

ਉੱਨੀ ਸੌ ਸੰਤਾਲੀ
ਚੜ੍ਹਿਆ ਮਾਂਹ ਅਗਸਤ ਦਾ ਫੁੱਟ ਵਜਾਇਆ ਢੋਲ,
ਹਿੰਦੂ ਮੁਸਲਿਮ ਰਾਜ ਦਾ, ਜਾਤਾ ਹੋਣਾ ਘੋਲ ।
ਪਿੜ ਬੱਧਾ ਸੀ ਕੂੜ ਨੇ, ਫਰਜ਼ ਨ ਢੁੱਕਾ ਕੋਲ,
ਖਾਰਾਂ ਛਿੰਝਾਂ ਪਾਈਆਂ, ਦਰਦ ਨ ਸਕਿਆ ਬੋਲ ।
ਡੰਡ ਪੇਲੇ ਸ਼ੈਤਾਨ ਨੇ, ਸਾਰੇ ਕਪੜੇ ਖੋਲ੍ਹ,
ਹਠ ਨੇ ਕੱਢੀਆਂ ਬੈਠਕਾਂ ਸਬਰ ਗਿਆ ਸੀ ਡੋਲ ।
ਗਰਜ਼ਾਂ ਪਗੜਾਂ ਕੀਤੀਆਂ, ਪ੍ਰੀਤ ਰਹੀ ਅਨਭੋਲ,
ਕਢਿਆ ਪੈਰੋਂ ਅਮਨ ਨੂੰ ਸਿਰ ਫੜ ਸੁੱਟਿਆ ਰੋਲ।
ਖੁੱਲ੍ਹ ਗਿਆ ਮੈਦਾਨ ਵਿਚ ਦੀਨ ਧਰਮ ਦਾ ਪੋਲ ।
ਲੀਕਾਂ ਪਾ ਪਾ ਤਾਣਿਆ, ਬਦਲਿਆਂ ਨੇ ਜਾਲ,
ਪੰਜੇ ਪਾਣੀ ਰੋ ਪਏ, ਜਾਲ ਖਿਚੀਵਣ ਨਾਲ ।
ਡੋਲੇ ਸਹਿਕਣ ਜਿਸ ਤਰ੍ਹਾਂ ਤੜਫ ਤੜਫ ਗਏ ਬਾਲ,
ਮੱਛੀਆਂ ਵਾਂਙ ਤਰੀਮਤਾਂ ਹੋਈਆਂ ਬਹੁਤ ਬੇਹਾਲ ।
ਚਾਨਿਆਂ ਵਾਂਙੂ ਰੁਲ ਗਏ ਪੋਟੇ ਡੇਲੇ ਵਾਲ,
ਲੋਥਾਂ ਦੇ ਇਉਂ ਢੇਰ ਸਨ ਜਿਉਂ ਲਕੜਾਂ ਦੇ ਟਾਲ ।
ਗੋਰਾ ਲਾਂਭੇ ਹੋ ਗਿਆ ਸਿਰ ਸਿਰ ਭਾਂਬੜ ਬਾਲ,