ਇਕ ਸੈਨਾਪਤੀ ਸਾਹਿਬ ਚੰਦ ਉਸ ਦਿਨ ਮਾਰਿਆ ਗਿਆ ਸੀ, ਤੇ ਉਸ ਮਹਾਂ ਸੂਰਮੇ ਦਾ ਘੋਰ ਸੰਗ੍ਰਾਮ ਰਚਕੇ ਸੂਰਮਗਤੀ ਦੀ ਅਉਧੀ ਕਰਕੇ ਸ਼ਹੀਦੀ ਪਾਣਾ ਇਹ ਖ਼ਬਰ ਧੁਮਾ ਗਿਆ ਸੀ ਕਿ ਉਹ ਗੁਰੂ ਜੀ ਆਪ ਸਨ, ਉਹ ਪਹਿਲੀ ਉਡਦੀ ਬੇਥਵੀ ਖ਼ਬਰ ਨਿੱਕੋ ਨੇ ਲਿਆ ਤੁਹਾਡੇ ਕੰਨੀ ਪਾਈ। ਦੁਖ ਹੋਇਆ ਪਰ ਸ਼ੁਕਰ ਹੈ ਕਿ ਖ਼ਬਰ ਝੂਠੀ ਨਿਕਲੀ, ਤੇ ਅਸਲ ਗੱਲ ਉਲਟੀ ਨਿਕਲੀ, ਜੋ ਉਹ ਫਤੇ ਪਾ ਕੇ ਉਰਾਰ ਆ ਗਏ ਹਨ।
ਘੋਰ ਸੰਗ੍ਰਾਮ ਕਰਕੇ ਦਰਯਾ ਟੱਪ ਜਾਣਾ ਸੈਨਾਂ ਸਣੇ, ਤੇ ਮੁਰਦਿਆਂ ਤੱਕ ਨੂੰ ਸੰਭਾਲ ਲੈਣਾ ਇਹ ਇਕ ਫਤਿਹ ਸੀ, ਜਿਸ ਨੇ ਮੂਰਖਾਂ ਦੇ ਦਿਲ ਤੋੜ ਦਿਤੇ ਤੇ ਵਜ਼ੀਰ ਖਾਂ ਸਿਰ ਧੁਣਦਾ ਪਹਾੜੀਆਂ ਤੋਂ ਜੰਗ ਦਾ ਖਰਚ ਲੈ ਕੇ ਮੁੜ ਗਿਆ, ਤੇ ਰਾਜੇ ਸਾਰੇ ਪਏ ਖਾਲੀ ਖ਼ਜ਼ਾਨੇ ਤੇ ਮੁਕਾਲਕਾਂ ਵੇਖਕੇ ਪਿੱਟਦੇ ਹਨ।
ਰਾਣੀ - ਗੁਰੂ ਜੀ ਹੁਣ ਕਿੱਥੇ ਹਨ ?
ਰਾਣਾ - ਰਾਜਾ ਬਸਾਲੀ ਦੀ ਰਾਜਧਾਨੀ ਵਿਚ ਟਿਕ ਰਹੇ ਹਨ, ਉਥੇ ਸਾਰੇ ਜੋਧੇ ਆਰਾਮ ਪਾ ਰਹੇ ਹਨ, ਆਪ ਸ਼ਿਕਾਰ ਚੜ੍ਹਦੇ ਹਨ, ਪਾਰ ਜਾਂਦੇ ਹਨ ਤੇ ਭੀਮ ਦੇ ਰਾਜ ਵਿਚ ਨਿਰਭੈ ਵਿਚਰ ਆਉਦੇ ਹਨ ਪਰ ਉਸ ਦੀ ਕੋਈ ਪੇਸ਼ ਨਹੀ ਜਾਂਦੀ।
ਰਾਣੀ - ਕਦੋ ਚੱਲੋਗੇ, ਕਦੋ ਸੱਦੋਗੇ ?
ਰਾਣਾ - ਜਦੋਂ ਸੱਦਣਗੇ, ਜਦੋਂ ਆਉਣਗੇ।
ਰਾਣੀ - ਹੁਣ ਤਾਂ ਪੰਘਰ ਪਵੋ, ਹੁਣ ਤਾਂ ਆਪਣੇ ਤੇ ਮੇਰੇ ਤੇ ਤਰਸ ਖਾਓ। ਪਿਆਰ ਕੀਹ ਤੇ ਚੁੱਪ ਦਾ ਕੀਹ ਉਪਦੇਸ਼ ਦੇਂਦੇ ਹੋ ?
ਰਾਣਾ - ਆਪਣੇ ਤੇ ਪਿਆਰਿਆਂ ਤੇ ਕੌਣ ਤਰਸ ਨਹੀਂ ਕਰਦਾ, ਪਰ ਦੇਵਗਤੀ ਪ੍ਰਬਲ ਹੈ। ਪਿਆਰ ਤੇ ਚੁੱਪ, ਇਹੋ ਸੁਆਦ ਹੈ। ਪਿਆਰ ਤੇ ਰੌਲਾ, ਪਿਆਰ ਦੇ ਪੁਕਾਰ, ਇਹ ਤਾਂ ਪਿਆਰ ਦੇ ਕੱਚੇ ਹੋਣ ਦੀ ਨਿਸ਼ਾਨੀ ਹੈ।
ਇੰਨੇ ਨੂੰ ਨਿੱਕੋ ਪਟਿੱਕੋ ਫੇਰ ਆ ਗਈ, ਪਰ ਅੱਜ ਹੱਸਦੀ ਹੱਸਦੀ ਆਈ ਹੈ, ''ਜੀ ਮੈਂ ਸੋਹਣੀ ਸੋ ਲਿਆਈ ਹਾਂ।"