ਅਤੇ ਹਿੰਦੂ ਮਤ ਦਾ ਉਚੇਰਾ ਅਧਿਆਤਮਵਾਦ ਭਿੰਨ-ਭਿੰਨ ਮਤਾਂ ਦੇ ਭੜਕੀਲੇ ਦਿਖਾਵੇ ਹੇਠ ਦੱਬ ਗਿਆ। ਸਦੀਆਂ ਤੋਂ ਹੋ ਰਹੇ ਹਮਲਿਆਂ, ਬਦੇਸ਼ੀ ਹਕੂਮਤ ਦੇ ਭੈੜਾ ਅਤੇ ਜ਼ੁਲਮਾਂ ਨੇ ਬਹੁਤ ਹੀ ਤਰਸਯੋਗ ਹਾਲਤ ਪੈਦਾ ਕਰ ਦਿੱਤੀ ਸੀ ਤੇ ਨਿਮੋਝੂਣਤਾ ਕਾਰਣ ਸਦਾਚਾਰਿਕ ਗਿਰਾਵਟ ਵੱਧ ਚੁੱਕੀ ਸੀ। ਇਹੋ ਜਿਹੀ ਹਾਲਤ ਸੀ, ਜਿਸ ਵਿਚ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਨੂੰ ਵੇਖਿਆ ।"
ਤੇ ਭਾਈ ਗੁਰਦਾਸ ਆਪਣੀ ਪਹਿਲੀ ਵਾਰ ਵਿਚ ਇਸ ਦਸ਼ਾ ਨੂੰ ਇੰਜ ਚਿੱਤਰਦੇ ਹਨ :
ਕਲਿਜੁਗ ਬੋਧ ਆਉਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੈ।
ਕੋਈ ਨਾ ਕਿਸੇ ਵਰਜਦਾ, ਸੋਈ ਕਰੇ ਜੋਈ ਮਨ ਭਾਵੈ ।
ਕਿਸੇ ਪੂਜਾਈ ਸਿਲਾ ਸੁੰਨ, ਕੋਈ ਗੋਰੀਂ ਮੜੀ ਪੁਜਾਵੈ।
ਤੰਤ੍ਰ ਮੰਤ੍ਰ ਪਾਖੰਡ ਕਰ, ਕਲਹ ਕ੍ਰੋਧ ਬਹੁ ਵਾਦ ਵਧਾਵੈ।
ਆਪੋ ਧਾਪੀ ਹੋਇ ਕੈ, ਨਯਾਰੇ ਨਯਾਰੇ ਧਰਮ ਚਲਾਵੈ।
ਕੋਈ ਪੁਜੇ ਚੰਦਰ ਸੂਰ, ਕੋਈ ਧਰਤ ਅਕਾਸ਼ ਮਨਾਵੈ ।
ਪਾਉਣ ਪਾਣੀ ਬੈਸੰਤਰੋਂ, ਧਰਮ ਰਾਜ ਕੋਈ ਤ੍ਰਿਪਤਾਵੈ।
ਫੋਕਟ ਧਰਮੀ ਭਰਮ ਭੁਲਾਵੈ ।
ਉਸ ਵੇਲੇ ਸਮਾਜਿਕ ਦਸ਼ਾ ਧਾਰਮਿਕ ਦਸ਼ਾ ਤੋਂ ਵੀ ਭੈੜੀ ਸੀ । ਸਮਾਜ ਵਿਚ ਜਾਤੀ ਵੰਡੀਆਂ, ਊਚ- ਨੀਚ, ਵਹਿਮ-ਭਰਮ, ਭਿੱਟ-ਛੂਤ, ਫੋਕੀਆਂ ਰਸਮਾਂ, ਰੀਤਾਂ ਇਸ ਹੱਦ ਤਕ ਸਨ ਕਿ ਜੀਵਨ ਨਰਕ ਸਮਾਨ ਸੀ । ਭੇਖੀ ਸਾਨੂੰ ਝੂਠੀਆਂ ਕਰਾਮਾਤਾਂ ਦਿਖਾ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿਛੇ ਲਾ ਰਹੇ ਸਨ । ਬ੍ਰਾਹਮਣਵਾਦ ਇਸ ਹੱਦ ਤਕ ਛਾਇਆ ਹੋਇਆ ਸੀ ਕਿ ਲੋਕਾਂ ਦੇ ਸਮਾਜਿਕ, ਭਾਈਚਾਰਿਕ ਜਾਂ ਸਦਾਚਾਰਿਕ ਜੀਵਨ ਉੱਤੇ ਵੀ ਉਨ੍ਹਾਂ ਦਾ ਠੱਪਾ ਲੱਗਾ ਹੋਇਆ ਸੀ । ਲੋਕਾਂ ਦੀ ਆਰਥਿਕ ਦਸ਼ਾ ਵੀ ਬੜੀ ਭੈੜੀ ਸੀ। ਕੇਵਲ ਰਾਜ ਅਧਿਕਾਰੀ ਜਾਂ ਲੁੱਟ-ਖਸੁੱਟ ਕਰਨ ਵਾਲੇ ਹਾਕਮ ਤੇ ਜਾਗਰੀਦਾਰ ਆਦਿ ਰੱਜ ਕੇ ਰੋਟੀ ਖਾਂਦੇ ਸਨ । ਆਮ ਜਨਤਾ ਦੀ ਜੀਵਨ-ਪੱਧਰ ਬਹੁਤ ਨੀਵੀਂ ਸੀ । ਅਜਿਹੀ ਦਸ਼ਾ ਵਿਚ ਰਚਿਆ ਗਿਆ ਸਾਹਿੱਤ ਜਿਥੇ ਆਪਣੀ ਸਮਕਾਲੀ ਜੀਵਨ ਦੀ ਹੂ-ਬ-ਹੂ ਤਸਵੀਰ ਪੇਸ਼ ਕਰਦਾ ਹੈ, ਉਥੇ ਇਸ ਦਸ਼ਾ ਵਿਚੋਂ ਨਿਕਲਣ ਦੀ ਪ੍ਰੇਰਣਾ ਦੇਣ ਵਾਲਾ ਅਮਰ ਸਾਹਿੱਤ ਵੀ ਰਚਿਆ ਗਿਆ, ਜਿਹੜਾ ਮਾਨਵ-ਵਾਦ ਦੀ ਦ੍ਰਿਸ਼ਟੀ ਤੋਂ ਲੋਕ-ਭਾਵਾਂ ਦੀ ਤਰਜਮਾਨੀ ਕਰਦਾ ਹੋਇਆ, ਉਨ੍ਹਾਂ ਦੀ ਅਗਵਾਈ ਦੇ ਸਮਰੱਥ ਬਣਿਆ।
ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਦਾ ਸੰਖੇਪ ਸਰਵੇਖਣ
(ਅ) ਗੁਰਮਤਿ ਕਾਵਿ-ਧਾਰਾ
ਗੁਰੂ ਨਾਨਕ ਕਾਲ ਵਿਚ ਰਚੇ ਗਏ ਸਮੁੱਚੇ ਸਾਹਿੱਤ ਵਿਚੋਂ ਸਭ ਤੋਂ ਸ੍ਰੇਸ਼ਟ ਰਚਨਾ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਹੈ, ਜਿਹੜੀ ਆਦਿ-ਗ੍ਰੰਥ ਵਿਚ ਸੰਕਲਿਤ ਕੀਤੀ ਗਈ ਹੈ । ਇਹ ਬਾਣੀ ਆਪਣੀ ਸਿੱਧਾਂਤਕ ਪਕਿਆਈ ਤੇ ਕਲਾਗਤ ਨਿਪੁੰਨਤਾ ਕਰਕੇ, ਮੱਧ-ਕਾਲ ਦੇ ਸਮੁੱਚੇ ਅਧਿਆਤਮਿਕ ਸਾਹਿੱਤ ਵਿਚ ਇਕ ਵਿਸ਼ੇਸ਼ ਸਥਾਨ ਰਖਦੀ ਹੈ। ਜਿਥੇ ਇਹ ਰਚਨਾ ਭਗਤੀ ਮਤ ਦੇ ਆਸ਼ਿਆਂ ਦੇ ਅਨੁਕੂਲ ਰਚੀ ਗਈ, ਉਥੇ ਇਸ ਦੀ ਇਕ ਵਿਲੱਖਣਤਾ ਇਹ ਹੈ ਕਿ ਇਹ ਲੋਕ-ਜੀਵਨ ਦੇ ਵੱਧ ਤੋਂ ਵੱਧ ਨਿਕਟ ਹੈ ਅਤੇ ਲੋਕ-ਭਾਸ਼ਾ ਤੇ ਪ੍ਰਚਲਿਤ ਕਾਵਿ-ਰੂਪਾਂ ਵਿਚ ਹੋਣ ਕਰਕੇ, ਲੋਕ-ਮਨਾਂ ਨੂੰ ਵੱਧ ਤੋਂ ਵੱਧ ਖਿੱਚ ਪਾਉਂਦੀ ਹੋਈ ਸਮਾਜਿਕ, ਸਭਿਆਚਾਰਿਕ ਤੇ ਧਾਰਮਿਕ ਖੇਤਰਾਂ ਵਿਚ ਉਨ੍ਹਾਂ ਦੀ ਸੁਚੇਤ ਭਾਂਤ ਅਗਵਾਈ ਕਰਦੀ ਹੈ। ਵਾਸਤਵ ਵਿਚ ਗੁਰੂ ਸਾਹਿਬਾਨ ਦਾ ਸਾਹਿੱਤ, ਪੰਜਾਬੀ ਕੌਮੀਅਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਚਰਿੱਤਰ ਦੀ ਨਵ-ਉਸਾਰੀ ਦਾ ਲਖਾਇਕ ਹੈ ਜਿਸ ਦਾ ਅਨੁਭਵ ਪੰਜਾਬੀਆਂ ਨੂੰ ਪਹਿਲੀ ਵਾਰ ਹੋਇਆ। ਗੁਰਮਤਿ ਸਾਹਿੱਤ ਬਾਰੇ ਡਾਕਟਰ ਮੋਹਨ ਸਿੰਘ ਲਿਖਦੇ ਹਨ: "ਗੁਰੂ ਸਾਹਿਬਾਨ ਨੇ :
------------------
1. ਡਾਕਟਰ ਮੋਹਨ ਸਿੰਘ, ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ, ਪੰਨਾ 56