ਸਰੂ
ਸਰੂ ਨੂੰ ਸ਼ਾਹ ਹਿੰਦ ਵਿਚ ਲਿਆਏ,
ਸ਼ਾਹੀ ਬਾਗੀਂ ਡੇਰੇ ਲਾਏ।
ਮਰਮਰ ਦੇ ਫੁਹਾਰੇ ਦੇਖੇ,
ਝਰਨੇ ਪਿਆਰੇ ਪਿਆਰੇ ਦੇਖੋ।
ਚਾਣਨੀਆਂ ਵਿਚ ਨਾਚ ਰੰਗੀਲੇ
ਤੱਕੇ *ਕਤਾਨੋਂ ਜੋਬਨ ਉਠਦੇ ।
ਜਾਮ ਸੁਰਾਹੀਆਂ ਸਾਕੀ ਤੱਕੇ,
ਪੀਂਦੇ ਤੱਕੇ ਮੋਮਨ ਪੱਕੇ।
ਕੰਧਾਂ ਦੇ ਵਿਚ ਸ਼ਾਹਾਂ ਡਕਿਆ,
ਜਨਤਾ ਦੇ ਵਲ ਜਾ ਨ ਸਕਿਆ।
ਸੁਣ ਨਹੀਂ ਸਕਿਆ ਸੱਦ ਮਿਰਜ਼ੇ ਦੀ
ਜਾਤਾ ਨਹੀਂ ਸੁ ਗਿੱਧਾ ਹੈ ਕੀ ?
ਨਿੱਤ ਹੈਂਕੜ ਦੀ ਬੋ ਸੰਗ ਸੜਿਆ,
ਲੋਕਾਂ ਦੇ ਨਹੀਂ ਵਿਹੜੇ ਵੜਿਆ ।
ਰੁਖ ਰੁੱਖਾ ਜਿਹਾ ਜਾਪ ਰਿਹਾ ਹੈ
ਪਰਦੇਸੀ ਦੇ ਵਾਂਙ ਖੜਾ ਹੈ ।
------------------
*ਉਹ ਕਪੜਾ ਜਿਹੜਾ ਚਾਨਣੀ ਰਾਤ ਵਿਚ ਵਿਸ ਜਾਂਦਾ ਸੀ ।