

ਮਨੁੱਖੀ ਮਨ ਦੇ ਅਲੌਕਿਕ ਅਨੁਭਵ ਅਤੇ ਅਨੁਭਵ ਦੀ ਭਾਸ਼ਾਈ ਵਿਆਖਿਆ ਸੰਬੰਧੀ ਅਸੀਂ ਕੁਝ ਨਹੀਂ ਕਰ ਸਕਦੇ। ਵਾਇਰਸ ਨੂੰ ਖ਼ਤਮ ਕਰਨ ਦੀ ਥਾਂ ਐਂਟੀ ਬਾਇਟਿਕਸ ਦੀ ਸਹਾਇਤਾ ਨਾਲ ਉਸ ਦੇ ਬੁਰੇ ਅਸਰ ਤੋਂ ਬਚਣ ਦਾ ਜਤਨ ਕਰਨ ਵਿੱਚ ਹੀ ਸਿਆਣਪ ਹੈ। ਜੇ ਅਸੀਂ ਇਹ ਮੰਨਦੇ ਹਾਂ ਕਿ ਸਾਡੀ ਪ੍ਰਸੰਨਤਾ ਰੱਬੀ ਦਾਤ ਨਹੀਂ ਸਗੋਂ ਸਾਡੇ ਆਪਣੇ ਵਿਵਹਾਰ ਦੀ ਸੁੰਦਰਤਾ ਦਾ ਸੁਭਾਵਕ ਸਿੱਟਾ ਹੈ ਤਾਂ ਸਾਨੂੰ ਸਵੇਰੇ ਸਵੇਰੇ, ਘਰੋਂ ਜਾਣ ਲੱਗਿਆ ਦੋ ਕੁ ਮਿੰਟ ਇਕਾਂਤ ਵਿੱਚ ਬੈਠ ਕੇ ਆਪਣੇ ਆਪ ਨੂੰ ਇਹ ਚੇਤਾ ਕਰਾਉਣਾ ਚਾਹੀਦਾ ਹੈ ਕਿ ਸਾਡੇ ਸੰਪਰਕ ਵਿੱਚ ਆਉਣ ਵਾਲੇ ਇਸਤ੍ਰੀ-ਪੁਰਸ਼ ਸਾਡੇ ਵਰਗੇ ਹੀ ਹਨ ਅਤੇ ਅਸਾਂ ਲੱਗਦੀ ਵਾਹੇ ਉਨ੍ਹਾਂ ਨਾਲ ਉਹੋ ਜਿਹਾ ਸਲੂਕ ਕਰਨਾ ਹੈ ਜਿਹੋ ਜਿਹਾ ਸਲੂਕ ਅਸੀਂ ਆਪਣੇ ਨਾਲ ਕੀਤਾ ਜਾਣਾ ਪਸੰਦ ਕਰਦੇ ਹਾਂ। ਰਾਤ ਨੂੰ ਸੋਣ ਤੋਂ ਪਹਿਲਾਂ ਦੋ ਕੁ ਮਿੰਟ ਲਈ ਆਪਣੇ ਦਿਨ ਭਰ ਦੇ ਵਿਵਹਾਰ ਨੂੰ ਆਪਣੇ ਮਨ ਦੀਆਂ ਅੱਖਾਂ ਸਾਹਮਣੇ ਸਾਕਾਰ ਕਰ ਕੇ ਇਹ ਵੇਖਣ ਦਾ ਜਤਨ ਕਰਨਾ ਚਾਹੀਦਾ ਹੈ ਕਿ ਕੀ ਅਸਾਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨਾਲ ਉਚਿਤ ਵਤੀਰਾ ਅਪਣਾਇਆ। ਜੇ ਨਹੀਂ ਅਪਣਾਇਆ ਤਾਂ ਇਸ ਵਿੱਚ, ਉਨ੍ਹਾਂ ਨੇ ਨਹੀਂ, ਅਸਾਂ ਕਿੱਥੇ ਕਿੱਥੇ ਉਕਾਈ ਕੀਤੀ ਹੈ।
ਜਿਹੜਾ ਵਿਅਕਤੀ ਇਸ ਪ੍ਰਾਰਥਨਾ ਲਈ ਇੱਕ ਦਿਨ ਵਿੱਚ ਚਾਰ ਮਿੰਟ ਖਰਚ ਨਹੀਂ ਕਰ ਸਕਦਾ ਉਹ ਭਜਨ, ਬੰਦਗੀ, ਧਿਆਨ, ਧਾਰਣਾ, ਸਮਾਧੀ ਰਾਹੀਂ ਮੁਕਤੀ ਬੇਸ਼ਕ ਪ੍ਰਾਪਤ ਕਰ ਲਵੋ ਪਰੰਤੂ ਇਸ ਦੁਨੀਆ ਦੀ ਸੁੰਦਰਤਾ ਅਤੇ ਮਨੁੱਖੀ ਜੀਵਨ ਦੀ ਪ੍ਰਸੰਨਤਾ ਵਿੱਚ ਕੋਈ ਵਾਧਾ ਨਹੀਂ ਕਰ ਸਕਦਾ।