

ਉਸ ਨੇ ਜ਼ਰਾ ਜਿੰਨੀ ਭੀ ਗੱਲ ਨਾ ਸੁਣੀ। ਹੁਣ ਇਸ ਸੱਜੇ ਪਾਸੇ ਨੂੰ ਖ਼ਾਲੀ ਵੇਖ ਕੇ ਡਿਕ ਸਾਹਿਬ ਦੀ ਹਾਰੀ ਹੋਈ ਫੌਜ ਨੂੰ ਅਪਣੀ ਸ਼ਰਮਿੰਦਗੀ ਧੋਣ ਦਾ ਕਾਫੀ ਸਮਾਂ ਮਿਲ ਗਿਆ। ਡਿਕ ਸਾਹਿਬ ਨੇ ਇਸ ਹਿੱਸੇ ਤੇ ਸਹਿਜ ਨਾਲ ਹੀ ਕਬਜ਼ਾ ਕਰ ਲਿਆ, ਜਿਸ ਤੋਂ ਦਰਮਿਆਨੀ ਹਿੱਸੇ ਤੇ ਕਬਜ਼ਾ ਕਰਨ ਵਾਲੀ ਗਿਲਬਰਟ ਸਾਹਿਬ ਦੀ ਫੌਜ ਨੂੰ ਬਹੁਤ ਮਦਦ ਮਿਲ ਗਈ ਅਤੇ ਉਹ ਵੀ ਬੜੀ ਤੇਜ਼ੀ ਨਾਲ ਅੱਗੇ ਵਧਣ ਲੱਗੀ। ਫਿਰ ਗਿਲਬਰਟ ਸਾਹਿਬ ਦੀ ਮਦਦ ਨੂੰ ਸਮਿਥ ਤੇ ਸਟੇਸ਼ੀ ਸਾਹਿਬ ਦੀ ਫੌਜ ਆ ਗਈ। ਉਸ ਵੇਲੇ ਤਿੰਨਾਂ ਪਾਸਿਆਂ ਤੋਂ ੨੦੦ ਤੋਪਾਂ ਦੀ ਮਾਰ ੧੮੦੦੦ ਬੰਦੂਕਾਂ ਦੀਆਂ ਗੋਲੀਆਂ ਦੀ ਬੁਛਾੜ ਇੰਨੀ ਤਿੱਖੀ ਸਿੱਖਾਂ ਤੇ ਪੈ ਰਹੀ ਸੀ ਕਿ ਜਿਸ ਦੇ ਸਾਹਮਣੇ ਸਾਵਨ ਦਾ ਮੀਂਹ ਸ਼ਰਮਿੰਦਾ ਸੀ। ਕਿੰਤੂ ਸਿੱਖਾਂ ਨੇ ਜ਼ਰਾ ਵੀ ਹਿੰਮਤ ਨਹੀਂ ਹਾਰੀ, ਸਗੋਂ ਸ਼ੇਰਾਂ ਵਾਂਗ ਛਾਲਾਂ ਮਾਰਦੇ ਅੰਗ੍ਰੇਜ਼ੀ ਫੌਜ ਤੇ ਆ ਪਏ। ਕੇਲਿਆਂ ਵਾਂਗ ਗੋਰੇ ਕਟੀਣ ਲੱਗੇ ਤੇ ਪਿਛੇ ਨੱਠੇ। ਕਦੇ ਤਾਂ ਸਿੱਖਾਂ ਦੀ ਫੌਜ ਅੰਗ੍ਰੇਜ਼ੀ ਸੈਨਾ ਨੂੰ ਅੱਗੇ ਲਾ ਲੈਂਦੀ ਤੇ ਕਦੇ ਅੰਗ੍ਰੇਜ਼ੀ ਸੈਨਾ ਸਿੱਖ ਸੈਨਾ ਨੂੰ ਅੱਗੇ ਲਾ ਲੈਂਦੀ। ਦੋ ਘੰਟੇ ਤਕ ਇਹੋ ਹੀ ਹਾਲ ਰਿਹਾ। ਇਸ ਜੰਗ ਨੂੰ ਵੇਖ ਕੇ ਉਹ ਅੰਗ੍ਰੇਜ਼: ਜਿਨ੍ਹਾਂ ਨਿਪੋਲੀਅਨ ਦੇ ਜੰਗ ਵੇਖੇ ਸਨ, ਦੰਦਾਂ ਦੇ ਵਿੱਚ ਉਂਗਲੀ ਦੇ ਕੇ ਰਹਿ ਗਏ ਤੇ ਸਿੱਖਾਂ ਨੂੰ ਵਾਹ ਵਾਹ ਕਰਦੇ ਸਨ। ਦੋਨਾਂ ਪਾਸਿਆਂ ਤੋਂ ਬਹਾਦਰ ਬੜੀ ਹਿੰਮਤ ਤੇ ਜਵਾਂ ਮਰਦੀ ਨਾਲ ਲੜਦੇ ਸਨ। ਕੋਈ ਇੱਕ ਦੂਜੇ ਤੋਂ ਘੱਟ ਨਜ਼ਰ ਹੀ ਨਹੀਂ ਆਉਂਦਾ ਸੀ, ਬਲਕੇ ਤਲਵਾਰ ਦੀ ਲੜਾਈ ਵਿੱਚ ਸਿੱਖਾਂ ਦਾ ਕਦਮ ਅੱਗੇ ਸੀ। ਅਜੇਹੇ ਕਠਨ ਮੌਕੇ ਤੇ ਮਦਦ ਦੇ ਕੇ ਫੌਜ ਦਾ ਹੌਸਲਾ ਵਧਾਣਾ ਸੈਨਾਪਤੀ ਦਾ ਕੰਮ ਹੁੰਦਾ ਹੈ। ਕਿੰਤੂ ਮੰਦਭਾਗੇ ਸਿੱਖਾਂ ਦਾ ਵੈਰੀ ਲਾਲ ਸਿੰਘ ਤਾਂ ੧੦ ਹਜ਼ਾਰ ਆਪਣੀ ਸੈਨਾ ਨੂੰ ਅੱਗੇ ਪਿੱਛੇ ਕਰ ਕੇ ਤਮਾਸ਼ਾ ਵੇਖਦਾ ਰਿਹਾ ਤੇ ਲੂਣਹਰਾਮੀ ਤੇਜ ਸਿੰਘ ਆਪਣੀ ਅਰਦਲ ਦੇ ੫੦੦੦ ਜਵਾਨਾਂ ਨੂੰ ਨਾਲ ਲੈ ਕੇ ਨੱਸ ਪਿਆ ਤੇ ਜਾਂਦੀ ਵੇਰ ਦਰਯਾ ਤੇ ਜੋ ਪੁਲ ਬੱਧਾ ਹੋਇਆ ਸੀ, ਉਸ ਵਿੱਚੋਂ ਦੋ ਕਿਸ਼ਤੀਆਂ ਜਾਣ ਕੇ ਡੋਬ ਗਿਆ ਅਤੇ ਗੋਲ ਅੰਦਾਜ਼ਾਂ ਨੂੰ ਬਾਰੂਦ ਦੇਣਾ ਭੀ ਬੰਦ ਕਰ ਦਿੱਤਾ।
ਕਈ ਗੋਲਅੰਦਾਜ਼ਾਂ ਤੋਂ ਸੁਣਿਆ ਹੈ ਕਿ ਓਹਨਾਂ ਦੀਆਂ ਕੁਝ ਪੇਟੀਆਂ ਵਿੱਚੋਂ ਬਾਰੂਦ ਦੀ ਥਾਂ ਸਰਸੋਂ ਨਿੱਕਲੀ ਹੈ। ਸੋਚੋ! ਜਿਸ ਫੌਜ ਦੇ ਅਫਸਰਾਂ ਦੀ ਬਦਨੀਤੀ ਦਾ ਇਹ ਹਾਲ ਹੋਵੇ ਓਹ ਵਿਚਾਰੀ ਕਿਕੁਣ ਜਿੱਤ ਸਕਦੀ ਹੈ? ਬਿਨਾਂ ਸਰਦਾਰ ਦੇ ਫੌਜ ਕਦ ਤਕ ਲੜ ਸਕਦੀ ਸੀ? ਨੱਸਣ ਨੂੰ ਤਯਾਰ ਸੀ ਕਿ ਸਿੱਖਾਂ ਦਾ ਇੱਕ ਪੁਰਾਣਾ ਬਹਾਦਰ ਤੇ ਨੇਕਨਾਮ ਸਰਦਾਰ ਸ਼ਾਮ ਸਿੰਘ ਘੋੜੇ ਤੇ ਅਸਵਾਰ ਹੋ ਅੱਗੇ ਵਧਿਆ। ਇਹ ਘਰ ਤੋਂ ਹੀ ਸਰਬੰਸ ਦਾਨ ਕਰ ਕੇ ਸ਼ਹੀਦੀ ਦੀ ਪ੍ਰਾਪਤੀ ਲਈ ਚਿੱਟੇ ਰੇਸ਼ਮੀ ਕੱਪੜੇ ਪਾਈ ਆਇਆ ਸੀ। ਇਸ ਨੇ ਘੋੜੇ ਨੂੰ ਅੱਡੀ ਲਾ ਕੇ ਹਰ ਪਾਸੇ ਫੌਜ ਵਿੱਚ ਕਹਿਣਾ ਸ਼ੁਰੂ ਕੀਤਾ ਕਿ:
'ਐ ਬਹਾਦਰ ਖਾਲਸਾ ਕੌਮ! ਲੂਣ ਤੇ ਧਰਮ ਦੀ ਸ਼ਰਤ ਤੇ ਇਸ ਜੀਉਣ ਨਾਲੋਂ ਮਰ ਜਾਣਾ ਹੱਛਾ ਹੈ ਜੋ ਆਪਣੇ ਸਿੰਘ ਨਾਮ ਤੇ ਵੱਟਾ ਲਾ ਜਾਂਦੇ ਹਨ, ਆਪਣੇ ਗੁਰੂ ਸਾਹਿਬਾਨ ਦਾ ਹੁਕਮ ਪੂਰਾ ਕਰੋ ਕਿਉਂਕਿ ਉਸ ਤੇ ਚਲਣਾ ਆਪ ਦਾ ਧਰਮ ਹੈ। ਅੱਗੇ ਵਧ ਕੇ ਮਰੋ ਮਾਰੋ, ਜਿਸ ਤੋਂ ਉਹ ਦਰਜਾ ਮਿਲੇਗਾ ਜਿਸ ਦੇ ਵਾਸਤੇ ਬੜੇ ਬੜੇ ਰਿਖੀ ਮੁਨੀ ਤੇ ਤਪੱਸਵੀ ਯਾਚਨਾ ਕਰਦੇ ਹਨ। ਪਿਆਰੇ ਭਰਾਓ! ਲੂਣ ਦੀ ਸ਼ਰਤ ਤੇ ਜਾਨ ਦੇ ਦੇਣੀ ਹੀ ਫਤਹ ਹੈ। ਲੜਾਈ ਦੇ ਮੈਦਾਨ ਵਿੱਚੋਂ ਨੱਸ ਜਾਣਾ ਸਿੰਘਾਂ ਦਾ ਕੰਮ ਨਹੀਂ ਤੇ ਇਹ ਵੀ ਸਮਝ ਲਓ ਕਿ ਹੁਣ ਨੱਸ ਕੇ ਵੀ ਜਾਨ ਨਾ ਬਚੇਗੀ, ਕਿਉਂਕਿ ਕੋਈ ਰਾਹ ਨੱਸ ਜਾਣ ਨੂੰ ਨਹੀਂ ਰਿਹਾ। ਤਿੰਨ ਪਾਸੀਂ ਦੁਸ਼ਮਣ ਦੀ ਸੈਨਾ ਤੁਹਾਡੀ ਜਾਨ ਲੈਣ ਲਈ ਤਯਾਰ ਖੜੀ ਹੈ। ਚੌਥੇ ਪਾਸੇ ਦਰਯਾਏ ਸਤਲੁਜ ਜ਼ੋਰਾਂ ਤੇ ਹੈ ਜੋ ਪੁਲ ਸੀ, ਬੇਧਰਮੀਆਂ ਤੇਜ ਸਿੰਘ ਓਹ ਤੋੜ ਗਿਆ ਹੈ। ਹੁਣ ਸਵਾਏ ਸਾਮ੍ਹਣੇ ਹੋ ਕੇ ਲੜਨ ਦੇ ਹੋਰ ਕੋਈ ਰਾਹ ਨਹੀਂ ਦੀਹਦਾ, ਜਿਹਾ ਕਿ ਗੁਰੂ ਜੀ ਕਹਿੰਦੇ ਹਨ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥