ਪ੍ਰਸੰਨਤਾ ਦੀ ਭਾਲ ਵਿੱਚ
ਜੀਵਨ ਵਿੱਚ ਜਿਸ ਮਿਕਦਾਰ ਨਾਲ ਸੁਖ ਵਧੇ ਹਨ, ਉਸ ਮਿਕਦਾਰ ਨਾਲ ਖੁਸ਼ੀ ਕਿਉਂ ਨਹੀਂ ਵਧੀ ? ਇਹ ਪ੍ਰਸ਼ਨ ਮੇਰੇ ਮਨ ਵਿੱਚ ਸਰਦਾਰ ਮੱਘਰ ਸਿੰਘ ਜੀ ਪਨੇਸਰ ਨੂੰ ਮਿਲਣ ਨਾਲ ਉਪਜਿਆ। ਇਸ ਲਈ ਮੈਂ ਇਸ ਲੜੀ ਦੇ ਆਰੰਭ ਵਿੱਚ ਉਨ੍ਹਾਂ ਨਾਲ ਹੋਈ ਪਹਿਲੀ ਮਿਲਣੀ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਅਤੇ ਇਸ ਲੜੀ ਵਿੱਚ ਲਿਖੇ ਜਾਣ ਵਾਲੇ ਆਪਣੇ ਸਾਰੇ ਲੇਖ ਉਨ੍ਹਾਂ ਨੂੰ ਸਮਰਪਿਤ ਕਰਦਾ ਹਾਂ।
ਜੇ ਮੈਂ ਭੁੱਲਦਾ ਨਹੀਂ ਤਾਂ 1996 ਵਿੱਚ ਗਰਮੀਆਂ ਦੀ ਗੱਲ ਹੈ, ਸਵੇਰ ਦੀ ਡਾਕ ਵਿੱਚ ਇੱਕ ਪੱਤ੍ਰ ਮਿਲਿਆ, ਵਲੈਤ ਵਿੱਚ ਵੱਸਦੇ ਕਿਸੇ ਵਿਅਕਤੀ ਵੱਲੋਂ ਸੀ। ਲਿਫਾਫੇ ਉੱਤੇ ਲਿਖੇ ਹੋਏ ਸਿਰਨਾਵੇਂ ਤੋਂ ਪਤਾ ਲੱਗਦਾ ਸੀ ਕਿ ਲੇਖਕ ਅੰਗਰੇਜ਼ੀ ਪੜ੍ਹਿਆ ਹੋਇਆ ਨਹੀਂ। ਪੱਤ ਖੋਲ੍ਹਿਆ। ਉਸ ਵਿੱਚ ਇੱਕ ਨਿੱਕਾ ਜਿਹਾ ਰੁੱਕਾ ਸੀ ਅਤੇ ਇੱਕ ਲਿਫ਼ਾਫ਼ਾ ਸੀ, ਜਿਹੜਾ ਟਿਕਟਿਆ ਅਤੇ ਸਰਨਾਵਿਆ ਹੋਇਆ ਸੀ। ਰੱਕਾ ਗੁਰਮੁਖੀ ਅੱਖਰਾਂ ਵਿੱਚ ਸੀ ਅਤੇ ਲਿਖੜ ਕਹਿ ਰਹੀ ਸੀ ਕਿ ਲਿਖਣ ਵਾਲਾ ਪੰਜਾਬੀ ਪੜ੍ਹਿਆ ਹੋਇਆ ਵੀ ਨਹੀਂ। ਉਚੇਚੇ ਜਤਨ ਨਾਲ ਲਿਖੇ ਹੋਏ ਚੌਰਸ ਜਿਹੇ ਪੰਜਾਬੀ ਅੱਖਰਾਂ ਵਿੱਚ ਲਿਖੇ ਹੋਏ ਨੂੰ ਮੈਂ ਉਚੇਚੇ ਜਤਨ ਨਾਲ ਪੜ੍ਹਿਆ: "ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਬਾਰਾਂ ਵਜੇ ਦੁਪਹਿਰ ਤੋਂ ਸਾਢੇ ਬਾਰਾਂ ਵਜੇ ਤਕ, ਅੱਧਾ ਘੰਟਾ ਤੁਹਾਡੇ ਕੋਲ ਰਹਾਂਗਾ। ਦਿਨ ਅਤੇ ਥਾਂ ਤੁਸੀ ਦੱਸੋ"-ਮੱਘਰ ਸਿੰਘ।
ਮੈਂ ਮੋੜਵੀਂ ਡਾਕੇ ਉੱਤਰ ਭੇਜ ਦਿੱਤਾ, "ਅਗਲਾ ਸਾਰਾ ਹਫ਼ਤਾ ਮੈਂ ਬਾਰਾਂ ਤੋਂ ਦੋ ਵਜੇ ਤਕ, ਜਰੂਰ ਹੀ ਘਰ ਵਿੱਚ ਹੋਇਆ ਕਰਾਂਗਾ। ਤੁਸੀਂ ਕਿਸੇ ਦਿਨ ਵੀ ਆ ਸਕਦੇ ਹੋ।" ਅਗਲੇ ਦਿਨ ਸਵੇਰ ਦੀ ਡਾਕ ਵਿੱਚ ਪੱਤ੍ਰ ਉਨ੍ਹਾਂ ਨੂੰ ਮਿਲ ਗਿਆ ਅਤੇ ਓਸੇ ਦਿਨ ਸਾਢੇ ਗਿਆਰਾਂ ਵਜੇ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਆ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹ ਕੇ ਵੇਖਿਆ। ਪਤਲੇ ਸਰੀਰ ਅਤੇ ਦਰਮਿਆਨੇ ਕੱਦ ਦੇ ਇੱਕ ਬਿਰਧ ਵਿਅਕਤੀ ਮੇਰੇ ਸਾਹਮਣੇ ਖਲੋਤੇ ਸਨ। ਪ੍ਰਸ਼ਨ ਦੇ ਲਹਿਜੇ ਵਿੱਚ ਉਨ੍ਹਾਂ ਆਖਿਆ, "ਪੂਰਨ ਸਿੰਘ ਜੀ ?"
"ਹਾਂ ਜੀ, ਮੇਰਾ ਨਾਂ ਪੂਰਨ ਸਿੰਘ ਹੈ।"
"ਮੈਂ ਮੱਘਰ ਸਿੰਘ ਹਾਂ। ਮੈਨੂੰ ਤੁਹਾਡੀ ਚਿੱਠੀ ਸਵੇਰੇ ਮਿਲ ਗਈ ਸੀ। ਬਾਰਾਂ ਵਜੇ ਦਾ ਟਾਇਮ ਸੀ; ਮੈਂ ਅੱਧਾ ਘੰਟਾ ਪਹਿਲਾਂ ਆ ਗਿਆ ਹਾਂ। ਤੁਸੀਂ ਮਾਇੰਡ ਤਾਂ ਨਹੀਂ ਕਰੋਗੇ।" ਉਨ੍ਹਾਂ ਦੇ ਕਹਿਣ ਵਿੱਚ ਖਿਮਾ ਯਾਚਨਾ ਸੀ।
"ਆਓ, ਆਓ; ਇਸ ਵਿੱਚ ਮਾਇੰਡ ਕਰਨ ਵਾਲੀ ਕਿਹੜੀ ਗੱਲ ਹੈ ?"
ਉਹ ਅੰਦਰ ਆ ਕੇ ਬੈਠ ਗਏ ਅਤੇ ਬੈਠ ਕੇ ਪਹਿਲਾ ਵਾਕ ਉਨ੍ਹਾਂ ਨੇ ਇਹ ਬੋਲਿਆ, "ਮੈਂ ਚਾਹ ਪੀਆਂਗਾ ਪਰ ਅਜੇ ਨਹੀਂ; ਜਦੋਂ ਪੀਣੀ ਹੋਈ ਮੈਂ ਆਪੇ ਦੱਸ ਦਿਆਂਗਾ।"
ਅੰਗਰੇਜ਼ੀ ਅਤੇ ਪੰਜਾਬੀ ਦੀ ਲਿਖਾਈ ਤੋਂ ਬਿਲਕੁਲ ਅਨਪੜ੍ਹ ਲੱਗਣ ਵਾਲੇ ਮੱਘਰ ਸਿੰਘ ਜੀ ਦੀ ਬੋਲ-ਚਾਲ ਅਤੇ ਵਰਤੋਂ ਵਿਹਾਰ ਵਿੱਚ ਲੋੜੀਂਦਾ ਠਰੁੰਮਾ, ਸ੍ਵੈ-ਭਰੋਸਾ ਅਤੇ