ਭੂਮਿਕਾ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਏ ਗਏ ਇਕ ਰੋਜ਼ਾ ਕੌਮੀ ਸੈਮੀਨਾਰ ਤੇ ਮੈਂ ਸਾਰੇ ਸਟਾਫ਼ ਨੂੰ ਵਧਾਈ ਦਿੰਦਾ ਹਾਂ। ਇਹ ਕਾਲਜ ਦੁਆਬਾ ਇਲਾਕੇ ਦੇ ਪੇਂਡੂ ਖੇਤਰ ਵਿਚ ਸਥਿਤ ਹੈ ਅਤੇ ਯੂ.ਜੀ.ਸੀ. ਵਲੋਂ ਕੌਮੀ ਸੈਮੀਨਾਰ ਨੂੰ ਕਰਵਾਉਣ ਦੀ ਆਗਿਆ ਦੇਣਾ ਕਾਲਜ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਸੈਮੀਨਾਰ ਵਿਚ ਵੱਖ-ਵੱਖ ਕਾਲਜਾਂ ਦੇ 17 ਦੇ ਕਰੀਬ ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਭਾਗ ਲਿਆ ਅਤੇ 'ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਵਰਤਮਾਨ ਸਥਿਤੀ' ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕੁਝ ਸਿੱਟੇ ਤੇ ਸਥਾਪਨਾਵਾਂ ਪੇਸ਼ ਕੀਤੀਆਂ।
ਭਾਸ਼ਾ ਇਕ ਸਰਵ-ਵਿਆਪਕ ਸਮਾਜਕ ਵਰਤਾਰਾ ਹੈ। ਵਿਸ਼ਾਲ ਦਾਇਰੇ ਅਤੇ ਵੱਖੋ-ਵੱਖਰੇ ਸਮਾਜ-ਸਭਿਆਚਾਰਾਂ ਦੁਆਰਾ ਸਿਰਜਿਤ ਹੋਣ ਕਾਰਨ ਭਾਸ਼ਾ ਦੇ ਅਨੇਕ ਰੂਪ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਭਾਸ਼ਾਵਾਂ ਦੀ ਸੰਘਿਆ ਦਿੱਤੀ ਜਾਂਦੀ ਹੈ। ਅੱਗੋਂ ਹਰ ਭਾਸ਼ਾ ਵਿਚ ਇਲਾਕਾਈ ਪੱਧਰ 'ਤੇ ਕੁਝ ਨਿਵੇਕਲੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਸੰਬੰਧਤ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ। ਇਸ ਪ੍ਰਕਾਰ ਉਪਭਾਸ਼ਾਵਾਂ ਭਾਸ਼ਾ ਦਾ ਇਲਾਕਾਈ ਰੂਪ ਹੁੰਦੀਆਂ ਹਨ।
ਪੰਜਾਬੀ ਭਾਸ਼ਾ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ ਅਤੇ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵੀ ਬੋਲੀ ਜਾਂਦੀ ਹੈ। ਵਿਸ਼ਾਲ ਦਾਇਰੇ ਵਿਚ ਬੋਲੀ ਜਾਣ ਕਾਰਨ ਇਲਾਕਾਈ ਪੱਧਰ 'ਤੇ ਇਸ ਦੇ ਅੱਗੋਂ ਅਨੇਕ ਰੂਪ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਪ੍ਰਮੁੱਖ ਖਿੱਤੇ ਪੂਰਬੀ ਪੰਜਾਬ ਵਿਚ ਵੀ ਅਜਿਹੀਆਂ ਚਾਰ ਉਪਭਾਸ਼ਾਵਾਂ ਗਿਣੀਆਂ ਜਾਂਦੀਆਂ ਹਨ:- (ੳ) ਮਾਝੀ ਉਪਭਾਸ਼ਾ, (ਅ) ਮਲਵਈ ਉਪਭਾਸ਼ਾ), (ੲ) ਦੁਆਬੀ ਉਪਭਾਸ਼ਾ, (ਸ) ਪੁਆਧੀ ਉਪਭਾਸ਼ਾ
ਇਨ੍ਹਾਂ ਉਪਭਾਸ਼ਾਵਾਂ ਦੇ ਹੋਂਦ ਗ੍ਰਹਿਣ ਕਰਨ ਦਾ ਪ੍ਰਮੁੱਖ ਕਾਰਨ ਬਾਕੀ ਪੰਜਾਬੀ ਉਪਭਾਸ਼ਾਵਾਂ ਅਤੇ ਹੋਰਨਾਂ ਭਾਸ਼ਾਵਾਂ ਦੀਆਂ ਉਪਭਾਸ਼ਾਵਾਂ ਵਾਂਗ ਇਨ੍ਹਾਂ ਦੇ ਬੁਲਾਰਿਆਂ ਵਿਚਕਾਰ ਆਪਸੀ ਸੰਪਰਕ ਦੀ ਘਾਟ ਹੀ ਰਿਹਾ ਹੈ। ਸੰਪਰਕ ਦੀ ਘਾਟ ਦਾ ਕਾਰਨ ਆਵਾਜਾਈ ਤੇ ਸੰਚਾਰ ਸਾਧਨਾਂ ਦੀ ਘਾਟ ਅਤੇ ਕੁਦਰਤੀ ਹੱਦਬੰਦੀਆਂ ਆਦਿ ਰਿਹਾ