

ਨੇ, ਪਰ ਫੇਰ ਵੀ ਇਕ ਸਮੁੰਦਰ ਦੀ ਤਰ੍ਹਾਂ ਤੁਸੀਂ ਵੀ ਆਪਣੇ ਜਵਾਰਭਾਟੇ ਨੂੰ ਉਨ੍ਹਾਂ ਕੋਲ ਮੌਕੇ- ਮੇਲ ਤੋਂ ਪਹਿਲਾਂ ਨਹੀਂ ਪੁਚਾ ਸਕਦੇ।
ਉਹ ਜਵਾਰਭਾਟੇ ਤਾਂ ਆਪਣੀ ਨਿਰਧਾਰਤ ਗਤੀ ਨਾਲ ਹੀ ਜਾਣਗੇ ਤੇ ਉਦੋਂ ਹੀ ਉਹ ਜਹਾਜ਼ ਆਪਣਾ ਸਫ਼ਰ ਵੀ ਸ਼ੁਰੂ ਕਰ ਸਕਣਗੇ।
ਤੇ ਤੁਸੀਂ ਤਾਂ ਰੁੱਤਾਂ ਦੇ ਤੁੱਲ ਵੀ ਹੋ।
ਤੇ ਭਾਵੇਂ ਰੁੱਤਾਂ ਦੀ ਤਰ੍ਹਾਂ ਹੀ ਤੁਸੀਂ ਵੀ ਆਪਣੇ ਸ਼ੀਤ-ਕਾਲ 'ਚ ਬਸੰਤ ਦੀ ਉਡੀਕ ਕਰਦੇ ਹੋ, ਪਰ ਫੇਰ ਵੀ ਉਹ ਬਸੰਤ, ਜੋ ਤੁਹਾਡੇ ਅੰਦਰ ਸੁਸਤਾ ਰਿਹਾ ਹੁੰਦੈ, ਆਪਣੇ ਉਨੀਂਦਰੇਪਣ 'ਚ ਮੁਸਕਰਾਉਂਦਾ ਰਹਿੰਦੈ ਤੇ ਤੁਹਾਥੋਂ ਰੁੱਸਦਾ ਨਹੀਂ,
ਕਿਉਂਕਿ ਹਰ ਰੁੱਤ ਦੇ ਆਉਣ ਦਾ ਸਮਾਂ ਤੈਅ ਹੈ।
ਇਹ ਨਾ ਸੋਚੋ ਕਿ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾਂ, ਤਾਂ ਕਿ ਤੁਸੀਂ ਇਕ-ਦੂਜੇ ਨਾਲ ਮੇਰੇ ਬਾਰੇ ਇਹ ਗੱਲ ਕਰ ਸਕੋ ਕਿ- 'ਉਹਨੇ ਸਾਡੀ ਬਹੁਤ ਤਾਰੀਫ਼ ਕੀਤੀ ਤੇ ਉਹਨੇ ਸਾਡੇ ਅੰਦਰ ਸਿਰਫ਼ ਚੰਗਿਆਈ ਹੀ ਵੇਖੀ।'
ਮੈਂ ਬੋਲਾਂ ਰਾਹੀਂ ਤੁਹਾਨੂੰ ਲੋਕਾਂ ਨੂੰ ਉਹੀ ਕਹਿ ਰਿਹਾਂ, ਜਿਸ ਨੂੰ ਤੁਸੀਂ ਆਪਣੇ ਵਿਚਾਰਾਂ 'ਚ ਖ਼ੁਦ ਜਾਣਦੇ ਹੋ।
ਤੇ ਇਹ ਸ਼ਾਬਦਿਕ ਗਿਆਨ ਉਸ ਨਿਸ਼ਬਦ ਗਿਆਨ ਦੇ ਪਰਛਾਵੇਂ ਤੋਂ ਇਲਾਵਾ ਹੋਰ ਭਲਾ ਕੀ ਹੈ ?
ਤੁਹਾਡੇ ਵਿਚਾਰ ਤੇ ਮੇਰੇ ਬੋਲ ਉਸ ਮੋਹਰਬੰਦ ਚੇਤੇ ਤੋਂ ਨਿਕਲਣ ਵਾਲੀਆਂ ਤਰੰਗਾਂ ਦੇ ਸਮਾਨ ਨੇ, ਜੋ ਸਾਡੇ ਭੂਤਕਾਲਾਂ ਦਾ ਲੇਖਾ-ਜੋਖਾ ਰੱਖਦੀਆਂ ਨੇ,
ਤੇ ਉਨ੍ਹਾਂ ਪੁਰਾਣੇ ਦਿਨਾਂ ਦਾ ਹਿਸਾਬ ਰੱਖਦੀਆਂ ਨੇ, ਜਦੋਂ ਇਹ ਧਰਤੀ ਨਾ ਸਾਨੂੰ ਜਾਣਦੀ ਸੀ ਤੇ ਨਾ ਹੀ ਆਪਣੇ ਆਪ ਨੂੰ,
ਤੇ ਉਨ੍ਹਾਂ ਪੁਰਾਣੀਆਂ ਰਾਤਾਂ ਦਾ ਵੀ, ਜਦੋਂ ਇਹ ਧਰਤੀ ਉਲਝਣਾਂ-ਦੁਵਿਧਾਵਾਂ ਨਾਲ ਭਰੀ ਹੋਈ ਸੀ।
ਕਈ ਵਿਦਵਾਨ ਤੁਹਾਨੂੰ ਗਿਆਨ ਵੰਡਣ ਲਈ ਆਏ ਨੇ, ਪਰ ਇਥੇ ਮੈਂ ਤੁਹਾਥੋਂ ਗਿਆਨ ਲੈਣ ਆਇਆ ਸਾਂ।
ਤੇ ਵੇਖੋ, ਮੈਂ ਜੋ ਕੁਝ ਖੱਟਿਐ, ਉਹ ਗਿਆਨ ਤੋਂ ਕਿਤੇ ਵਧ ਕੇ ਹੈ।
ਇਹ ਰੂਹਾਨੀਅਤ ਦੀ ਉਹ ਅਗਨੀ ਹੈ, ਜੋ ਤੁਹਾਡੇ ਅੰਦਰ ਆਪੇ ਹੀ ਵਧਦੀ ਜਾਂਦੀ ਹੈ।
ਤੇ ਤੁਸੀਂ ਹੋ, ਕਿ ਇਸ ਦੇ ਵਧਦੇ ਸਰੂਪ ਤੋਂ ਬੇਖ਼ਬਰ, ਸਿਰਫ਼ ਆਪਣੀ ਉਮਰ ਦੇ ਘੱਟ ਹੁੰਦੇ ਜਾਣ ਦਾ ਹੀ ਸੋਗ ਮਨਾਉਂਦੇ ਹੇ।
ਉਹ ਜ਼ਿੰਦਗੀ, ਜੋ ਸਰੀਰ ਅੰਦਰਲੀ ਜ਼ਿੰਦਗੀ ਦੀ ਭਾਲ 'ਚ ਹੈ, ਉਹ ਕਬਰ ਤੋਂ ਡਰਦੀ ਹੈ।
ਪਰ ਇਥੇ ਕੋਈ ਕਬਰ ਨਹੀਂ ਹੈ।
ਇਹ ਪਹਾੜ, ਇਹ ਖੇਤ ਤਾਂ ਝੂਲੇ ਤੇ ਪੌੜ੍ਹੀਆਂ ਨੇ।