Back ArrowLogo
Info
Profile

ਰੂਪ ਵਿਚ ਪਰਖਿਆਂ ਹੀ ਇਸ ਦਾ ਸਹੀ ਅਰਥ ਸਾਡੇ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਵਾਰ ਵਿਚ ਵਰਣਿਤ ਸੁਰ ਤੇ ਅਸੁਰ ਵਾਸਤਵ ਵਿਚ ਸਮਾਜ ਦੀਆਂ ਸਾਊ ਤੇ ਜ਼ਾਲਮ ਜਾਂ ਚੰਗੀਆ ਜਾਂ ਮਾੜੀਆਂ ਸ਼ਕਤੀਆਂ ਹਨ ਤੇ ਅਖੀਰ ਵਿਚ ਸੱਚ (ਚੰਗਿਆਈ) ਦੀ ਜਿੱਤ ਦਿਖਾਈ ਗਈ ਹੈ।

ਵਾਰ ਵਿਚ ਬੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ, ਪਰ ਹਾਸ-ਰਸ, ਬੀਭਤੱਸ-ਰਸ ਤੇ ਅਦਭੁਤ-ਰਸ ਵੀ ਆ ਜਾਂਦੇ ਹਨ। ਹੇਠ ਲਿਖੀਆਂ ਉਦਾਹਰਣਾਂ ਤੋਂ ਇਨ੍ਹਾਂ ਰਸਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ :

ਸੱਟ ਪਈ ਜਮਧਾਣੀ, ਦਲਾਂ ਮੁਕਾਬਲਾ,

ਧੂਹ ਲਈ ਕਿਰਪਾਣੀ, ਦੁਰਗਾ ਮਿਆਨ ਤੇ

ਚੰਡੀ ਰਾਖਸ਼ ਖਾਣੀ, ਵਾਹੀ ਦੈਂਤ ਨੂੰ

ਕੋਪਰ ਚੂਰ ਚੁਆਣੀ, ਲੱਥੀ ਕਰਗ ਲੈ

ਪਾਖਰ ਤੁਰਾ ਪਲਾਣੀ, ਰੜਕੀ ਧਰਤ ਜਾਇ ।

ਲੈਂਦੀ ਅਘਾ ਸਿਧਾਣੀ, ਸਿੰਗਾਂ ਧੌਲ ਦਿਆਂ

ਕੂਰਮ ਸਿਰ ਲਹਿਲਾਣੀ, ਦੁਸ਼ਮਣ ਮਾਰ ਕੇ।

ਦੈਂਤਾਂ ਦੀ ਹਾਲਤ ਬਿਆਨ ਕਰਕੇ ਹਾਸ ਰਸ ਉਪਜਾਇਆ ਗਿਆ ਹੈ :

ਧੂੜਿ ਲਪੇਟੇ ਧੂਰੇ, ਸਿਰਦਾਰ ਜਟਾਲੇ,

ਉਖਲੀਆਂ ਨਾਸਾਂ ਜਿਨ੍ਹਾਂ, ਮੂੰਹ ਜਾਪਣ ਆਲੇ।

ਧਾਏ ਦੇਵੀ ਸਾਹਮਣੇ, ਬੀਰ ਮੁਛਲੀਆਲੇ।

ਬੀਰ-ਰਸ ਦੇ ਪ੍ਰਭਾਵ ਨੂੰ ਤਿੱਖਾ ਕਰਨ ਲਈ ਅਤੇ ਯੁੱਧ ਦਾ ਦ੍ਰਿਸ਼ ਅੱਖਾਂ ਸਾਹਮਣੇ ਸਾਕਾਰ ਕਰਨ ਲਈ, ਗੁਰੂ ਸਾਹਿਬ ਨੇ ਬਹੁਤ ਸੁਹਣੇ ਅਲੰਕਾਰ ਵਰਤੇ ਹਨ :

ਬੀਰ ਪਰੋਤੇ ਬਰਛੀਏਂ, ਜਣ ਡਾਲ ਚਮੁੱਟੇ ਆਵਲੇ।

ਇਕ ਵਢੇ ਤੇਗੀ ਤੜਫੀਅਨ, ਮਦ ਪੀਤੇ ਲਟਿਨ ਬਾਵਲੇ।

ਇਕ ਚੁਣ ਚੁਣ ਝਾੜੀਓਂ ਕੱਢਿਅਨ, ਰੇਤ ਵਿਚੋਂ ਸੋਇਨਾ ਡਾਵਲੇ ।

ਉਪਮਾ ਅਲੰਕਾਰ ਦੀਆਂ ਕੁਝ ਇਕ ਹੋਰ ਵੰਨਗੀਆਂ :

ਗੱਜੇ ਦੁਰਗਾ ਘੇਰ ਕੇ, ਜਣ ਘਣੀਅਰ ਕਾਲੇ ।

ਜਾਂ

ਮਾਰੇ ਜਾਪਣੇ ਬਿਜਲੀ, ਸਿਰ ਭਾਰਿ ਮੁਨਾਰੇ ।

ਜਾਂ

ਵਗੇ ਰਤੁ ਝਲਾਰੀਂ, ਜਿਉਂ ਗੇਰੂ ਬਸਤਰਾਂ।

ਬੀਰ-ਰਸੀ ਰਚਨਾ ਦੀ ਇਕ ਲੋੜ ਢੁੱਕਵੀਂ ਸ਼ਬਦਾਵਲੀ ਦੀ ਹੁੰਦੀ ਹੈ, ਜਿਸ ਦੁਆਰਾ ਨਾ ਕੇਵਲ ਬੀਰਤਾ ਦਾ ਪ੍ਰਭਾਵ ਹੀ ਉਪਜਾਇਆ ਜਾਂਦਾ ਹੈ, ਸਗੋਂ ਪਾਠਕਾਂ ਦੇ ਸਾਹਮਣੇ ਜੰਗ ਦਾ ਨਕਸ਼ਾ ਵੀ ਉਲੀਕਿਆ ਜਾਂਦਾ ਹੈ ਜਿਸ ਤੋਂ ਪੜ੍ਹਨ ਸੁਣਨ ਵਾਲੇ ਸਮਝਣ ਕਿ ਸਾਰਾ ਕੁਝ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ । ਇਸ ਪੱਖ ਤੋਂ ਵੀ ਇਹ ਵਾਰ ਇਕ ਉੱਤਮ ਕ੍ਰਿਤ ਆਖੀ ਜਾ ਸਕਦੀ ਹੈ।

ਚੰਡੀ ਦੀ ਵਾਰ ਨਿਸ਼ਚੇ ਹੀ ਪੰਜਾਬੀ ਸਾਹਿੱਤ ਦੀ ਇਕ ਅਮਰ ਰਚਨਾ ਹੈ। ਇਸ ਵਾਰ ਤੋਂ ਬਿਨਾਂ 'ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਵਾਲਾ ਸ਼ਬਦ ਵੀ ਗੁਰੂ ਜੀ ਦੀ ਪੰਜਾਬੀ ਰਚਨਾ ਦਾ ਇਕ ਉੱਤਮ ਨਮੂਨਾ ਹੈ, ਜਿਹੜਾ ਆਮ ਲੋਕਾਂ ਦੇ ਮੂੰਹ ਤੇ ਚੜ੍ਹਿਆ ਹੋਇਆ ਹੈ । ਮਿੱਤ੍ਰ ਪਿਆਰੇ, ਅਕਾਲ ਪੁਰਖ ਦੇ ਵਿਛੋੜੇ ਵਿਚ ਜੀਵ-ਆਤਮਾ ਦੀ ਜੋ ਹਾਲਤ ਹੁੰਦੀ ਹੈ, ਉਸ ਨੂੰ ਸੰਕੇਤਾਂ ਤੇ ਪ੍ਰਤੀਕਾਂ ਦੀਆਂ ਕਲਾ-ਮਈ ਛੋਹਾਂ ਦੁਆਰਾ ਰੂਪਮਾਨ ਕੀਤਾ ਗਿਆ ਹੈ :

49 / 93
Previous
Next