

ਘੁਸਮੁਸੇ ਦੀ ਚੁੰਭਲੀ ਹੋਈ ਅੱਖ ਹਾਂ
ਇਤਿਹਾਸ ਦੇ ਤਾਲਾ ਲਗੇ ਹੋਏ ਬੂਹੇ ਤੇ ਬੈਠਾ ਪ੍ਰਾਹੁਣਾ ਹਾਂ...
ਕਵਿਤਾ ਨਹੀਂ, ਮੇਰੀ ਆਵਾਜ਼ ਕੇਵਲ ਗੰਦ ਤੇ ਵਰ੍ਹਦਾ ਮੀਂਹ ਹੈ
ਤੁਹਾਡੇ ਲਈ ਅਸੀਸ ਨਾ ਨਸੀਹਤ
ਮੇਰੇ ਸ਼ਬਦ ਧੁਲਾਈ ਕਰਦੇ ਹੋਏ ਵੀ ਬਦਬੂ ਖਿੰਡਾ ਰਹੇ ਹਨ...
(ਸਾਡੇ ਸਮਿਆਂ ਵਿਚ, ਪੰਨੇ 3,4)
ਸੰਕਟ-ਮੂੰਹ ਆਏ ਭਾਈਚਾਰੇ ਵਿਚ ਸਮੂਹਿਕ ਕਰਮ ਤੋਂ ਟੁੱਟ ਕੇ ਮਨੁੱਖ ਨਾਇਕ ਨਹੀਂ ਰਹਿੰਦਾ ਅਤੇ ਕਵੀ, ਪੈਗੰਬਰ। ਆਪਣੀ ਕਿਰਤ/ਸਿਰਜਣਾ ਨਾਲੋਂ ਟੁੱਟਿਆ ਮਨੁੱਖ ਆਪਣਾ ਮਾਨਵੀ-ਗੌਰਵ (human essence) ਹੀ ਨਹੀਂ ਆਪਣਾ ਭਾਈਚਾਰਕ-ਗੌਰਵ (social essence) ਵੀ ਗੁਆ ਲੈਂਦਾ ਹੈ। ਉਸਦੀ ਹਸਤੀ 'ਇੱਲ ਦੇ ਪੰਜਿਆਂ 'ਚ ਆਜ਼ਾਦ ਚੂਹੇ ਵਰਗੀ ਹੁੰਦੀ ਹੈ। ਉਹ ਇਤਿਹਾਸ ਦਾ ਸਿਰਜਕ ਨਹੀਂ ਰਹਿੰਦਾ, ਸਗੋਂ ਕਰਤਾਰੀ ਸੰਭਾਵਨਾਵਾਂ ਹੰਢਾ ਚੁੱਕੀ ਜ਼ਿੰਦਗੀ ਦਾ ਮੂਕ ਦਰਸ਼ਕ ਹੁੰਦਾ ਹੈ। ਉਹ ਜ਼ਿੰਦਗੀ ਦੇ ਅਨੰਤ ਸੱਚ ਨੂੰ ਪ੍ਰਕਾਸ਼ਮਾਨ ਕਰਨ ਵਾਲਾ ਸ਼ਿਵ ਦਾ ਤੀਸਰਾ ਨੇਤਰ ਨਹੀਂ, ਸਗੋਂ ਨੇਰੇ ਦੀ ਚੁੰਭਲੀ ਹੋਈ ਅੱਖ ਹੁੰਦਾ ਹੈ। ਇਸ ਪੈਗੰਬਰੀ ਕਰਮ ਤੋਂ ਬਾਂਝ ਹੋਏ ਕਵੀ ਦੀ ਸਿਰਜਣਾ 'ਕਵਿਤਾ' ਨਹੀਂ, ਕੇਵਲ ਆਵਾਜ਼ ਹੁੰਦੀ ਹੈ, ਜੋ ਗੰਦ ਤੇ ਵਰਦੇ ਮੀਂਹ ਵਾਂਗ ਸਫ਼ਾਈ ਕਰਦੀ ਹੋਈ ਬਦਬੂ ਖਿੰਡਾਉਂਦੀ ਹੈ। ਪਾਸ਼ ਦੀਆਂ ਇਹ ਸਤਰਾਂ ਪ੍ਰਸਿਧ ਸਾਹਿਤ-ਚਿੰਤਕ ਲੂਸੀਏ ਗੋਲਡਮਾਨ ਦੀ ਯਾਦ ਦੁਆਉਂਦੀਆਂ ਹਨ ਜਿਸ ਦੀ ਧਾਰਨਾ ਹੈ ਕਿ ਮੰਡੀ ਦੇ ਅਰਥਚਾਰੇ ਵਾਲੇ ਸੰਕਟਗ੍ਰਸਤ ਸਮਾਜ ਵਿਚ ਕਲਾਕਾਰ ਇਕ ਸਮੱਸਿਆਗਤ ਵਿਅਕਤੀ ਹੁੰਦਾ ਹੈ, ਜੋ ਸਮਾਜ ਪ੍ਰਤੀ ਵਿਰੋਧ ਭਾਵੀ ਹੁੰਦਾ ਹੋਇਆ ਆਲੋਚਨਾਤਕ ਵਤੀਰਾ ਰਖਦਾ ਹੈ। (Towards a Sociology of the Novel. P-15) ਤੇਜਸਵੀ \ਜੁਝਾਰੂ ਨਾਇਕ ਦੀ ਮਾਹਰਕੇਬਾਜ਼ੀ ਦੀ ਥਾਂ ਸਮਕਾਲੀ ਸਮਾਜਕ ਸਥਿਤੀ ਵਿਚ ਮਨੁੱਖ ਦੀ ਬੇਵੱਸੀ ਦਾ ਇਹ ਸਟੀਕ ਚਿਤਰ ਪਾਸ਼ ਦੀ ਕਵਿਤਾ ਵਿਚ ਰੋਮਾਂਸ ਦੀ ਥਾਂ ਆਲੋਚਨਾਤਮਕ ਯਥਾਰਥਵਾਦੀ ਰਚਨਾ-ਦ੍ਰਿਸ਼ਟੀ ਦੇ ਪ੍ਰਵੇਸ਼ ਦਾ ਸੂਚਕ ਹੈ। ਹਾਲਾਤ ਦੇ ਨਿੱਸਲ ਕੀਤੇ ਮਨੁੱਖ ਦੀ ਬੇਵੱਸੀ ਅਤੇ ਉਦਰੇਵੇਂ ਦੇ ਯਥਾਰਥਕ ਚਿਤਰਾਂ ਦੇ ਦਰਸ਼ਨ ਕਰਨ ਲਈ ਪਾਸ਼ ਦੀਆਂ ਪੰਜਾਬੀ ਲੋਕ-ਗੀਤਾਂ ਨੂੰ ਆਧਾਰ ਬਣਾ ਕੇ ਲਿਖੀਆਂ ਕਵਿਤਾਵਾਂ ਛੰਨੀ, ਚਿੜੀਆਂ ਦਾ ਚੰਬਾ, ਆਸ਼ਕ ਦੀ ਅਹਿੰਸਾ ਅਤੇ ਕਲਾਮ ਮਿਰਜ਼ਾ ਆਦਿ ਦਾ ਅਧਿਐਨ ਬਹੁਤ ਰੌਚਿਕ ਰਹੇਗਾ। ਇਹਨਾਂ ਕਵਿਤਾਵਾਂ ਦੀ ਖੂਬਸੂਰਤੀ ਇਹ ਹੈ ਕਿ ਸਾਨੂੰ ਰੋਮਾਂਸ ਦੀ ਸੁਪਨ ਅਵਸਥਾ 'ਚੋਂ ਕੱਢ ਕੇ ਯਥਾਰਥ ਦੇ ਉਸ ਕਰੂਰ ਧਾਰਤਲ ਦੇ ਰੂ-ਬਰੂ ਕਰਦੀਆਂ ਹਨ, ਜੋ ਅਸਹਿ ਹੁੰਦਾ ਹੋਇਆ ਵੀ ਸਾਡੇ ਸਮੇਂ ਦਾ ਸੱਚ ਹੈ। ਉਦਾਹਰਣ ਵਜੋਂ:
ਛੰਨੀ ਤਾਂ ਛੰਨੀ ਹੋਈ
ਪਰ ਗੁੱਡੀਏ ਤੇਰੇ ਗੀਤਾਂ ਨਾਲ
ਤੇਰੇ ਵੀਰ ਨੂੰ ਬੰਨੀ ਨਹੀਂ ਲੱਭਣੀ