
ਕਿਉਂਕਿ ਉਨ੍ਹਾਂ ਦੇ ਆਪਣੇ ਵੱਖਰੇ ਵਿਚਾਰ ਨੇ।
ਤੁਸੀਂ ਉਨ੍ਹਾਂ ਦੇ ਸਰੀਰ ਨੂੰ ਤਾਂ ਘਰ ਦੇ ਸਕਦੇ ਹੋ, ਪਰ ਉਨ੍ਹਾਂ ਦੀਆਂ ਆਤਮਾਵਾਂ ਨੂੰ ਨਹੀਂ।
ਕਿਉਂਕਿ ਉਨ੍ਹਾਂ ਦੀਆਂ ਆਤਮਾਵਾਂ ਤਾਂ ਭਲਕ ਵਿਚ ਨਿਵਾਸ ਕਰਦੀਆਂ ਨੇ, ਜਿਥੇ ਤੁਸੀਂ ਕਦੇ ਵੀ ਬਹੁੜ ਨਹੀਂ ਸਕਦੇ, ਸੁਪਨੇ ਵਿਚ ਵੀ ਨਹੀਂ।
ਤੁਸੀਂ ਉਨ੍ਹਾਂ ਵਰਗਾ ਬਣਨ ਦਾ ਜਤਨ ਤਾਂ ਕਰ ਸਕਦੇ ਹੋ, ਪਰ ਕਦੇ ਵੀ ਉਨ੍ਹਾਂ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਨਾ ਕਰਨਾ।
ਕਿਉਂਕਿ ਜ਼ਿੰਦਗੀ ਕਦੇ ਵੀ ਨਾ ਤਾਂ ਪਿੱਛਲ-ਮੂੰਹ ਚੱਲਦੀ ਹੈ ਤੇ ਨਾ ਹੀ ਲੰਘੇ ਕੱਲ੍ਹ ਦੇ ਨਾਲ ਹੀ ਠਹਿਰਦੀ ਹੈ।
ਤੁਸੀਂ ਇਕ ਕਮਾਨ-ਮਾਤਰ ਹੀ ਹੋ ਤੇ ਤੁਹਾਡਾ ਕੰਮ ਆਪਣੇ ਬੱਚਿਆਂ ਨੂੰ ਜਿਊਂਦੇ- ਜਾਗਦੇ ਤੀਰਾਂ ਦੀ ਤਰ੍ਹਾਂ ਸਿਰਫ਼ ਅੱਗੇ ਵੱਲ ਚਲਾਉਣਾ ਹੀ ਹੈ।
* ਬੁੱਲ੍ਹੇ ਸ਼ਾਹ ਨੇ ਸ੍ਰਿਸ਼ਟੀ-ਰਚਨਾ ਦੇ ਇਸ ਭੇਤ ਦੀ ਗੰਢ ਕਿੰਨੇ ਸੌਖੇ ਢੰਗ ਨਾਲ ਖੋਲ੍ਹੀ ਹੈ-
'ਇਸ ਅਲਤੋਂ ਦੋ ਤਿੰਨ ਚਾਰ ਹੋਏ,
ਫਿਰ ਲਖ ਕਰੋੜ ਹਜ਼ਾਰ ਹੋਏ,
ਫਿਰ ਉਥੋਂ ਬੇਸੁਮਾਰ ਹੋਏ,
ਇੱਕ ਅਲਫ਼ ਦਾ ਨੁਕਤਾ ਨਿਆਰਾ ਹੈ।'
(ਹਵਾਲਾ-ਪੰਜਾਬੀ ਅਨੁਵਾਦਕ)