ਜਲਿ ਮੈ ਜੰਤ ਉਪਾਇਕੈ, ਤਿਨਾ ਭੀ ਰੋਜ਼ੀ ਦੇ ।
ਆਪ ਦੇ ਰਚੇ ਹੋਏ ਬਹੁਤ ਸਾਰੇ ਸ਼ਲੋਕ ਲੋਕੋਕਤੀਆਂ ਬਣ ਗਈਆ ਹਨ, ਜਿਵੇਂ-
(1) ਹਉਮੈ ਦੀਰੁਘ ਰੋਗ ਹੈ, ਦਾਰੂ ਭੀ ਇਸਿ ਮਾਹਿ।
(2) ਨਾਲਿ ਇਆਣੇ ਦੋਸਤੀ ਕਦੇ ਨਾ ਆਵੈ ਰਾਸ।
(3) ਮੰਦਾ ਕਿਸ ਨੂੰ ਆਖੀਏ, ਜਾਂ ਸਭਨਾ ਸਾਹਿਬ ਏਕੁ ।
ਇਕ ਰਵਾਇਤ ਪ੍ਰਚਲਿਤ ਹੈ ਕਿ ਆਪ ਨੇ ਭਾਈ ਪੈੜੇ ਮੋਖੇ ਨੂੰ ਸੱਣ ਕੇ. ਭਾਈ ਬਾਲੇ ਪਾਸੋਂ ਗੁਰੂ ਨਾਨਕ ਦੇਵ ਜੀ ਬਾਰੇ ਸਮਾਚਾਰ ਸੁਣ ਕੇ ਉਨ੍ਹਾਂ ਦੇ ਆਧਾਰ ਤੇ ਉਸ ਪਾਸੋਂ ਪਹਿਲੀ ਜਨਮ-ਸਾਖੀ ਤਿਆਰ ਕਰਵਾਈ, ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਅਖਵਾਈ । ਗੁਰਮੁਖੀ ਲਿੱਪੀ ਨੂੰ ਵੀ ਆਪ ਨੇ ਸੋਧ ਕੇ ਗੁਰਬਾਣੀ ਨੂੰ ਲਿਖਣ ਲਈ ਵਰਤੋਂ ਵਿਚ ਲਿਆਂਦਾ ਤੇ ਇਸ ਨੂੰ ਪੜ੍ਹਾਈ ਲਈ ਵੀ ਪ੍ਰਚਲਿਤ ਕੀਤਾ।
ਗੁਰੂ ਅਮਰਦਾਸ ਜੀ (1479-1574 ਈ.): ਗੁਰੂ ਅਮਰਦਾਸ ਜੀ ਦੀ ਰਚਨਾ ਦਾ ਵਿਸ਼ਾ ਤਾਂ ਗੁਰੂ ਨਾਨਕ ਵਾਲਾ ਹੀ ਹੈ ਪਰ ਬਿਆਨ-ਢੰਗ, ਸ਼ੈਲੀ ਤੇ ਕਲਾਤਮਕ ਗੁਣਾਂ ਕਰਕੇ, ਇਸ ਨੂੰ ਪਛਾਣਿਆ ਜਾ ਸਕਦਾ ਹੈ। ਆਪ ਨੇ ਵਡੇਰੀ ਉਮਰ ਵਿਚ ਜਾ ਕੇ ਬਾਣੀ ਲਿਖਣੀ ਸ਼ੁਰੂ ਕੀਤੀ। ਆਪ ਦੀ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ :
(1) ਅਨੰਦ ਸਾਹਿਬ (2) ਚਾਰ ਵਾਰਾਂ - ਰਾਗ ਸੂਹੀ, ਰਾਗ ਗੁਜਰੀ, ਰਾਗ ਮਾਰੂ ਤੇ ਰਾਗ ਰਾਮਕਲੀ (3) ਅਸ਼ਟਪਦੀਆਂ, ਸ਼ਬਦ ਤੇ ਸ਼ਲੋਕ ਕੁਲ ਮਿਲਾ ਕੇ 896 ਹਨ। ਅਨੰਦ ਸਾਹਿਬ ਆਪ ਦੀ ਸਭ ਤੋਂ ਸ੍ਰੇਸ਼ਟ ਤੇ ਪ੍ਰਤਿਨਿਧ ਰਚਨਾ ਹੈ, ਜਿਸ ਵਿਚ ਦਾਰਸ਼ਨਿਕ ਵਿਚਾਰਾਂ ਤੇ ਆਤਮਿਕ ਰਹੱਸਾਂ ਨੂੰ ਬੜੇ ਭਾਵ-ਪੂਰਤ ਰੰਗ ਵਿਚ ਪੇਸ਼ ਕੀਤਾ ਹੈ। ਆਪ ਦੀ ਸਾਰੀ ਰਚਨਾ ਜਿੱਥੇ ਰਾਗਾਂ ਵਿਚ ਬੱਝੀ ਹੋਈ ਹੈ, ਉਥੇ ਸ਼ਬਦਾਂ ਦੀ ਚੋਣ, ਸੁਹਜ, ਲੈ ਤੇ ਤਾਲ ਵਿਚ ਇਕ ਵੱਖਰੀ ਮਿਠਾਸ ਦਿਸ ਆਉਂਦੀ ਹੈ । ਆਪ ਦੀ ਰਚਨਾ ਦੇ ਕੁਝ ਕੁ ਨਮੂਨੇ ਇਸ ਪ੍ਰਕਾਰ ਹਨ :
(1) ਸਤੀਆ ਇਹਿ ਨਾ ਆਖੀਅਨਿ, ਜੋ ਮੜ੍ਹੀਆਂ ਲਗ ਜਲੰਨਿ।
ਨਾਨਕ ਸਤੀਆਂ ਜਾਣੀਅਨਿ ਜੋ ਬਿਰਹੇ ਚੋਟ ਮਰੰਨਿ ।
(2) ਇਹ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ।
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤ ਨ ਹੋਇ।
(3) ਐਸਾ ਕੰਮ ਮੂਲੇ ਨਾ ਕੀਚੈ ਜਿਤੁ ਅੰਤਿ ਪਛੋਤਾਈਐ।
ਗੁਰੂ ਰਾਮਦਾਸ ਜੀ (1534-1581 ਈ): ਆਪ ਦੀ ਰਚਨਾ ਠੇਠ ਪੰਜਾਬੀ ਦਾ ਸੁੰਦਰ ਨਮੂਨਾ ਹੈ, ਜਿਸ ਉੱਤੇ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਹੈ। ਆਪ ਦੀ ਰਚਨਾ ਦੀ ਖੂਬੀ ਪਰਮਾਤਮਾ ਤੇ ਗੁਰੂ ਲਈ ਅਥਾਹ ਪ੍ਰੇਮ ਤੇ ਸ਼ਰਧਾ ਹੈ, ਜਿਸ ਨੂੰ ਬਿਆਨ ਕਰਨ ਲਈ ਭਿੰਨ ਭਿੰਨ ਅਲੰਕਾਰਾਂ ਤੇ ਜੀਵਨ ਤੇ ਤਜਰਬਿਆਂ ਨਾਲ ਇਕ ਨਵਾਂ ਰੰਗ ਤੇ ਰਸ ਪੈਦਾ ਕੀਤਾ ਹੈ । ਕਵਿਤਾ ਵਿਚ ਲੈ, ਤਾਲ ਤੇ ਰਸ ਦੀ ਪ੍ਰਧਾਨਤਾ ਹੈ, ਭਾਵੇਂ ਤੁਕਾਂ ਦੀ ਲੰਬਾਈ ਕਈ ਵਾਰ ਵਾਰਤਕ ਦਾ ਭੁਲੇਖਾ ਪਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਵਾਰਾਂ ਆਪ ਜੀ ਦੀਆਂ ਹੀ ਹਨ ਜਿਨ੍ਹਾਂ ਦੀ ਗਿਣਤੀ 8 ਹੈ । ਆਪ ਜੀ ਦੇ ਰਚੇ ਹੋਏ ਕੁਲ ਸ਼ਬਦ 638 ਹਨ ਜਿਨ੍ਹਾਂ ਵਿਚ ਭਿੰਨ-ਭਿੰਨ ਛੰਦਾਂ ਤੇ ਰਾਗਾਂ ਦੀ ਵਰਤੋਂ ਕੀਤੀ ਗਈ ਹੈ। ਆਪ ਦੀ ਬਾਣੀ ਵਿਚੋਂ ਕੁਝ ਕੁ ਵੰਨਗੀਆਂ ਇਸ ਪ੍ਰਕਾਰ ਹਨ :
(1) ਹਰਿ ਪ੍ਰੇਮ ਬਾਣੀ ਮਨੁ ਮਾਰਿਆ, ਅਣੀਆਲੇ ਅਣੀਆਂ ਰਾਮ ਰਾਜੇ।
ਜਿਸੁ ਲਾਗੀ ਪੀੜ ਪਿਰੰਮ ਕੀ ਸੋ ਜਾਣੇ ਜਰੀਆ।
ਜੀਵਨ ਮੁਕਤਿ ਹੋ ਆਖੀਐ, ਮਰਿ ਜੀਵੇ ਮਰੀਆ।
(2) ਹਰਿ ਅੰਮ੍ਰਿਤ ਭਿੰਨੇ ਲੋਇਣਾ, ਮਨੁ ਪ੍ਰੇਮ ਰਤੰਨਾਂ ਰਾਮ ਰਾਜੇ।
ਮਨੁ ਰਾਮਿ ਕਸਵਟੀ ਲਾਇਆ, ਕੰਚਨ ਸੰਵਿੰਨਾ।