

ਪੰਜਾਬ ਦਾ ਦਿਲ
(ਗੀਤ—ਢੋਲੇ ਦੀ ਧਾਰਨਾ)
ਲਟ ਪਟੀਆਂ ਪੰਗਾਂ ਮਾਹੀ ਵੇ,
ਬੰਨ੍ਹ ਗੱਭਰੂ ਆਏ ਢੋਲਾ ।
ਚਦਰਾਂ ਲਕ ਗਿਰਦੇ ਮਾਹੀ ਵੇ,
ਗਲ ਕੁੜਤੇ ਪਾਏ ਢੋਲਾ ।
ਅਗਲੇ ਅਲਗੋਜੇ ਮਾਹੀ ਵੇ,
ਔਹ ਜਾਣ ਵਜਾਂਦੇ ਢੋਲਾ ।
ਹੱਥ ਕੰਨੀਂ ਧਰ ਕੇ ਮਾਹੀ ਵੇ,
ਪਏ ਹੇਕਾਂ ਲਾਂਦੇ ਢੋਲਾ ।
ਹੱਥ ਈਕਣ ਵਜਦੇ ਮਾਹੀ ਵੇ,
ਜੀਕਣ ਖੜਤਾਲਾਂ ਢੋਲਾ ।
ਓਪਰੀਆਂ ਖੁਸ਼ੀਆਂ ਮਾਹੀ ਵੇ,
ਨਿਤ ਰਹਿਣ ਦੁਰਾਡੇ ਢੋਲਾ ।
ਇਹਨਾਂ ਨੇ ਟੁੰਬੇ ਮਾਹੀ ਵੇ,
ਤਨ ਮਨ ਹਨ ਸਾਡੇ ਢੋਲਾ।
ਬਿਆਸ ਦੇ ਜਾਏ ਮਾਹੀ ਵੇ,
ਰਾਵੀ ਦੇ ਪਾਲੇ ਢੋਲਾ ।
ਪੰਜਾਬ ਦਾ ਦਿਲ ਨੇ ਮਾਹੀ ਵੇ,
ਇਹ ਮਾਝੇ ਵਾਲੇ ਢੋਲਾ ।