ਇਸ ਕੁੱਲੀਆਂ ਦੇ ਵਿਚ ਵੱਸਣਾ ਹੈ,
ਮਹਿਲਾਂ ਵਿਚ ਰੰਗ ਜਮਾਉਣਾ ਕੀ ?
ਹੁਣ ਦਿਲ ਦਿਮਾਗ਼ ਨੂੰ ਸਾਂਝਾ ਕਰ,
ਤੇ ਅੰਦਰ ਦੇ ਰੰਗ ਦਸ ਜੀਵੇਂ !
ਜੇ ਚਿਤਰਕਾਰ ਸਦਵਾਉਣਾ ਈਂ,
ਤਾਂ ਬਾਹਰੋਂ ਰੰਗ ਚੁਰਾਉਣਾ ਕੀ ?
ਮੈਨੂੰ ਤਾਂ ਤੇਰਿਆਂ ਰੰਗਾਂ ਨੇ,
ਮੋਹ ਲੀਤਾ ਦਰ ਦਾ ਹੀ ਕੀਤਾ।
ਦੁਨੀਆਂ ਦੇ ਰੰਗਾਂ ਨੂੰ ਤਕ ਤਕ,
ਮੈਂ ਅਪਣਾ ਦਿਲ ਪਰਚਾਉਣਾ ਕੀ ?
ਤਸਵੀਰਾਂ ਤੋਂ ਲਾਹ ਲੈਣਾ ਜੇ,
ਤਾਂ ਜਿਹਲਾਂ ਦੇ ਵਿਚ ਲਾ ਦੇਵੋ,
ਉਪਦੇਸ਼ਾਂ, ਡੰਨਾਂ, ਕੈਦਾਂ ਨੇ,
ਭੁਲਿਆਂ ਨੂੰ ਰਾਹ ਦਿਖਾਉਣਾ ਕੀ ?
ਜੇ ਰੂਪ ਓਸ ਦਾ ਤੱਕਣਾ ਹੈ,
ਤਾਂ ਤੱਕੋ ਭਿੰਨੀਆਂ ਰੈਣਾਂ ਨੂੰ,
ਬਸ ਮੱਕਿਓਂ ਕੁਝ ਵੀ ਪਰ੍ਹੇ ਨਹੀਂ,
ਤੇ ਇਸ ਤੋਂ ਵਧ ਸਮਝਾਉਣਾ ਕੀ ?