ਲਾਲੀ ਲਾਲ ਨੂੰ
(ਰਾਗ ਮਾਲਾ ਦੇ ਇਕ ਚਿੱਤਰ ਨੂੰ ਵੇਖਕੇ)
ਗਲਵਕੜੀ ਸਾਡੀ ਬਿਧਮਾਤਾ,
ਐਸੀ ਰਚ ਨ ਸਕੀਵ।
ਖੁਲ੍ਹ ਨ ਸਕੇ ਕਦੀ ਰੰਗ-ਰਤੜੀ,
ਪਈ ਹੀ ਰਹੇ ਸਦੀਵ।
ਦੇਖ ਮੁਸੱਵਰ ਨੇ ਗਲਵਕੜੀ,
ਕਿਸ ਬਿਧਿ ਰਚਿ ਦਿਖਲਾਈ।
ਪਈ ਪਈ ਏ ਪਈ ਰਹੇਗੀ,
ਖੁਲ੍ਹ ਨ ਕਦੇ ਸਕੀਵ। ੨੫.
(ਕਸੌਲੀ-੧੪-੮-੧੯੫੬)- ਖ:ਸ: ੨੨-੨-੧੯੭੯
ਜਲ ਥਲ ਕਰ ਦਿਓ
ਹੇ ਅਸਮਾਨ ਤੋਂ ਤਰੁਟ ਤਰੁਟ ਪੈਂਦੇ ਪਾਣੀਓ!
ਹੇ ਧਰਤੀ ਦਿਓ ਚੜ੍ਹੇ ਸੈਲੋ*!
ਹੋ ਨਦੀਆਂ ਨਦਾਂ ਦੇ ਉਮੰਡ ਤੂਫਾਨੋ!
ਨਾ ਡੋਬੋ, ਨਾ ਰੋੜੋ, ਨਾ ਵਹਾ ਲਿਜਾਓ
ਖੇਤੀਆਂ, ਪਿੰਡ, ਮਰਦ, ਪਸ਼ੂ, ਮਹਲ ਮਾੜੀਆਂ ਤੇ ਜ਼ਿਮੀਆਂ,
ਧਾਰੋ ਖਾਂ ਰੂਪ ਮੇਰੇ ਸਾਈਆਂ ਜੀ ਦੀਆਂ ਮਿਹਰਾਂ ਦਾ,
ਕੂਲੇ ਕੂਲੇ ਕਦਮਾਂ ਦੀ ਛੁਹ ਲੈ ਆਓ,
ਰੋੜ੍ਹ ਲਿਜਾਓ ਮੇਰੀਆਂ ਗ਼ਫ਼ਲਤਾਂ,
ਉਕਾਈਆਂ, ਬੇ-ਪਰਵਾਹੀਆਂ,
ਭਰ ਦਿਓ ਮੇਰੇ ਪਿਆਰਾਂ ਵਾਲੇ ਸੁਕਦੇ ਸਰੋਵਰ,
ਜਲ ਥਲ ਕਰ ਦਿਓ ਮੇਰੇ ਬਿਰਹੋਂ ਦੇ ਮਾਰੂ ਥਲੇ। ੨੬.
(ਕਸੌਲੀ-੨੩-੮-੧੯੫੨)
––––––––––––
* ਪਰਬਤੇ।