

ਅਰਥ ਪਲਟਾ- ਅਰਥ ਪਲਟਾ ਤੋਂ ਭਾਵ ਹੈ ਅਰਥ ਦਾ ਬਿਲਕੁਲ ਬਦਲ ਜਾਣਾ। ਦੂਜੇ ਸ਼ਬਦਾਂ ਵਿਚ ਕਿਸੇ ਅਰਥ ਦੇ ਵਿਰੋਧੀ ਦਿਸ਼ਾ ਵਿਚ ਪਰਿਵਰਤਨ ਨੂੰ ਅਰਥ ਪਲਟਾ ਆਖਦੇ ਹਨ। ਮਿਸਾਲ ਵਜੋਂ 'ਹਰੀਜਨ' ਦਾ ਭਾਵ ਹੈ ਹਰਿ ਅਰਥਾਤ ਭਗਵਾਨ ਦਾ ਜਾਇਆ ਹੋਇਆ। ਪਰ ਹੁਣ ਇਹ ਅਰਥ ਇਕ ਜਾਤੀ ਲਈ ਵਰਤਿਆ ਜਾਂਦਾ ਹੈ । ਇਸੇ ਤਰ੍ਹਾਂ 'ਮੁਗਧ' ਤੋਂ ਭਾਵ ਹੁੰਦਾ ਸੀ 'ਮੂਰਖ' ਪਰ ਹੁਣ ਇਹ 'ਮਸਤ' ਦੇ ਅਰਥਾਂ ਦਾ ਧਾਰਨੀ ਹੈ।
ਪ੍ਰਸ਼ਨ- ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ ਬਾਰੇ ਜਾਣਕਾਰੀ ਭਰਪੂਰ ਨੋਟ ਲਿਖੋ।
ਉੱਤਰ- ਸੰਸਾਰ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਗਿਣਤੀ ਬੇਸ਼ੁਮਾਰ ਹੈ। ਇਸ ਦੇ ਬਾਵਜੂਦ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਸੰਬੰਧ ਕੁਝ ਕੁ ਗਿਣਤੀ ਦੇ ਭਾਸ਼ਾ-ਪਰਿਵਾਰਾਂ ਨਾਲ ਹੀ ਹੈ। ਜਿਥੋਂ ਤੱਕ ਪੰਜਾਬੀ ਦਾ ਸਬੰਧ ਹੈ ਇਸ ਦਾ ਸੋਮਾ ਭਾਰੋਪੀ (Indo-Eurpean) ਭਾਸ਼ਾ ਪਰਿਵਾਰ ਦੀ ਸ਼ਾਖ ਭਾਰਤ-ਇਰਾਨੀ ਦੀ ਅੱਗੋਂ ਸ਼ਾਖ 'ਭਾਰਤ ਆਰੀਆ ਭਾਸ਼ਾ ਪਰਿਵਾਰ' ਹੈ। ਇੰਜ ਪੰਜਾਬੀ ਭਾਸ਼ਾ ਦੇ ਨਿਕਾਸ ਕ੍ਰਮ ਨੂੰ ਸਮਝਣ ਲਈ ਭਾਰਤ-ਆਰੀਆ (Indo- Aryan) ਭਾਸ਼ਾ ਪਰਿਵਾਰ ਦੇ ਵਿਕਾਸ ਨੂੰ ਵਿਚਾਰਨਾ ਬਣਦਾ ਹੈ। ਭਾਰਤ-ਆਰੀਆ ਭਾਸ਼ਾ ਪਰਿਵਾਰ ਦੇ ਵਿਕਾਸ ਨੂੰ ਹੇਠ ਲਿਖੇ ਅਨੁਸਾਰ ਤਿੰਨਾਂ ਪੜਾਵਾਂ ਵਿਚ ਵੰਡਿਆ ਜਾਂਦਾ ਹੈ-
1. ਪ੍ਰਾਚੀਨ ਕਾਲ 2000 ਪੂਰਵ ਈਸਵੀ ਤੋਂ ਲੈ ਕੇ 500 ਪੂਰਵ ਈਸਵੀ ਤੱਕ
2. ਮੱਧ ਕਾਲ 500 ਈਸਵੀ ਪੂਰਵ ਤੋਂ ਲੈ ਕੇ 1000 ਈਸਵੀ ਤੱਕ
3. ਆਧੁਨਿਕ ਕਾਲ 1000 ਈਸਵੀ ਤੋਂ ਲੈ ਕੇ ਹੁਣ ਤੱਕ
ਪ੍ਰਾਚੀਨ ਕਾਲ- ਪ੍ਰਾਚੀਨ ਕਾਲ (2000 BC ਤੋਂ 500 BC) ਦੇ ਸਮੇਂ ਭਾਰਤ-ਆਰੀਆ ਭਾਸ਼ਾ ਪਰਿਵਾਰ ਦੀ ਮੁੱਢਲੀ ਭਾਸ਼ਾ ਵੈਦਿਕ ਭਾਸ਼ਾ ਸੀ। ਇਹ ਉਹ ਭਾਸ਼ਾ ਹੈ ਜਿਸ ਵਿਚ ਵੇਦਾਂ ਦੀ ਰਚਨਾ ਕੀਤੀ ਗਈ। ਵੇਦ ਧਾਰਮਕ ਸ਼ਰਧਾ ਦਾ ਪਾਤਰ ਬਣ ਗਏ ਤਾਂ ਇਹਨਾਂ ਦੀ ਭਾਸ਼ਾ ਵਿਚ ਕਿਸੇ ਕਿਸਮ ਦਾ ਪਰਿਵਰਤਨ ਕੀਤੇ ਜਾਣ ਨੂੰ ਪਾਪ ਸਮਝਿਆ ਜਾਣ ਲੱਗਾ। ਕਈ ਵਿਆਕਰਣਕਾਰਾਂ ਨੇ ਵੈਦਿਕ ਭਾਸ਼ਾ ਦੇ ਵਿਆਕਰਣਕ ਨਿਯਮ ਸਥਾਪਤ ਕੀਤੇ। ਪਰ ਲੋਕ ਮੂੰਹਾਂ ਉੱਤੇ ਵੈਦਿਕ ਭਾਸ਼ਾ ਦੇ ਬਦਲਿਆ ਰੂਪ ਪ੍ਰਚਲਤ ਹੋ ਗਿਆ ਜਿਸ ਨੂੰ ਸੰਸਕ੍ਰਿਤ ਆਖਿਆ ਗਿਆ। ਸਮੇਂ ਦੇ ਗੇੜ ਨਾਲ ਸੰਸਕ੍ਰਿਤ ਵਿਚ ਵੀ ਧਾਰਮਕ ਗ੍ਰੰਥਾਂ ਦੀ ਰਚਨਾ ਹੋਈ ਅਤੇ ਇਹ ਗ੍ਰੰਥ ਵੀ ਲੋਕ-ਸ਼ਰਧਾ ਦਾ ਪਾਤਰ ਬਣ ਗਏ ਜਿਸ ਦੇ ਨਤੀਜੇ ਵਜੋਂ ਸੰਸਕ੍ਰਿਤ ਦਾ ਰੂਪ ਵੀ ਬਦਲਣ ਲਗਾ ਸੀ।
ਕਈ ਵਿਦਵਾਨ ਵੈਦਿਕ ਅਤੇ ਸੰਸਕ੍ਰਿਤ ਦੇਹਾਂ ਨੂੰ ਹੀ ਸੰਸਕ੍ਰਿਤ ਸ਼ਬਦ ਨਾਲ ਜੋੜਦੇ ਹਨ। ਉਹ ਵੈਦਿਕ ਭਾਸ਼ਾ ਨੂੰ ਵੈਦਿਕ ਸੰਸਕ੍ਰਿਤ ਅਤੇ ਸੰਸਕ੍ਰਿਤ ਨੂੰ ਕਲਾਸੀਕਲ ਸੰਸਕ੍ਰਿਤ ਆਖਦੇ ਹਨ। ਇਹਨਾਂ ਦੋਹਾਂ ਭਾਸ਼ਾਵਾਂ ਵਿਚ ਧੁਨੀ ਪੱਧਰ ਤੇ ਰੂਪ ਪੱਧਰ ਉੱਤੇ ਕੁਝ ਅੰਤਰ ਵੀ ਮਿਲਦੇ ਹਨ ਅਤੇ ਕੁਝ ਸਾਂਝਾਂ ਵੀ। ਇਹਨਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ।
(i) ਵੈਦਿਕ ਅਤੇ ਸੰਸਕ੍ਰਿਤ ਦੋਵੇਂ ਹੀ ਸ਼ਲਿਸ਼ਟ ਯੋਗਾਤਮਕ ਭਾਸ਼ਾਵਾਂ ਸਨ।
(ii) ਇਹਨਾਂ ਦੋਹਾਂ ਵਿਚ ਤਿੰਨ ਲਿੰਗ ਅਤੇ ਤਿੰਨ ਵਚਨ ਸਨ।
(iii) ਦੋਹਾਂ ਵਿਚ ਸਹਾਇਕ ਕਿਰਿਆ ਦੀ ਵਰਤੋਂ ਨਹੀਂ ਮਿਲਦੀ।
(iv) ਵੈਦਿਕ ਭਾਸ਼ਾ ਸੁਰ ਪ੍ਰਧਾਨ ਸੀ ਪਰ ਸੰਸਕ੍ਰਿਤ ਬਲ ਪ੍ਰਧਾਨ ਹੋ ਗਈ।
(v) ਧੁਨੀ (ਲ਼) ਵੈਦਿਕ ਵਿਚ ਮਿਲਦੀ ਹੈ ਪਰ ਸੰਸਕ੍ਰਿਤ ਵਿਚ ਨਹੀਂ।
ਮੱਧ ਕਾਲ- ਜਿਵੇਂ ਉੱਪਰ ਕਿਹਾ ਗਿਆ ਹੈ ਸੰਸਕ੍ਰਿਤ ਭਾਸ਼ਾ ਦਾ ਰੂਪ ਤਬਦੀਲ ਹੁੰਦਾ ਗਿਆ ਅਤੇ ਸਮੇਂ ਦੇ ਗੇੜ ਨਾਲ ਇਸ ਦੇ ਬਦਲੇ ਹੋਏ ਭਾਸ਼ਾਈ ਰੂਪਾਂ ਨੂੰ ਪ੍ਰਾਕਿਰਤਾਂ ਕਿਹਾ ਗਿਆ। ਵੱਖ-ਵੱਖ ਇਲਾਕਿਆਂ ਦੇ ਨਾਮ ਉੱਤੇ ਇਹਨਾਂ ਪ੍ਰਾਕਿਰਤਾਂ ਦਾ ਨਾਮਕਰਣ ਹੋਇਆ ਜਿਵੇਂ ਪਾਲੀ, ਮਹਾਂਰਾਸ਼ਟਰੀ, ਸੌਰਸੈਨੀ, ਮਾਗਧੀ, ਅਰਧਮਾਗਧੀ, ਪੈਸ਼ਾਚੀ, ਕੈਕਈ ਆਦਿ।