ਹੈ ਮਲੈਮੀ ਰੂਪ ਦੀ ਸੋਹਣੀ ਵਹੀ,
ਹੁਨਰ ਬਾਰਸ਼ ਬਾਅਦ ਚਮਕੀ ਪੀਂਘ ਹੀ।
ਜਿੰਦ ਹੈ ਦੁਨੀਆਂ ਦੇ ਰਾਜ ਵਿਹਾਰ ਦੀ,
ਚਾਣਕੇ ਦੀ ਸਮਝ ਲੌ ਹੈ ਰੂਹ ਨਿਰੀ ।
ਭਾਲਦੇ ਨੇਂ ਸ਼ਾਹ ਸਿਆਣੇ ਏਸ ਨੂੰ,
ਢੂੰਡਦੇ ਨੇਂ ਜਾਂ ਨਿਤਾਣੇ ਏਸ ਨੂੰ ।
ਇਹ ਨਹੀਂ ਹੈ ਹੀਰ ਪਾਲੇ ਸਿਦਕ ਨੂੰ,
ਇਹ ਨਹੀਂ ਸੋਹਣੀ ਕਿ ਤਾਰੇ ਇਸ਼ਕ ਨੂੰ ।
ਇਸ ਦੇ ਹੱਥ ਜੈ ਮਾਲ ਹੈ ਗਭਰੂ ਲਈ,
ਨਿਤ ਸਿਆਸਤ ਖਾਸ ਵੇਲਾ ਢੂੰਡਦੀ ।
ਨਾਮ ਵੇਲੇ ਦਾ ਹੀ ਰਖਿਆ ਭਾਗ ਹੈ,
ਵਕਤ ਦੇ ਹੀ ਹੱਥ ਜੀਵਨ ਵਾਗ ਹੈ।
(३)
ਪੁੰਨਿਆ ਸਾਹਵੇਂ ਹੈ ਮੱਸਿਆ ਔਹ ਖੜੀ,
ਮਹਿਕ ਅੱਗੇ ਹੈ ਨਿਰੀ ਰੂੜੀ ਪਈ ।
ਕੁਹਜਤਾਈਆਂ ਇਸ ਤੇ ਡੁਲ੍ਹੀਆਂ ਹਨ ਕਿਵੇਂ,
ਭੈੜਤਾਈਆਂ ਦੀ ਹੈ ਵੱਡੀ ਮਾਂ ਜਿਵੇਂ ।
ਝੁਰੜੀਆਂ ਦਾ ਜਾਲ ਵਿਛਿਆ ਇਸ ਤਰ੍ਹਾਂ,
ਖੁਸ਼ਕ ਛਪੜੀ ਵਿੱਚ ਲੀਕਾਂ ਜਿਸ ਤਰ੍ਹਾਂ ।