

ਪਾਸ਼ ਦੀ ਕਵਿਤਾ ਵਿਚ ਮਨੁੱਖ ਦੀ ਬੇਵਸੀ ਦਾ ਇਹ ਨਵਾਂ ਸ੍ਵਰ ਇਕ ਨਵੀਂ ਪ੍ਰਗਟਾ- ਵਿਧੀ ਨੂੰ ਨਾਲ ਲੈ ਕੇ ਆਇਆ। ਉੱਚੀ ਸੁਰ ਅਤੇ ਰੋਹ ਭਰੇ ਵਿਦਰੋਹੀ ਮੁਹਾਵਰੇ ਦੀ ਥਾਂ ਪਾਸ਼ ਨੇ ਸਮਕਾਲੀ ਮਨੁੱਖ ਦੀ ਸਥਿਤੀ ਨੂੰ ਸੂਖ਼ਮ ਵਿਅੰਗਆਤਮਕ ਛੋਹਾਂ ਰਾਹੀਂ ਰੂਪਮਾਨ ਕਰਨਾ ਸ਼ੁਰੂ ਕੀਤਾ। ਉਸਦੀ ਸੰਬੋਧਨ-ਸ਼ੈਲੀ ਵਿਚਲੀ ਇਹ ਤਬਦੀਲੀ ਇਤਿਹਾਸਕ/ਸਮਾਜਕ ਸਥਿਤੀ- ਵਿਚਲੀ ਸਿਫ਼ਤੀ ਤਬਦੀਲੀ ਦਾ ਹੀ ਪਰਤੋਂ ਹੈ। ਪਾਸ਼ ਨੇ ਖ਼ੁਦ ਇਸ ਤੱਥ ਨੂੰ ਸਵੀਕਾਰ ਕੀਤਾ ਹੈ "ਰਾਜਨੀਤਕ ਸਰਗਰਮੀਆਂ 'ਚੋਂ ਹੱਥ ਖਿੱਚ ਲੈਣ ਨਾਲ ਕੁਦਰਤੀ ਹੀ ਸੀ ਕਿ ਮੇਰੀ ਕਵਿਤਾ ਵਿਚ ਅੰਤਰ-ਮੁਖਤਾ ਵਧ ਜਾਂਦੀ।" (ਸਾਡੇ ਸਮਿਆਂ ਵਿਚ ਭੂਮਿਕਾ) 'ਸਾਡੇ ਸਮਿਆਂ ਵਿਚ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਪਾਸ਼ ਨੇ ਸੰਵਾਦ ਦੀ ਥਾਂ ਆਤਮ-ਲਾਪ ਅਤੇ ਰੋਹ-ਭਰੇ ਸਨਸਨੀਖੇਜ਼ ਮੁਹਾਵਰੇ ਦੀ ਥਾਂ ਸੰਦੇਸ਼ਮਈ ਸੰਬੋਧਨ ਵਿਧੀ ਦੀ ਵਰਤੋਂ ਬਹੁਤ ਹੀ ਕਲਾਤਮਕ ਅੰਦਾਜ਼ ਵਿਚ ਕੀਤੀ। ਜਿਥੇ ਆਪਣੀਆਂ ਪਹਿਲੀਆਂ ਦੇ ਪੁਸਤਕਾਂ ਵਿਚ ਉਹ ਦੂਜਿਆਂ ਨਾਲ ਸੰਵਾਦ ਰਚਾਉਂਦਾ ਹੈ, ਉਥੇ ਆਖਰੀ ਕਾਵਿ-ਸੰਗ੍ਰਹਿ ਵਿਚ ਉਹ ਆਪਣੇ ਆਪ ਨਾਲ, ਆਪਣੇ ਬੀਤੇ ਨਾਲ ਸੰਵਾਦ ਤੋਰਨ ਦੀ ਮੁਦਰਾ 'ਚ ਹੈ। ਇਥੇ ਉਸ ਦੀ ਸਥਿਤੀ ਆਤਮ-ਚਿੰਤਨ ਅਤੇ ਵਿਧੀ ਆਤਮ-ਲਾਪ ਦੀ ਹੈ, ਜਿਸ ਵਿਚ ਰੋਹ ਜਾਂ ਕਲੇਸ਼ ਦੀ ਕੁੜੱਤਣ ਅੰਸ਼ ਮਾਤਰ ਵੀ ਨਹੀਂ। ਆਪਣੇ ਬੀਤੇ ਨੂੰ ਯਾਦ ਕਰਨ ਜਾਂ ਲਿਖੇ ਨੂੰ ਪੜ੍ਹਣ ਸਮੇਂ ਮਨੁੱਖ ਅਕਸਰ ਭਾਵੁਕ ਹੋ ਜਾਂਦਾ ਹੈ, ਪਰ ਪਾਸ਼ ਇਸ ਕਿਸਮ ਦੇ ਆਤਮ-ਮੋਹ ਤੋਂ ਅਸਲੋਂ ਮੁਕਤ ਹੈ। ਆਪਣੀ ਸਾਹਿਤਕ-ਪਰੰਪਰਾ ਵਾਂਗ ਆਪਣੀ ਲਿਖਤ ਨਾਲ ਵੀ ਉਸਦਾ ਰਿਸ਼ਤਾ ਸੰਵਾਦ-ਧਰਮੀ ਹੈ। ਆਪਣੇ ਹੀ ਲਿਖੇ ਨੂੰ ਮੇਟਣ ਜਾਂ ਆਪਣੀ ਹੀ ਲਿਖਤ ਨੂੰ ਮੁੜ ਲਿਖਣ ਦੀ ਜਗਿਆਸਾ ਚੋਂ ਉਪਜੀ ਹੈ ਉਸਦੀ ਆਖਰੀ ਪੁਸਤਕ। ਆਪਣੇ ਹੀ ਹੱਥੋਂ ਸਿਰਜੀ ਆਪਣੀ ਹੀ ਮਿੱਥ ਦਾ ਸੰਘਾਰ -ਇਸਦੇ ਨਮੂਨੇ ਪੰਜਾਬੀ ਕਵਿਤਾ ਵਿਚ ਵਿਰਲੇ ਹੀ ਮਿਲਦੇ ਹਨ। ਕਦੇ ਹਿੰਦੀ ਦੇ ਇਕ ਨਿਸ਼ਠਾਵਾਨ ਕਵੀ ਧੂਮਿਲ ਨੇ ਕਿਹਾ ਸੀ ਕਿ- ''ਕਵਿਤਾ ਭਾਸ਼ਾ ਮੇਂ ਆਦਮੀ ਹੇਨੇ ਕੀ ਤਾਮੀਜ਼ ਹੈ।" (ਸੰਸਦ ਸੇ ਸੜਕ ਤਕ) ਪਾਸ਼ ਦੀ ਕਵਿਤਾ ਨੂੰ ਪੜ੍ਹਦਿਆਂ ਇਸ ਕਥਨ ਦੇ ਅਰਥ ਸਮਝ ਆਉਣ ਲਗਦੇ ਹਨ। ਸਾਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਦੱਸਣ ਵਾਲਾ ਪਾਸ਼ ਆਪ ਤਾਂ 'ਹੜਿਆਈ ਸਰਸਾ ਵਿਚੋਂ ਟੁੱਭੀ ਮਾਰਕੇ ਗੁਰੂ ਦੇ ਗਰੰਥ ਕੱਢਣ ਚਲਾ ਗਿਆ ਹੈ', ਪਿੱਛੇ ਰਹਿ ਗਈ ਉਹਦੀ ਕਵਿਤਾ ਕਹਿੰਦੀ ਹੈ ਕਿ ਜ਼ਿੰਦਗੀ ਨੂੰ ਜੀਣ ਦਾ ਇਹ ਵੀ ਇਕ ਸਲੀਕਾ ਹੁੰਦਾ ਹੈ :
ਧਰਤੀ ਤੇ ਧੁੱਪ ਵਾਂਗ ਖਿੜ ਜਾਣਾ
ਤੇ ਫਿਰ ਗੱਲਵਕੜੀ ਵਿਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉੱਠਣਾ
ਚੌਹਾਂ ਕੁਟਾਂ ਅੰਦਰ ਗੂੰਜ ਜਾਣਾ...
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ।
(ਸਾਡੇ ਸਮਿਆਂ ਵਿਚ, ਭੂਮਿਕਾ )