ਪ੍ਰਵੇਸ਼ਿਕਾ
(ਪਹਿਲਾ ਸੰਸਕਰਣ)
ਕਿਸੇ ਭਾਸ਼ਾ ਦੇ ਸਾਹਿੱਤ ਨੂੰ, ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮੁੱਚੇ ਜੀਵਨ ਪ੍ਰਵਾਹ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਲੋਕਾਂ ਦੇ ਜੀਵਨ ਪ੍ਰਵਾਹ ਨੂੰ ਘੜਨ, ਉਸਾਰਨ ਜਾਂ ਢਾਲਣ ਵਿਚ ਉਨ੍ਹਾਂ ਦੀ ਰਾਜਨੀਤਿਕ, ਸਮਾਜਿਕ, ਭਾਈਚਾਰਕ, ਸੰਪਰਦਾਇਕ ਜਾਂ ਧਾਰਮਿਕ ਦਸ਼ਾ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਲੋਕਾਂ ਦੀ ਮਨੋਬਿਰਤੀ ਨੂੰ ਉਨ੍ਹਾਂ ਦਾ ਸਭਿਆਚਾਰਕ ਤੇ ਰਾਜਸੀ ਇਤਿਹਾਸ ਉਤੇਜਿਤ ਜਾਂ ਪ੍ਰੇਰਿਤ ਕਰਦਾ ਹੈ ਤੇ ਉਹੋ ਮਨੋਬਿਰਤੀ ਪੂਰੇ ਜਾਂ ਅਧੂਰੇ ਰੂਪ ਵਿਚ ਉਨ੍ਹਾਂ ਦੇ ਸਾਹਿੱਤ ਵਿਚ ਪ੍ਰਤਿਬਿੰਬਤ ਹੁੰਦੀ ਹੈ, ਅਰਥਾਤ ਸਾਹਿੱਤ ਦਾ ਮੂਲ ਆਧਾਰ ਜਾਂ ਪ੍ਰੇਰਣਾ-ਸ੍ਰੋਤ ਲੋਕ-ਜੀਵਨ ਹੁੰਦਾ ਹੈ ਤੇ ਆਂਤ੍ਰਿਕ ਜਾਂ ਬਾਹਰੀ ਕਾਰਣਾਂ ਕਰਕੇ ਜਦੋਂ ਉਸ ਜੀਵਨ ਵਿਚ ਪਰਿਵਰਤਨ ਆ ਜਾਂਦਾ ਹੈ ਤਾਂ ਲੋਕਾਂ ਦੀ ਮਨੋਬਿਰਤੀ ਬਦਲ ਜਾਂਦੀ ਹੈ । ਇਸ ਤਰ੍ਹਾਂ ਜਦ ਅਸੀਂ ਕਿਸੇ ਭਾਸ਼ਾ ਦੀ ਸਮੁੱਚੀ ਸਾਹਿੱਤ ਸਿਰਜਣਾ ਜਾਂ ਸਾਹਿੱਤਿਕ ਵਿਕਾਸ ਨੂੰ, ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮਾਜਿਕ ਇਤਿਹਾਸ ਦੀ ਗਤੀ ਨਾਲ ਮੇਲ ਕੇ ਆਦਿ ਤੋਂ ਵਰਤਮਾਨ ਤਕ ਅੰਕਿਤ ਕਰਦੇ ਹਾਂ ਤਾਂ ਇਹ ਸਾਹਿੱਤ ਦਾ ਇਤਿਹਾਸ ਬਣ ਜਾਂਦਾ ਹੈ ਅਤੇ ਜਿਥੇ ਕਿਧਰੇ ਵੀ ਇਸ ਸਮਾਜਿਕ ਇਤਿਹਾਸ ਦੀ ਗਤੀ ਵਿਚ ਕੋਈ ਪੜਾਅ, ਮੋੜ ਜਾਂ ਪਰਿਵਰਤਨ ਆ ਜਾਂਦਾ ਹੈ, ਜਿਹੜਾ ਸਾਹਿੱਤ ਦਾ ਸਰੂਪ ਜਾਂ ਸੁਭਾਅ ਨੂੰ ਵੀ ਬਦਲਣ ਦੇ ਸਮਰੱਥ ਬਣਦਾ ਹੈ ਤਾਂ ਉਸ ਨੂੰ ਅਸੀਂ ਇਕ ਵਿਸ਼ੇਸ਼ ਦੌਰ ਮਿਥ ਲੈਂਦੇ ਹਾਂ ਤੇ ਇਸ ਤਰ੍ਹਾਂ ਸਮੁੱਚੇ ਸਾਹਿੱਤਿਕ ਇਤਿਹਾਸ ਵਿਚ ਜਿਹੜੇ ਵੀ ਤੇ ਜਿੰਨੇ ਵੀ ਅਜਿਹੇ ਦੌਰ ਆਉਂਦੇ ਹਨ, ਉਨ੍ਹਾਂ ਨੂੰ ਜਦ ਅਸੀਂ ਭਿੰਨ-ਭਿੰਨ ਵਿਧੀਆਂ ਅਪਣਾ ਕੇ ਅਤੇ ਕੋਈ ਨਾਂ ਦੇ ਕੇ ਨਿਖੇੜਨ ਦਾ ਯਤਨ ਕਰਦੇ ਹਾਂ ਤਾਂ ਉਹ ਸਾਹਿੱਤ ਦੇ ਕਾਲ ਬਣ ਜਾਂਦੇ ਹਨ।
ਸਾਹਿੱਤ ਨੂੰ ਕਾਲਾਂ ਵਿਚ ਵੰਡਣ ਦਾ ਉੱਦੇਸ਼ ਜਾਂ ਮਨੋਰਥ ਜਿਥੇ ਭਿੰਨ-ਭਿੰਨ ਘਟਨਾਵਾਂ ਤੇ ਪ੍ਰਵਿਰਤੀਆਂ ਦੇ ਵਿਕਾਸ ਪੜਾਵਾਂ ਨੂੰ ਸਪੱਸ਼ਟ ਕਰਨਾ ਅਤੇ ਸਾਹਿੱਤ ਦੀਆਂ ਭਿੰਨ-ਭਿੰਨ ਧਾਰਾਵਾਂ ਦੇ ਸ੍ਰੋਤਾਂ ਅਤੇ ਪ੍ਰੇਰਣਾ ਦੇਣ ਵਾਲੇ ਤੱਤਾਂ ਦਾ ਨਿਰੂਪਣ ਕਰਨਾ ਹੁੰਦਾ ਹੈ, ਉਥੇ ਸਾਹਿੱਤ-ਰੂਪਾਂ ਦਾ ਵਿਕਾਸ, ਸਾਹਿੱਤ ਦੀਆਂ ਵੱਖ-ਵੱਖ ਅੰਤਰ-ਧਾਰਾਵਾਂ ਦਾ ਵਿਸ਼ਲੇਸ਼ਣ ਅਤੇ ਸਾਹਿੱਤ ਦੇ ਮੂਲ ਗੁਣਾਂ ਦੀ ਤੁਲਨਾਤਮਕ ਮੁਲੰਕਣ ਵੀ ਬਹੁਤ ਹੱਦ ਤਕ ਇਸੇ ਨਾਲ ਹੀ ਜੁੜਿਆ ਹੋਇਆ ਹੈ । ਇਕ ਯੁੱਗ ਦੀ ਸਾਹਿੱਤਿਕ ਚੇਤੰਨਤਾ ਉਪਰੋਕਤ ਆਂਤ੍ਰਿਕ ਜਾਂ ਬਾਹਰੀ ਕਾਰਣਾਂ ਕਰਕੇ ਜਦ ਮੱਧਮ ਪੈਣ ਲਗਦੀ ਹੈ ਅਤੇ ਨਵੀਂ ਚੇਤੰਨਤਾ ਨੂੰ ਜਨਮ ਦਿੰਦੀ ਦਿਖਾਈ ਦਿੰਦੀ ਹੈ ਤਾਂ ਨਿਸ਼ਚੇ ਹੀ ਇਸ ਨੂੰ ਅਸੀਂ ਨਵੇਂ ਦੌਰ ਜਾਂ ਕਾਲ ਦਾ ਆਰੰਭ ਆਖ ਸਕਦੇ ਹਾਂ ਅਤੇ ਜੀਵਨ-ਗਤੀ ਵਾਂਗ ਸਾਹਿੱਤ ਦੀ ਕਿਸੇ ਵਿਸ਼ੇਸ਼ ਰੁੱਚੀ, ਪ੍ਰਵਿਰਤੀ ਜਾਂ ਧਾਰਾ ਦੇ ਉੱਥਾਨ ਤੇ ਪਤਨ ਦੇ ਇਤਿਹਾਸਕ-ਕ੍ਰਮ ਨੂੰ ਸਾਹਮਣੇ ਰੱਖ ਕੇ ਨਿਖੇੜਨ ਦਾ ਯਤਨ ਕਰਦੇ ਹਾਂ, ਪਰ ਇਸ ਤੱਥ ਨੂੰ ਵੀ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ ਕਿ ਕਿਸੇ ਯੁਗ ਵਿਸ਼ੇਸ਼ ਦੀ ਸਾਹਿੱਤਿਕ ਚੇਤੰਨਤਾ ਪੂਰੀ ਤਰ੍ਹਾਂ ਕਦੇ ਵੀ ਖ਼ਤਮ ਜਾਂ ਲੋਪ ਨਹੀਂ ਹੁੰਦੀ । ਸਮਾਂ ਪਾ ਕੇ ਮੱਧਮ ਜ਼ਰੂਰ ਪੈ ਜਾਂਦੀ ਹੈ ਤੇ ਨਵੇਂ ਦੌਰ ਦੀ ਪ੍ਰਮੁੱਖ ਧਾਰਾ ਜਾਂ ਪ੍ਰਧਾਨ ਸੁਰ ਦੇ ਟਾਕਰੇ ਤੇ ਆਪਣਾ ਗੌਰਵ ਜਾਂ ਮਹੱਤਵ ਖੋਇਆ ਮਹਿਸੂਸ ਕਰਦੀ ਹੈ ਤੇ ਇਸ ਨਾਲ ਅਸੀਂ ਸਾਹਿੱਤ ਦੇ ਇਤਿਹਾਸ ਦੇ ਅਗਲੇ ਦੌਰ ਜਾਂ ਪੜਾਅ ਦਾ ਜ਼ਿਕਰ ਆਰੰਭ ਦਿੰਦੇ ਹਾਂ।
ਸਾਹਿੱਤ ਦੀ ਉਪਜ ਤੇ ਵਿਕਾਸ ਦਾ ਮੁੱਖ ਆਧਾਰ ਪਰੰਪਰਾ ਤੇ ਵਾਤਾਵਰਣ ਹੁੰਦਾ ਹੈ । ਪਰੰਪਰਾ ਨੂੰ ਤਿਆਗ ਕੇ ਅਤੇ ਆਪਣੇ ਦੌਰ ਜਾਂ ਕਾਲ ਦੇ ਵਾਤਾਵਰਣ ਵਲੋਂ ਅੱਖਾਂ ਮੀਟ ਕੇ ਸਾਹਿੱਤ ਦੀਆਂ ਮੂਲ ਪ੍ਰਵਿਰਤੀਆਂ ਜਾਂ ਵਿਕਾਸ-ਧਾਰਾਵਾਂ ਦਾ ਠੀਕ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਪਰੰਪਰਾਈ ਤੇ ਵਾਤਾਵਰਣਿਕ ਜੋੜ-ਨਿਖੇੜ ਸਾਹਿੱਤ ਦੇ ਇਤਿਹਾਸ ਦੇ ਅਧਿਐਨ ਲਈ ਲਾਹੇਵੰਦ ਹੋ ਸਕਦਾ ਹੈ। ਸਮਾਜ ਸ਼ਾਸਤਰੀਆਂ ਨੇ ਸਮਾਜਿਕ ਢਾਂਚੇ ਦੀ