ਇਸੁ ਤਨ ਧਨ ਕੀ ਕਵਨ ਬਡਾਈ
ਧਰਨਿ ਪਰੈ ਉਰਵਾਰਿ ਨ ਜਾਈ (ਰਾਗ ਗਾਉੜੀ)
ਰਾਜ ਭੋਗ ਅਰੁ ਛਤ੍ਰ ਸਿੰਘਾਸਨ
ਬਹੁ ਸੁੰਦਰ ਰਮਨਾ
ਪਾਨ ਕਪੂਰ ਸੁਬਾਸਕ
ਚੰਦਨ ਅੰਤਿ ਤਉ ਮਰਨਾ
ਬੇਦ ਪੁਰਾਨ ਸਿੰਮ੍ਰਿਤ ਸਭ ਖੋਜੇ
ਕਹੂ ਨਾ ਊਬਰਨਾ
ਕਹੁ ਕਬੀਰ ਇਉ ਰਾਮਹਿ
ਜਪਉ ਮੇਟਿ ਜਨਮ ਮਰਨਾ। (ਰਾਗ ਆਸਾ)
ਕਬੀਰ ਪੁਜਾਰੀ ਅਤੇ ਕੁਲੀਨ ਵਰਗ ਦੇ ਜਮਾਤੀ ਪੈਂਤੜੇ ਨੂੰ ਰੱਦ ਕਰਨ ਲਈ ਸਨਾਤਨੀ ਉਪਾਸਨਾ-ਵਿਧੀਆਂ, ਸਨਾਤਨੀ ਗਿਆਨ-ਪਰੰਪਰਾ (ਵੇਦ, ਪੁਰਾਨ, ਸਿਮਰਤੀਆਂ) ਅਤੇ ਸੰਸਾਰਕ ਪਦਾਰਥਾਂ ਨੂੰ ਰੱਦ ਕਰਦਾ ਹੈ ਅਤੇ ਉਹਨਾਂ ਦੇ ਬਦਲ ਵਜੋਂ ਭਾਵਨਾ-ਮੂਲਕ ਭਗਤੀ (ਨਾਮ- ਸਾਧਨਾ), ਸਭ ਨਾਲ ਪ੍ਰੇਮ, ਕਿਰਤ ਅਤੇ ਸਬਰ-ਸੰਤੋਖ ਦੀ ਜੀਵਨ-ਜਾਚ ਦਾ ਸੰਦੇਸ਼ ਦਿੰਦਾ ਹੈ। ਸੰਸਾਰਕ ਪਦਾਰਥਾਂ, ਦੌਲਤ ਅਤੇ ਰਾਜ-ਭਾਗ ਦੇ ਵਿਰੋਧ ਵਿਚ ਨਾਮ ਨੂੰ ਸਦੀਵੀ ਕਹਿਣ ਅਤੇ ਕਰਮਕਾਂਡੀ ਹੱਠ-ਸਾਧਨਾ ਦੇ ਵਿਰੋਧ ਵਿਚ ਸਭ ਪ੍ਰਤੀ ਪਿਆਰ ਦਾ ਸੰਦੇਸ਼ ਦੇਣ ਪਿਛੇ ਗੁਰੂ- ਸਾਹਿਬਾਨ, ਸੂਫ਼ੀਆਂ ਅਤੇ ਕਬੀਰ ਜਿਹੇ ਭਗਤ ਕਵੀਆਂ ਦਾ ਇਕ ਸੁਚੇਤ ਮਨੋਰਥ ਹੈ। ਇਹ ਮਨੋਰਥ ਫ਼ਿਊਡਲ ਅਤੇ ਪੁਜਾਰੀ ਵਰਗ ਦੁਆਰਾ ਸੰਚਾਲਤ ਸਭਿਆਚਾਰ ਦੇ ਬਦਲ ਅਤੇ ਵਿਰੋਧ ਵਜੋਂ ਸਮਾਨਾਂਤਰ ਸਭਿਆਚਾਰ (counter-culture) ਦੀ ਸਿਰਜਣਾ ਕਰਨ ਦਾ ਸੀ। ਮੱਧਕਾਲੀ ਪੰਜਾਬੀ ਕਵਿਤਾ ਅਜੇਹੇ ਮਨੁੱਖ ਦੀ ਸਿਰਜਣਾ ਕਰਦੀ ਹੈ ਜੋ ਧਾਰਮਿਕ ਕਰਮਕਾਂਡ, ਰੀਤੀਵਾਦੀ ਸ਼ਾਸਤਰਵਾਦ ਅਤੇ ਸੰਸਾਰਕ ਸੁਖ-ਸਾਧਨਾ ਪ੍ਰਤੀ ਉਦਾਸੀਨਤਾ ਦੀ ਮੁਦਰਾ ਅਪਣਾਉਂਦਾ ਹੈ। ਸੰਸਾਰਕ ਪਦਾਰਥਾਂ, ਧਨ-ਦੋਲਤ ਅਤੇ ਤਾਕਤ ਦੇ ਵਿਰੋਧ ਵਜੋਂ ਰੂਹਾਨੀਅਤ ਦੀ ਪੈਰਵੀ ਮੱਧਕਾਲੀ ਕਵੀਆਂ ਦੀ ਫ਼ਿਊਡਲ ਦੇ ਖਿਲਾਫ਼ ਰੋਸ ਦੀ ਇਕ ਜੁਗਤ ਹੈ। ਮੱਧਕਾਲ ਵਿਚ ਦਬੇ- ਕੁਚਲੇ ਲੋਕਾਂ ਲਈ ਸਿੱਧੀ ਬਗਾਵਤ ਮੁਸ਼ਕਲ ਸੀ, ਉਹਨਾਂ ਨੇ ਰੋਸ ਵਜੋਂ ਉਦਾਸੀਨਤਾ, ਅੰਤਰ- ਮੁਖਤਾ ਅਤੇ ਬੇਨਿਆਜ਼ੀ ਦਾ ਰੁਖ ਅਪਣਾਇਆ। ਮਿਸਟਿਸਿਜ਼ਮ ਅੰਤਰਮੁਖਤਾ ਦੇ ਰੂਪ ਵਿਚ ਸਮਾਜਕ ਵਿਦਰੋਹ ਦਾ ਹੀ ਇਕ ਰੂਪ ਸੀ ਜੋ ਫ਼ਿਊਡਲ ਦੀ ਲੁੱਟ ਅਤੇ ਦਮਨਕਾਰੀ ਵਿਵਹਾਰ ਦੇ ਵਿਰੁੱਧ ਲੋਕਾਂ ਦੇ ਮਨਾਂ ਵਿਚ ਪੈਦਾ ਹੋਇਆ। ਮੱਧਕਾਲੀ ਪੰਜਾਬੀ ਕਵਿਤਾ ਵਿਚ ਸਮਾਜਕ ਰੋਸ ਦਾ ਸੁਰ ਦੇ ਵੱਖ-ਵੱਖ ਜੁਗਤਾਂ ਦੇ ਰੂਪ ਵਿਚ ਉਜਾਗਰ ਹੋਇਆ ਹੈ। ਫ਼ਰੀਦ ਅਤੇ ਸ਼ਾਹ ਹੁਸੈਨ ਦੀ ਕਵਿਤਾ ਵਿਚ ਇਹ ਅੰਤਰਮੁਖਤਾ ਦਾ ਰੂਪ ਧਾਰਦਾ ਹੈ ਅਤੇ ਕਬੀਰ ਤੇ ਬੁਲ੍ਹੇ ਦੀ ਕਵਿਤਾ ਵਿਚ ਸਿੱਧੀ ਚੋਟ (direct statement) ਦੀ ਵਿਧੀ ਦਾ। ਸਮਾਜਕ ਯਥਾਰਥ ਬਾਰੇ ਕਬੀਰ ਆਪਣੇ ਬਦਲਵੇਂ-ਦਰਸ਼ਨ (alternative vision) ਨੂੰ ਸਿੱਧੀ ਚੋਟ ਦੀ ਵਿਧੀ ਰਾਹੀਂ ਪ੍ਰਗਟਾਉਂਦਾ ਹੈ।