Back ArrowLogo
Info
Profile

ਸਾਹਿੱਤ ਦੇ ਜਿਹੜੇ ਜਿਹੜੇ ਰੂਪ ਜਾਂ ਪੱਖ ਅਪਣਾਏ ਜਾ ਚੁੱਕੇ ਸਨ, ਉਨ੍ਹਾਂ ਦੀ ਜਾਣਕਾਰੀ ਦੇ ਕੇ, ਪੁਰਾਤਨ ਪੰਜਾਬੀ ਸਾਹਿੱਤ ਦੇ ਗੌਰਵ ਨੂੰ ਦਰਸਾਇਆ ਜਾ ਸਕੇ ਅਤੇ ਉਨ੍ਹਾਂ ਕਾਰਣਾ ਦਾ ਵੀ ਵਿਸਲੇਸਣ ਕੀਤਾ ਜਾ ਸਕੇ ਜਿਨ੍ਹਾਂ ਦੇ ਆਧਾਰ ਤੇ ਗੁਰੂ ਨਾਨਕ ਕਾਲ ਦੇ ਸਾਹਿਤ ਨੂੰ, ਸੁਨਹਿਰੀ ਕਾਲ ਆਖਿਆ ਜਾਣ ਲਗ ਪਿਆ ਹੈ । ਜਿਸ ਤਰ੍ਹਾਂ ਉਪਰ ਹਵਾਲਾ ਦਿੱਤਾ ਜਾ ਚੁੱਕਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਨਾਲ ਤੇ ਅਖੀਰ ਸ਼ਕਤੀਸ਼ਾਲੀ ਮੁਗਲ ਸਮਰਾਟ ਦੀ ਮ੍ਰਿਤੂ ਨਾਲ ਸਮਾਜਿਕ ਤੇ ਰਾਜਸੀ ਜੀਵਨ ਵਿਚ ਇਕ ਨਵੇਂ ਦੌਰ ਦਾ ਆਰੰਭ ਹੁੰਦਾ ਹੈ। ਜੀਵਨ ਦੇ ਲਕਸ਼ ਆਦਰਸ ਜਾਂ ਕੀਮਤਾਂ ਵਿਚ ਇਕ ਮਹਾਨ ਤਬਦੀਲੀ ਆ ਗਈ ਤੇ ਜੁਗ ਗਰਦੀਆਂ ਤੇ ਬਦੇਸੀ ਹੱਲਿਆਂ ਕਾਰਣ ਸਮਾਜਿਕ ਢਾਂਚਾ ਬਿਖਰ ਗਿਆ ਅਤੇ ਇਸ ਅਨਿਸਚਿਤਤਾ ਕਾਰਣ ਸਾਹਿੱਤ ਦੀ ਗਤੀ ਵਿਚ ਵੀ ਰੋਕ ਪਈ। ਇਸ ਪੁਸਤਕ ਵਿਚ ਸਾਹਿਤਿਕ ਗਤੀ ਦੀ ਚੜ੍ਹਤ ਨੂੰ ਦਰਸਾਇਆ ਗਿਆ ਹੈ ਜਦ ਕਿ 1708 ਈ. ਤੋਂ ਇਸ ਦੇ ਪਤਨ ਦਾ ਦੌਰ ਆਰੰਭ ਹੋ ਜਾਂਦਾ ਹੈ।

ਸਾਹਿੱਤ ਦੇ 1700 ਈ. ਤੱਕ ਦੇ ਸਮੇਂ ਨੂੰ ਅਸੀਂ ਦੋ ਕਾਲਾਂ ਵਿਚ ਵੰਡਿਆ ਹੈ । 1500 ਈ. ਤੱਕ ਨੂੰ ਪੂਰਵ- ਨਾਨਕ ਕਾਲ ਤੇ 1501 ਤੋਂ 1700 ਈ. ਤੱਕ ਨੂੰ ਗੁਰੂ ਨਾਨਕ ਕਾਲ ਦਾ ਨਾਂ ਦਿੱਤਾ ਹੈ । ਸਾਹਿੱਤ ਦੇ ਇਤਿਹਾਸ ਨੂੰ ਕਾਲਾਂ ਵਿਚ ਵੰਡਣ ਤੇ ਹਰ ਕਾਲ ਨੂੰ ਢੁੱਕਵਾਂ ਨਾਂ ਦੇਣ ਸੰਬੰਧੀ ਵੀ ਸੰਖੇਪ ਵਿਚ ਇਥੇ ਚਰਚਾ ਕਰਨੀ ਜ਼ਰੂਰੀ ਪ੍ਰਤੀਤ ਹੁੰਦੀ ਹੈ। 850 ਈ ਤੋਂ 1500 ਈ ਤਕ ਰਚੇ ਗਏ ਸਾਹਿੱਤ ਨੂੰ ਇਨ੍ਹਾਂ ਨਾਵਾਂ ਨਾਲ ਅੰਕਿਤ ਕੀਤਾ ਜਾਂਦਾ ਹੈ :

(ੳ) ਪੰਜਾਬੀ ਸਾਹਿੱਤ ਦਾ ਮੁੱਢਲਾ ਕਾਲ ਜਾਂ ਆਦਿ ਕਾਲ

(ਅ) ਨਾਥ ਜੋਗੀਆਂ ਦਾ ਸਮਾਂ

(ੲ) ਫਰੀਦ ਕਾਲ

(ਸ) ਪੂਰਵ-ਨਾਨਕ ਕਾਲ

ਇਸੇ ਤਰ੍ਹਾਂ 1501 ਈ ਤੋਂ 1700 ਈ ਤੱਕ ਦੇ ਸਾਹਿਤਿਕ ਦੌਰ ਨੂੰ ਹੇਠ ਲਿਖੇ ਨਾ ਦਿੱਤੇ ਜਾਂਦੇ ਹਨ :

(ੳ) ਮੁਗ਼ਲ ਰਾਜ ਦਾ ਸਮਾਂ

(ਅ) ਗੁਰੂ ਸਾਹਿਬਾਨ ਦਾ ਜਮਾਨਾ

(ੲ) ਗੁਰੂ ਨਾਨਕ ਕਾਲ

(ਸ) ਵਿਚਕਾਰਲਾ ਸਮਾਂ (ਮੱਧ ਕਾਲ)

ਮੱਧ ਕਾਲ ਦੇ ਸਾਹਿੱਤ ਵਿਚ ਬਾਕੀ ਸਾਹਿੱਤਕਾਰਾਂ ਦੇ ਟਾਕਰੇ ਤੇ ਗੁਰੂ ਨਾਨਕ ਦੀ ਸਭ ਤੋਂ ਸ੍ਰੇਸ਼ਟ ਪਦਵੀ ਹੈ। ਉਹ ਨਾ ਕੇਵਲ ਇਕ ਮਹਾਨ ਸਾਹਿੱਤਕਾਰ ਹੀ ਸਨ ਸਗੋਂ ਸਮੁੱਚੀ ਗੁਰਮਤਿ ਕਾਵਿ-ਧਾਰਾ, ਆਪ ਦੀ ਪ੍ਰਤਿਭਾ ਤੇ ਸਖ਼ਸੀਅਤ ਦੇ ਦੁਆਲੇ ਹੀ ਘੁੰਮਦੀ ਹੈ ਅਤੇ ਇਸੇ ਲਈ ਬਾਕੀ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਰਚਨਾ ਵਿਚ 'ਨਾਨਕ' ਨਾਮ ਦੀ ਹੀ ਵਰਤੋਂ ਕੀਤੀ। ਮੱਧ ਕਾਲ ਦੇ ਸਾਹਿੱਤ ਦੀ ਪ੍ਰਧਾਨ ਸੁਰ ਵੀ ਧਾਰਮਿਕ ਭਾਵਾਂ ਵਾਲੀ ਸੀ, ਜਿਸ ਵਿਚ ਗੁਰਮਤਿ ਕਾਵਿ ਦਾ ਸਭ ਤੋਂ ਵੱਧ ਮਹੱਤਵ ਤੇ ਵਡੇਰਾ ਹੱਥ ਹੈ। ਇਸੇ ਲਈ ਇਸ ਕਾਵਿ-ਧਾਰਾ ਦੇ ਮੋਢੀ ਤੇ ਬਾਨੀ ਦੇ ਨਾਂ ਤੇ ਸਾਹਿੱਤ ਦੇ ਇਸ ਕਾਲ ਦਾ ਨਾਂ "ਗੁਰੂ ਨਾਨਕ ਕਾਲ ਰਖਣਾ ਢੁੱਕਵਾਂ ਤੇ ਉਚਿਤ ਪ੍ਰਤੀਤ ਹੁੰਦਾ ਹੈ। ਗੁਰੂ ਨਾਨਕ ਤੋਂ ਪਹਿਲਾਂ ਸਾਹਿਤ ਸਿਰਜਣਾ ਦੀ ਇਕ ਨਿਖੜਵੀਂ ਮਰਯਾਦਾ ਹੋਂਦ ਵਿਚ ਆ ਚੁੱਕੀ ਸੀ ਜਿਸ ਨੂੰ ਆਧਾਰ ਬਣਾ ਕੇ ਹੀ ਅਗਲੇ ਸਾਹਿੱਤ ਦਾ ਠੀਕ ਮੁੱਲ ਪਾਇਆ ਜਾ ਸਕਦਾ ਹੈ। ਬਾਬਾ ਫਰੀਦ ਦੀ ਸਖ਼ਸੀਅਤ ਵੀ ਨਿਸਚੇ ਹੀ ਅਦੁੱਤੀ ਹੈ ਅਤੇ ਵਿਦਵਾਨਾਂ ਨੇ ਉਸ ਨੂੰ ਪੰਜਾਬੀ ਸਾਹਿੱਤ ਦਾ ਪਿਤਾਮਾ ਆਖਿਆ ਹੈ, ਪਰ ਫਰੀਦ ਨੇ ਜਿਸ ਧਾਰਾ ਨੂੰ ਜਨਮ ਦਿੱਤਾ. ਉਸ ਦਾ ਵਿਕਾਸ ਕਾਫੀ ਸਮਾਂ ਪਾ ਕੇ ਹੋਇਆ। ਨਾਲ ਹੀ ਬਾਬਾ ਫਰੀਦ ਦੀ ਰਚਨਾ ਸਾਡੇ ਤਕ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਪੁੱਜੀ ਅਤੇ ਇਹ ਗੁਰਮਤਿ ਕਾਵਿ ਦਾ ਅੰਗ ਬਣ ਗਈ। ਇਸ ਲਈ ਪਹਿਲੇ ਕਾਲ ਨੂੰ ਬਾਬਾ ਫਰੀਦ ਕਾਲ ਦੀ ਬਜਾਇ 'ਪੂਰਵ-ਨਾਨਕ ਕਾਲ’ ਆਖਣਾ ਹੀ ਉਚਿੱਤ ਪ੍ਰਤੀਤ ਹੁੰਦਾ ਹੈ।

ਆਸ ਹੈ ਪੰਜਾਬੀ ਦੇ ਮੁੱਢਲੇ ਮੱਧ-ਕਾਲ ਦੇ ਸਾਹਿੱਤ ਦਾ ਇਹ ਸੰਖੇਪ ਇਤਿਹਾਸ, ਵਿਦਿਆਰਥੀਆਂ ਤੇ ਆਮ ਪਾਠਕਾਂ ਨੂੰ ਯੋਗ ਸੇਧ ਤੇ ਆਵੱਸ਼ਕ ਜਾਣਕਾਰੀ ਦੇਣ ਵਿਚ ਸਹਾਇਤਾ ਕਰੇਗਾ।

ਪਰਮਿੰਦਰ ਸਿੰਘ (ਡਾ.)

6 / 93
Previous
Next