ਰਾਣੀ - ਫੇਰ ਸਾਡਾ ਕੀ ਹਾਲ? ਦਰਸ਼ਨ ਹੋਏ, ਮਿੱਠੇ ਲੱਗੇ, ਰੱਬੀ ਝਰਨਾਟ ਛਿੜੀ। ਮਾਪੇ ਵਿਆਹ ਸੋਚਣ ਲੱਗੇ, ਸਾਥੋਂ ਝਰਨਾਟ ਨਾਂ ਛੁਪੀ। ਕੁਲ ਲਾਜ, ਲੋਕ ਲਾਜ ਛੱਡ ਮਾਂ ਨੂੰ ਕਹਿ ਦਿੱਤਾ 'ਗੁਰੂ ਮਿੱਠੇ ਲੱਗਦੇ ਹਨ, ਗੁਰੂ-ਨਿੰਦਕ ਦਾ ਘਰ ਨਾਂ ਦੇਈ'। ਜੇ ਮੈਂ ਗੁਰੂ ਪ੍ਰੀਤ ਛਿਪਾਂਦੀ, ਮੈਂ ਕਿਸੇ ਬੇਮੁਖ ਦੇ ਘਰ ਹੁੰਦੀ। ਮੈਨੂੰ ਘਬਰਾ ਪੈਂਦਾ ਹੈ। ਅਸੂਲ ਜੇ 'ਛਿਪਾ' ਹੈ ਤਾਂ ਮੈਂ ਅਪਰਾਧਣ ਹਾਂ।
ਰਾਜਾ - ਅਸੂਲ ਨਾ 'ਛਿਪਾ' ਹੈ ਨਾ 'ਪ੍ਰਗਟ ਕਰਨਾ'। ਅਸਲ ਹੈ ਪ੍ਰੇਮ ਤੇ ਇਸ ਦੀ ਲਗਨ। ਇਸ ਦਾ ਅਪਣਾ ਸੁਆਦ ਹੈ ਉਸ ਨੂੰ ਮਾਣਨਾਂ ਤੇ ਉਸ ਤੋਂ ਅੱਗੋਂ ਹੋਰ ਨਾਂ ਲੱਭਣਾ। ਜੋ ਪ੍ਰਗਟ ਕਰਦੇ ਹਨ, ਓਹ ਪ੍ਰਗਟ ਹੋਣ ਦੀ ਕਦਰ ਦੇ ਭਿਖਾਰੀ ਤੇ ਲੋਕਾਂ ਦੀ ਮਹਿਮਾਂ ਦੇ ਰਸੀਏ ਹਨ, ਜੋ ਲੁਕਾਉਦੇ ਹਨ, ਉਹ ਇਸ ਲਈ ਕਿ ਸਾਡਾ ਇਹ ਲੁਕੇ ਪ੍ਰਗਟ ਹੋਵੇ ਤਾਂ ਕਦਰ ਵਧੇਰੇ ਪਵੇ। ਸੋ ਦੋਵੇਂ ਗੱਲਾਂ ਹਨ ਇੱਕੋ ਜੇਹੀਆਂ। ਪਿਆਰ ਹੋਵੇ, ਇਸ ਦੀ ਕਦਰ ਹੋਵੇ, ਇਸ ਦੀ ਕੀਮਤ ਦਾ ਪਤਾ ਹੋਵੇ; ਇਸ ਨੂੰ ਛਿਪਾ ਕੇ ਰੱਖੇ ਸੁਖੀ ਰਹੇਗਾ। ਇਹ ਮੱਲੋਮੱਲੀ ਅਚਾਹੇ ਪ੍ਰਗਟ ਹੋਵੇ, ਬੇਬਸੀ ਹੈ। ਜਿਨ੍ਹਾਂ ਤੇ ਲੋਕਾਂ ਦੀ ਵਾਹ ਵਾਹ ਅਸਰ ਨਹੀਂ ਕਰਦੀ ਨੱਚਕੇ ਪਿਆਰ ਕਰਨ ਜਿਨ੍ਹਾਂ ਨੂੰ ਨਿੰਦਾ ਘੇਰ ਨਹੀ ਪਾਉਦੀ, ਜਿਵੇਂ ਚਾਹੁਣ ਕਰਨ। ਪਰ ਮੇਰੇ ਵਰਗੇ ਦਾ ਅਸੂਲ ਛਿਪਾ ਹੈ। ਮੈਨੂੰ ਅਪਣੇ ਲਈ ਇਹੋ ਭਾਸਦਾ ਹੈ ਕਿ ਮੇਰਾ ਪਰਦਾ ਨਾਂ ਫਟੇ, ਮੇਰੀ ਚਿਣਗ ਮੇਰੇ ਅੰਦਰ ਰਹੇ, ਮੇਰੀ ਪੁਕਾਰ ਮੇਰੇ ਪ੍ਰੀਤਮ ਤੱਕ ਮੇਰੀ ਜ਼ਬਾਨੋ ਨਾ ਅੱਪੜੇ, ਇਹ ਮੇਰਾ ਅਸੂਲ ਹੈ, ਮੇਰ ਭਲਿਆਈ ਇਸੇ ਵਿਚ ਹੈ।
ਰਾਣੀ - ਸੰਸਾਰਿਕ ਕਿ ਪਰਮਾਰਥਿਕ?
ਰਾਜਾ- ਮਨ ਦੇ ਸੁਖ ਦੀ, ਕੇਵਲ ਅੰਦਰਲੇ ਦੇ ਸੁਖ ਦੀ।
ਮੈਂ ਇਸ ਕਰਕੇ ਲੁਕੋ ਨਹੀ ਕਰਦਾ ਕਿ ਪਹਾੜੀ ਰਾਜ ਪ੍ਰੀਤਮ ਜੀ ਦੇ ਦੁਸ਼ਮਨ ਹਨ ਤੇ ਉਹ ਮੇਰੇ ਰਿੰਜ ਹੋ ਜਾਣਗੇ, ਜਾਂ ਮੈਂ ਜੇ ਖੁੱਲਮ ਖੁੱਲ੍ਹਾ ਪ੍ਰੀਤਮ ਜੀ ਦਾ ਹੋ ਰਿਹਾ ਤਾਂ ਤੁਰਕ ਪਾਤਸ਼ਾਹ ਰਾਜ ਖੋਹ ਲਏਗਾ, ਇਹ ਖਿਆਲ ਮੈਨੂੰ ਨਹੀ ਮੋਹਦੇ। ਜੇ ਮੈਂ ਪ੍ਰਗਟ ਕਰਾਂ ਤਾਂ ਸਿੱਖ ਮੇਰੇ ਸਹਾਈ ਹੋ ਜਾਣਗੇ ਇਹ ਲਾਭ ਹੈ, ਪਰ ਮੈਨੂੰ ਨਹੀ ਮੋਹਦਾ। ਮੇਰੇ ਪਿਆਰ ਦੀ ਕਣੀ ਨਿੱਕੀ ਹੈ, ਸੂਮ ਦੇ ਧਨ ਵਾਂਙੂ ਮੈਨੂੰ ਪਿਆਰੀ ਹੈ, ਮਤਾਂ ਇਸ ਨੂੰ ਕੋਈ ਨਜ਼ਰ ਲੱਗੇ.