ਗੁਰੂ ਨਾਨਕ ਬਾਣੀ ਵਿਚ ਉਪਰੋਕਤ ਤਿੰਨਾਂ ਪੱਖਾਂ ਉੱਤੇ ਭਰਪੂਰ ਚਾਨਣ ਪਾਇਆ ਗਿਆ ਹੈ ਅਤੇ ਵਿਸ਼ੇਸ਼ ਕਰਕੇ ਆਸਾ ਦੀ ਵਾਰ, ਜਪੁਜੀ ਤੇ ਸਿੱਧ ਗੋਸ਼ਟਿ ਵਿੱਚੋਂ ਇਸ ਦੇ ਪ੍ਰਮਾਣ ਦੇਖੇ ਜਾ ਸਕਦੇ ਹਨ । ਜਿੱਥੇ ਦਾਰਸ਼ਨਿਕ ਪੱਖੋਂ ਗੁਰੂ ਜੀ ਦੀ ਬਾਣੀ ਅਦੁਤੀ ਤੇ ਮਹਾਨ ਹੈ, ਉਥੇ ਕਾਵਿ-ਕਲਾ ਦੀ ਦ੍ਰਿਸ਼ਟੀ ਤੋਂ ਵੀ ਇਸ ਨੂੰ ਸਰਬੋਤਮ ਸਥਾਨ ਪ੍ਰਾਪਤ ਹੈ । ਸਾਰੀ ਰਚਨਾ ਸੰਗੀਤਕ ਲੈ ਜਾਂ ਰਾਗਾਤਮਿਕਤਾ ਵਿਚ ਬੱਝੀ ਹੋਈ ਹੈ ਤੇ ਇਸ ਵਿਚ ਛੰਦਾਂ ਦੀ ਵੰਨ-ਸੁਵੰਨਤਾ ਤੋਂ ਬਿਨਾਂ ਸਾਰੇ ਰਸ ਵੀ ਦੇਖੇ ਜਾ ਸਕਦੇ ਹਨ। ਹੇਠਾਂ ਇਨ੍ਹਾਂ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ:
ਸ਼ਿੰਗਾਰ ਰਸ
ਮੇਰੀ ਰੁਣ ਝੁਣ ਲਾਇਆ
ਭੈਣੇ ਸਾਵਣ ਆਇਆ।
ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ।
ਚੂੜਾ ਭਨ ਪਲੰਘ ਸਿਉ ਮੁੰਧੇ, ਸਣੁ ਬਾਹੀਂ ਸਣੁ ਬਾਂਹਾ।!
ਏਤੇ ਵੇਸ ਕਰੇਂਦੀਏ ਮੁੰਧੇ, ਸ਼ਹੁ ਰਾਤੋ ਅਵਰਾਹਾ।
ਨਾ ਮਨਿਆਰੁ ਨ ਚੂੜੀਆਂ ਨਾ ਸੇ ਵੰਗੜੀਆਹਾ।
ਜੇ ਸਹੁ ਕੰਠ ਨ ਲੱਗੀਆਂ, ਜਲਨ ਸੇ ਬਾਹੜੀਆਂ।
ਰੋਦ੍ਰ ਰਸ
ਜੇ ਸਕਤਾ ਸਕਤੇ ਕਉ ਮਾਰੇ
ਤਾਂ ਮਨਿ ਰੋਸੁ ਨਾ ਹੋਈ।
ਸਕਤਾ ਸੀਹੁ ਮਾਰੇ ਪੈ ਵੱਗੇ,
ਖਸਮੇ ਸਾ ਪੁਰਸਾਈ।
ਅਦਭੁਤ ਰਸ
ਵਿਸਮਾਦ ਨਾਦ, ਵਿਸਮਾਦ ਵੇਦ।
ਵਿਸਮਾਦ ਜੀਅ, ਵਿਸਮਾਦ ਭੇਦ ।
ਵਿਸਮਾਦ ਰੂਪ, ਵਿਸਮਾਦ ਰੰਗ।
ਵਿਸਮਾਦ ਨਾਂਗੇ, ਫਿਰਹਿ ਜੰਤ।
ਵਿਸਮਾਦ ਪਉਣ, ਵਿਸਮਾਦ ਪਾਣੀ।
ਵਿਸਮਾਦ ਅਗਨੀ, ਖੇਡਹਿ ਵਿਡਾਣੀ।
ਹਾਸ ਰਸ
ਵਾਇਨ ਚੇਲੇ ਨਚਨਿ ਗੁਰ।
ਪੈਰ ਹਲਾਇਨ ਫੇਰਨਿ ਸਿਰ।
ਉਡਿ ਉਡਿ ਰਾਵਾ ਝਾਟੇ ਪਾਇ।
ਵੇਖੋ ਲੋਕੁ ਹਸੈ ਘਰਿ ਜਾਇ ।
ਰੋਟੀਆ ਕਾਰਣ ਪੂਰਹਿ ਤਾਲ।
ਆਪ ਪਛਾੜਹਿ ਧਰਤੀ ਨਾਲ।
ਕਰੁਣਾ ਰਸ
ਸੱਜਣ ਮੈਂਡੇ ਰਾਂਗੁਲੇ, ਜਾਇ ਸੁਤੇ ਜੀਰਾਣਿ।
ਹੰਭੀ ਵੰਵਾਂ ਡੂੰਮਣੀ, ਰੋਵਾਂ ਝੀਣੀ ਬਾਣਿ।