(3) ਵਰਤਮਾਨ ਪ੍ਰਗਤੀ ਦੇ ਮਾਰਗ ਤੇ ਪੈਣ ਤੋਂ ਪਹਿਲਾਂ ਇਸ ਨੇ ਹੋਰ ਬੋਲੀਆਂ ਦੇ ਭਾਖਾਈ ਤੇ ਸਾਹਿੱਤਕ ਪ੍ਰਭਾਵਾਂ ਨੂੰ ਜਰੂਰ ਕਬੂਲਿਆ ਹੋਵੇਗਾ ਤੇ ਪਿਤਰੀ ਸੋਮੇ ਤੇ ਸ੍ਰਿਸ਼ਟੀ ਤੋਂ ਕਾਫੀ ਕੁਝ ਗ੍ਰਹਿਣ ਕੀਤਾ ਹੋਵੇਗਾ ਅਤੇ ਇਸ ਦਾ ਪ੍ਰਗਟਾਵਾ ਲੋਕ-ਬੋਲੀ ਵਿਚ ਹੋਇਆ ਹੋਵੇਗਾ। ਇਹ ਭਾਸ਼ਾਵਾਂ ਵੈਦਿਕ ਸੰਸਕ੍ਰਿਤ, ਪ੍ਰਾਕ੍ਰਿਤਾਂ ਤੇ ਅਪਭ੍ਰੰਸ਼ਾਂ ਹੋ ਸਕਦੀਆਂ ਹਨ ਜਿਨ੍ਹਾਂ ਵਿਚ ਬਹੁਤ ਪੁਰਾਣੇ ਸਮੇਂ ਤੋਂ ਨਿਸ਼ਚਿਤ ਸਾਹਿੱਤਕ ਪਰੰਪਰਾ ਬੱਝ ਚੁੱਕੀ ਸੀ । ਵੇਦ, ਉਪਨਿਸ਼ਦ ਪੁਰਾਣ ਅਤੇ ਮਹਾਂ-ਕਾਵਿ ਤੇ ਨਾਟਕ ਆਦਿ ਅਣਗਿਣਤ ਕਾਵਿ-ਰੂਪ ਇਨ੍ਹਾਂ ਭਾਸ਼ਾਵਾਂ ਵਿਚ ਹੋਂਦ ਵਿਚ ਆ ਚੁੱਕੇ ਸਨ। ਸਾਡੇ ਸਾਹਿੱਤ ਦੀਆਂ ਬਹੁਤ ਸਾਰੀਆਂ ਕਥਾਵਾਂ ਨਲ-ਦਮਯੰਤੀ, ਭਰਥਰੀ ਹਰੀ, ਗੋਪੀ ਚੰਦ, ਪੂਰਨ-ਭਗਤ ਆਦਿ । ਅਧਿਆਤਮਿਕ ਚਿੰਤਨ ਤੇ ਦਾਰਸ਼ਨਿਕ ਸ਼ਬਦਾਵਲੀ ਲਈ ਵੀ ਅਸੀਂ ਇਨ੍ਹਾਂ ਭਾਸ਼ਾਵਾਂ ਦੇ ਰਿਣੀ ਹਾਂ।
ਏਸੇ ਤਰ੍ਹਾਂ ਮੁਸਲਮਾਨਾਂ ਦੇ ਭਾਰਤ ਵਿਚ ਆਉਣ ਨਾਲ ਅਰਬੀ, ਫਾਰਸੀ ਤੇ ਤੁਰਕੀ ਆਦਿ ਭਾਸ਼ਾਵਾਂ ਨਾਲ ਸਾਡਾ ਮੇਲ-ਜੋਲ ਵਧਿਆ ਤੇ ਇਸਲਾਮ ਦੇ ਪ੍ਰਚਾਰ ਨਾਲ ਉਨ੍ਹਾਂ ਦੇ ਭਾਸ਼ਾਈ ਤੇ ਸਾਹਿੱਤਕ ਪ੍ਰਭਾਵਾਂ ਨੇ ਪੰਜਾਬੀ ਸਮਰੱਥਾ ਨੂੰ ਵਧਾਇਆ।
(ਸ) ਪ੍ਰਾਪਤੀਆਂ
ਪੂਰਵ-ਨਾਨਕ ਕਾਲ ਵਿਚ ਸਾਹਿੱਤ ਸਿਰਜਣਾ ਦੀਆਂ ਸੰਭਾਵਨਾਵਾਂ ਨੂੰ ਵਿਚਾਰਣ ਤੋਂ ਉਪਰੰਤ ਉਸ ਕਾਲ ਵਿਚ ਰਚੇ ਗਏ ਅਤੇ ਸਾਡੇ ਹੱਥਾਂ ਤਕ ਅਪੜੇ ਸਾਹਿੱਤ ਸੰਬੰਧੀ ਸੰਖੇਪ ਵਿਚ ਚਰਚਾ ਕਰਨੀ ਜ਼ਰੂਰੀ ਪ੍ਰਤੀਤ ਹੁੰਦੀ ਹੈ।
(1) ਪੰਜਾਬੀ ਸਾਹਿੱਤ ਦਾ ਮੁੱਢ ਅਸੀਂ ਨਾਥਾਂ ਜੋਗੀਆ ਦੀਆਂ ਰਚਨਾਵਾਂ ਤੋਂ ਮੰਨਦੇ ਹਾਂ। ਇਹ ਜੋਗੀ ਅੱਠਵੀਂ, ਨੌਵੀਂ ਤੇ ਦਸਵੀਂ ਸਦੀ ਵਿਚ ਉੱਤਰ ਪੱਛਮੀ ਭਾਰਤ ਵਿਚ ਵਿਚਰਦੇ ਰਹੇ ਅਤੇ ਬੁੱਧ ਮੱਤ ਤੋਂ ਪਿੱਛੋਂ ਇਨ੍ਹਾਂ ਦਾ ਜ਼ੋਰ ਵੱਧ ਗਿਆ। ਇਨ੍ਹਾਂ ਜੋਗੀਆਂ ਦੁਆਰਾ ਰਚੇ ਗਏ ਸਾਹਿੱਤ ਦੇ ਪੰਜਾਬੀ ਹੋਣ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ, ਕਿਉਂਜੋ ਹਿੰਦੀ ਸਾਹਿੱਤ ਵਾਲੇ ਵੀ ਨਾਥਾਂ ਜੋਗੀਆਂ ਤੋਂ ਆਪਣੇ ਸਾਹਿੱਤ ਦਾ ਮੁੱਢ ਮਿਥਦੇ ਹਨ, ਕਿਉਂਜੋ ਇਨ੍ਹਾਂ ਦੀ ਰਚਨਾ ਨਿਰੋਲ ਪੰਜਾਬੀ ਵਿਚ ਹੋਣ ਦੀ ਬਜਾਏ ਉਸ ਸਾਧ ਭਾਸ਼ਾ ਵਿਚ ਹੈ, ਜਿਹੜੀ ਸਾਰੇ ਉੱਤਰੀ ਭਾਰਤ ਵਿਚ ਉਸ ਵੇਲੇ ਪ੍ਰਚਲਿਤ ਸੀ। ਪੰਜਾਬ ਵਿਚ ਇਨ੍ਹਾਂ ਜੋਗੀਆਂ ਦੇ ਡੇਰੇ, ਮੱਠ ਤੇ ਯਾਦਾਂ ਅਤੇ ਉਨ੍ਹਾਂ ਦੁਆਰਾ ਰਚੇ ਗਏ ਸਾਹਿੱਤ ਉੱਤੇ ਪੰਜਾਬੀ ਮੁਹਾਵਰੇ, ਲਹਿਜੇ ਤੇ ਸ਼ਬਦਾਵਲੀ ਦੀ ਬਹੁਲਤਾ, ਇਨ੍ਹਾਂ ਦੇ ਪੰਜਾਬੀ ਹੋਣ ਬਾਰੇ ਕਿਸੇ ਸ਼ੰਕੇ ਦੀ ਗੁੰਜਾਇਸ ਨਹੀਂ ਛੱਡਦੇ।
(2) ਲੋਕ ਗੀਤ ਤੇ ਲੋਕ ਬੁਝਾਰਤਾਂ ਹਰ ਬੋਲੀ ਦੇ ਸਾਹਿੱਤ ਦਾ ਮੁੱਢਲਾ ਰੂਪ ਹੁੰਦੇ ਹਨ। ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ ਅੱਜ ਇਨ੍ਹਾਂ ਦਾ ਰੂਪ ਤੇ ਉਚਾਰਣ ਭਾਵੇਂ ਨਵੀਨ ਪ੍ਰਤੀਤ ਹੁੰਦਾ ਹੈ, ਪਰ ਇਨ੍ਹਾਂ ਦੀ ਆਯੂ ਦੇਰ ਪੁਰਾਣੀ ਹੈ। ਵਿਸ਼ੇਸ਼ ਕਰਕੇ ਅਮੀਰ ਖੁਸਰੋ ਤੇ ਸੁਰਤੇ ਪੰਡਤ ਦੀਆਂ ਬੁਝਾਰਤਾਂ ਸਾਡਾ ਉਚੇਚਾ ਧਿਆਨ ਖਿੱਚਦੀਆਂ ਹਨ।
(3) ਬੀਰ-ਰਸੀ ਸਾਹਿਤ ਜਾਂ ਵਾਰਾਂ ਦੀ ਰਚਨਾ ਵੀ ਪੂਰਵ-ਨਾਨਕ ਕਾਲ ਵਿਚ ਹੋਣ ਲਗ ਪਈ ਸੀ ਤੇ ਇਸ ਕਾਲ ਦੀਆਂ ਰਚਿਤ ਛੇ ਵਾਰਾਂ ਸਾਡੇ ਹੱਥਾਂ ਤੱਕ ਪੁੱਜੀਆਂ ਹਨ। ਇਨ੍ਹਾਂ ਵਾਰਾਂ ਦੀਆਂ ਧੁੰਨਾਂ ਉਤੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਨੂੰ ਗਾਉਣ ਦਾ ਆਦੇਸ਼, ਨਿਸ਼ਚੇ ਹੀ ਇਨ੍ਹਾਂ ਦੀ ਪ੍ਰਾਚੀਨਤਾ ਨੂੰ ਸਿੱਧ ਕਰਦਾ ਹੈ।
(4) ਬਾਬਾ ਫਰੀਦ ਸ਼ਕਰਗੰਜ ਦੀ ਰਚਨਾ ਬਾਰੇ ਕਾਫੀ ਸਮੇਂ ਤਕ ਵਿਦਵਾਨਾਂ ਵਿਚ ਵਾਦ-ਵਿਵਾਦ ਚਲਦਾ ਰਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ੇਖ ਬ੍ਰਹਮ ਦੀ ਕ੍ਰਿਤ ਹਨ, ਨਾ ਕਿ ਬਾਬਾ ਫਰੀਦ ਦੀ, ਪਰ ਖੋਜ ਤੇ ਹੋਰ ਪ੍ਰਮਾਣਾਂ ਦੇ ਆਧਾਰ ਤੇ ਅੱਜ ਇਹ ਨਿਸ਼ਚਿਤ ਹੋ ਚੁੱਕਾ ਹੈ ਕਿ ਇਹ ਸਲੋਕ ਬਾਰ੍ਹਵੀਂ ਤੇਰ੍ਹਵੀਂ ਸਦੀ ਵਿਚ ਹੋਏ ਸ਼ੇਖ ਫਰੀਦ ਦੇ ਹਨ।