(2) ਜੀਭ ਦੀ ਉਚਾਈ- ਜੀਭ ਦੀ ਉਚਾਈ ਤੋਂ ਭਾਵ ਹੈ ਕਿ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਆਪਣੀ ਸਧਾਰਨ ਅਵਸਥਾ ਤੋਂ ਉੱਪਰ ਵੱਲ ਕਿੰਨੀ ਕੁ ਉਠਦੀ ਹੈ। ਜਦੋਂ ਜੀਭ ਉਪਰਲੇ ਜਬਾੜੇ ਦੇ ਬਿਲਕੁਲ ਨਜ਼ਦੀਕ ਚਲੀ ਜਾਂਦੀ ਹੈ ਤਾਂ ਉਚਾਰੇ ਗਏ ਸ੍ਵਰ ਉੱਚੇ ਸ੍ਵਰ ਹੁੰਦੇ ਹਨ ਅਤੇ ਜਦੋਂ ਸ੍ਵਰਾਂ ਦੇ ਉਚਾਰਨ ਵੇਲੇ ਜੀਭ ਆਪਣੀ ਸਧਾਰਨ ਅਵਸਥਾ ਵਿਚ ਹੀ ਰਹਿੰਦੀ ਹੈ ਤਾਂ ਉਚਾਰੇ ਗਏ ਸ੍ਵਰ ਨੀਵੇਂ ਸ੍ਵਰ ਹੁੰਦੇ ਹਨ। ਉੱਚੇ ਅਤੇ ਨੀਵੇਂ ਸ੍ਵਰ ਦੇ ਦਰਮਿਆਨ ਉਚਾਰ ਹੋਏ ਸ੍ਵਰਾਂ ਨੂੰ ਅਰਧ-ਉੱਚੇ ਅਤੇ ਅਰਧ ਨੀਵੇਂ ਸ੍ਵਰਾਂ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਈ ਅਤੇ ਊ ਉੱਚੇ ਸ੍ਵਰ ਹਨ, ਇ, ਉ ਅਰਧ ਉੱਚੇ ਏ, ਅ, ਓ ਅਰਧ ਨੀਵੇਂ ਅਤੇ ਐ, ਆ, ਔ, ਨੀਵੇਂ ਸ੍ਵਰ ਹਨ।
(3) ਬੁੱਲਾਂ ਦੀ ਸਥਿਤੀ- ਸ੍ਵਰਾਂ ਦੇ ਉਚਾਰਨ ਸਮੇਂ ਬੁੱਲਾਂ ਦੀ ਸਥਿਤੀ ਵੀ ਅਹਿਮ ਰੋਲ ਅਦਾ ਕਰਦੀ ਹੈ। ਕਈ ਸ੍ਵਰਾਂ ਦੇ ਉਚਾਰਨ ਸਮੇਂ ਬੁੱਲ ਗੁਲਾਈਦਾਰ ਸ਼ਕਲ ਅਖਤਿਆਰ ਕਰ ਜਾਂਦੇ ਹਨ। ਇਨ੍ਹਾਂ ਸ੍ਵਰਾਂ ਨੂੰ ਗੁਲਾਈਦਾਰ ਸ੍ਵਰ ਕਿਹਾ ਜਾਂਦਾ ਹੈ ਤੇ ਬਾਕੀ ਦੇ ਸ੍ਵਰ ਗੁਲਾਈ ਰਹਿਤ ਹਨ। ਪੰਜਾਬੀ ਭਾਸ਼ਾ ਵਿਚ ਉ, ਊ, ਓ, ਔ, ਗੁਲਾਈਦਾਰ ਸ੍ਵਰ ਹਨ ਅਤੇ ਈ, ਏ, ਐ, ਇ, ਅ, ਆ ਗੁਲਾਈ ਰਹਿਤ ਹਨ।
ਸੋ ਸ੍ਵਰਾਂ ਦੀ ਤਿੰਨ ਧਰਾਤਲੀ ਵੰਡ ਨੂੰ ਨਿਮਨਲਿਖਤ ਅਨੁਸਾਰ ਵੀ ਸਪੱਸ਼ਟ ਕੀਤਾ ਜਾ ਸਕਦਾ ਹੈ-
ਪ੍ਰਸ਼ਨ- ਲਘੂ ਸ੍ਵਰ ਕੀ ਹੁੰਦੇ ਹਨ ? ਪੰਜਾਬੀ ਦੇ ਲਘੂ ਸ੍ਵਰ ਕਿਹੜੇ-ਕਿਹੜੇ ਹਨ ?
ਉੱਤਰ- ਲਘੂ ਸ੍ਵਰ ਉਹ ਸ੍ਵਰ ਹੁੰਦੇ ਹਨ ਜਿਨ੍ਹਾਂ ਦਾ ਉਚਾਰਨ ਵਕਫਾ ਮੁਕਾਬਲਤਨ ਘੱਟ ਹੁੰਦੇ ਹਨ। ਇਨ੍ਹਾਂ ਦਾ ਉਚਾਰਨ ਵਕਫਾ ਦੀਰਘ ਸ੍ਵਰਾਂ ਤੋਂ ਤਕਰੀਬਨ ਅੱਧਾ ਹੁੰਦਾ ਹੈ। ਪੰਜਾਬੀ ਭਾਸ਼ਾ ਵਿਚ ਇ, ਅ, ਉ ਲਘੂ ਸ੍ਵਰ ਹਨ।
ਪ੍ਰਸ਼ਨ- ਦੋਹਰੇ ਸ੍ਵਰ ਕੀ ਹੁੰਦਾ ਹੈ ?
ਉੱਤਰ- ਪੰਜਾਬੀ ਉਚਾਰਨ ਵਿਚ ਆਮ ਤੌਰ ਤੇ ਇਕ ਉਚਾਰਖੰਡ ਵਿਚ ਸਿਰਫ ਇਕ ਸ੍ਵਰ ਹੀ ਉਚਾਰਿਆ ਜਾਂਦਾ ਹੈ। ਅਰਥਾਤ ਸ਼ਬਦ ਵਿਚ ਜਿੰਨੇ ਉਚਾਰ ਖੰਡ ਹੋਣਗੇ, ਉਨੇ ਹੀ ਸ੍ਵਰ ਉਚਾਰੇ ਜਾਣਗੇ । ਪ੍ਰੰਤੂ ਕਈ ਵਾਰ ਇਕ ਉਚਾਰ ਖੰਡ ਦੀ ਸਿਖਰ ਤੇ ਇਕ ਤੋਂ ਵੱਧ ਉਚਾਰ ਖੰਡ ਉਚਾਰੇ ਜਾਂਦੇ ਹਨ ਇਨ੍ਹਾਂ ਨੂੰ ਦੋਹਰੇ ਸ੍ਵਰ ਕਿਹਾ ਜਾਂਦਾ ਹੈ । ਦੋ ਸ੍ਵਰਾਂ ਦਾ ਅਜਿਹਾ ਸਹਿ ਵਿਚਰਨ ਜੋ ਸਿਰਫ ਇਕ ਉਚਾਰ ਖੰਡ ਦੀ ਸਿਖਰ ਤੇ ਹੀ ਉਚਾਰਿਆ ਜਾਵੇ, ਉਸਨੂੰ ਦੋਹਰੇ ਸ੍ਵਰ ਕਿਹਾ ਜਾਂਦਾ ਹੈ-