ਇਸ ਸਾਲ ਦੇ ਆਰੰਭ ਵਿੱਚ ਉਹ ਕੁਝ ਬੀਮਾਰ ਹੋ ਗਏ। ਜਦੋਂ ਚਾਰ ਪੰਜ ਮਹੀਨੇ ਬਾਅਦ ਮੈਨੂੰ ਮਿਲੇ ਤਾਂ ਇਉਂ ਲੱਗਾ ਜਿਵੇਂ ਉਹ ਪਹਿਲਾਂ ਨਾਲੋਂ ਕੁਝ ਕਮਜ਼ੋਰ ਅਤੇ ਲਿੱਸੇ ਹੋ ਗਏ ਹਨ;
ਉਂਞ ਉਮਰੋਂ ਵੀ ਮੇਰੇ ਨਾਲੋਂ ਪੰਜ ਛੇ ਸਾਲ ਵੱਡੇ ਹਨ। ਉਨ੍ਹਾਂ ਦੀ ਕਮਜ਼ੋਰੀ ਅਤੇ ਉਮਰ ਦਾ ਖ਼ਿਆਲ ਕਰਦਿਆਂ ਹੋਇਆਂ ਮੈਂ ਉਨ੍ਹਾਂ ਨੂੰ ਆਖਿਆ, "
ਹਮੇਸ਼ਾ ਤੁਸੀਂ ਹੀ ਮੈਨੂੰ ਮਿਲਣ ਆਉਂਦੇ ਹੋ,
ਜਿਉ ਸਦਕੇ,
ਜੰਮ ਜੰਮ ਆਓ;
ਪਰ ਤੁਹਾਡੀ ਬੀਮਾਰੀ ਨੇ ਤੁਹਾਨੂੰ ਕਮਜ਼ੋਰ ਕਰ ਦਿੱਤਾ ਹੈ। ਤੁਹਾਨੂੰ ਗੱਡੀਆਂ ਬੱਸਾਂ ਵਿੱਚ ਬੈਠ ਕੇ ਆਉਣਾ ਪੈਂਦਾ ਹੈ। ਮੈਂ ਕਾਰ ਚਲਾ ਸਕਦਾ ਹਾਂ। ਕੀ ਇਹ ਚੰਗਾ ਨਹੀਂ ਕਿ ਅੱਗੇ ਤੋਂ ਮੈਂ ਤੁਹਾਨੂੰ ਮਿਲਣ ਆ ਜਾਇਆ ਕਰਾਂ ?
ਉਹ ਕੁਝ ਉਦਾਸ ਹੋ ਕੇ ਬੋਲੇ, "ਨਹੀਂ ਪੂਰਨ ਸਿੰਘ ਜੀ, ਮੇਰਾ ਆਉਣਾ ਹੀ ਠੀਕ ਹੈ; ਤੁਹਾਡਾ ਉਥੇ ਆਉਣਾ ਠੀਕ ਨਹੀਂ, ਕਿਉਂਕਿ ਇਹ ਘਰ ਤੁਹਾਡਾ ਹੈ; ਉਹ ਘਰ ਮੇਰਾ ਨਹੀਂ।"
ਮੈਂ ਮੱਘਰ ਸਿੰਘ ਜੀ ਨੂੰ ਬਹੁਤ ਪ੍ਰਸੰਨ ਆਦਮੀ ਸਮਝਦਾ ਹਾਂ ਅਤੇ ਸੋਚਦਾ ਹਾਂ ਕਿ ਏਨੀ ਵੱਡੀ ਪ੍ਰਸੰਨਤਾ ਪਿੱਛੇ ਵੀ ਜੇ ਕੋਈ ਉਦਾਸੀ ਲੁਕ ਕੇ ਬੈਠ ਸਕਦੀ ਹੈ ਤਾਂ ਉਨ੍ਹਾਂ ਮਨਾਂ ਦਾ ਕੀ ਹੋਵੇਗਾ, ਜਿਨ੍ਹਾਂ ਨੂੰ ਗਿਲਿਆਂ ਤੋਂ ਵਿਹਲ ਹੀ ਨਹੀਂ ਮਿਲਦੀ। ਮੱਘਰ ਸਿੰਘ ਜੀ ਦੀ ਨਿੱਕੀ ਜਿਹੀ ਉਦਾਸੀ ਨੇ ਮੈਨੂੰ ਪ੍ਰਸੰਨਤਾ ਦਾ ਭੇੜ ਲੱਭਣ ਲਈ ਪ੍ਰੇਰਿਆ ਹੈ। ਮੈਂ ਪ੍ਰਸੰਨਤਾ ਦੀ ਭਾਲ ਵਿੱਚ ਨਿਕਲਿਆ ਹਾਂ। ਇਸ ਭਾਲ ਦੇ ਪ੍ਰੇਰਕ ਨੂੰ ਮੇਰੀ ਨਮਸਕਾਰ ਹੈ।