

ਕੱਲ੍ਹ
ਕੱਲ੍ਹ ਸਾਡੇ ਪਿੰਡ ਵਿੱਚ ਕੁਝ ਵੀ ਨਹੀਂ ਹੋਇਆ
ਪਰਸੋਂ ਨੂੰ ਖਵਰੇ ਨਾਜਾਇਜ਼ ਗਰਭ ਸੀ
ਕਿ ਪਿੰਡ ਦੀਆਂ ਰੂੜੀਆਂ 'ਤੇ ਸੁੱਟ ਕੇ ਚਲੀ ਗਈ
ਕਿਰਨਾਂ ਦੀ ਕਿਆਂ ਕਿਆਂ,
ਐਵੇਂ ਘਰ ਦਿਆਂ ਤੋਂ ਝਿੜਕ ਖਾਣੀ ਸੀ
ਕਿ ਉਸ ਨੂੰ ਤਰਸ ਖਾ ਕੇ ਬੱਠਲਾਂ 'ਚ ਪਾ ਲਿਆਈਆਂ
ਗੋਹਾ ਕੂੜਾ ਕਰਦੀਆਂ ਕੁੜੀਆਂ।
ਉਂਝ ਕੱਲ੍ਹ ਦੀ ਕਿਸੇ ਨੂੰ ਉਡੀਕ ਨਾ ਸੀ-
ਦੋਧੀ ਦੇ ਸਾਈਕਲ ਦੀ ਚੇਨ
ਬਹੁਤ ਹੀ ਪੁਰਾਣੀ ਸੀ ਕਿ ਵਲੂੰਧਰੇ ਗਏ
ਬੂਰੀਆਂ ਦੇ ਰੇਸ਼ਮ ਵਰਗੇ ਥਣ,
ਜਾਂ ਖੁੱਭ ਗਈ ਹਾਲੀ ਦੇ ਨੰਗੇ ਪੈਰ ਵਿੱਚ
ਘਸ ਕੇ ਲੱਥੀ ਬਲਦ ਦੀ ਖੁਰੀ,
ਜਾਂ ਮਰ ਗਿਆ ਟਰੱਕ ਹੇਠਾਂ ਆਣ ਕੇ
ਭੱਤੇ ਦੇ ਮਗਰ ਜਾ ਰਿਹਾ ਕੁੱਤਾ
ਨਿਆਣੇ ਬੰਟਿਆਂ ਨਾਲ ਖੇਡਦੇ ਰਹੇ
ਛੱਤ 'ਤੇ ਖੜੀ ਸਰਪੰਚ ਦੀ ਕੁੜੀ
ਬੜਾ ਚਿਰ ਕੇਸ ਵਾਹੁੰਦੀ ਰਹੀ –
ਕੱਲ੍ਹ ਸਾਡੇ ਪਿੰਡ ਵਿੱਚ ਕੁਝ ਨਹੀਂ ਹੋਇਆ
ਕੱਲ੍ਹ ਵੀ ਸਾਡੇ ਮੂੰਹ ਸਨ - ਚਿਹਰੇ ਨਹੀਂ ਸਨ
ਕੱਲ੍ਹ ਵੀ ਅਸੀਂ ਸਮਝਦੇ ਰਹੇ ਕਿ ਦਿਲ ਹੀ ਸੋਚਦਾ ਹੈ।
ਰੱਬ ਕੱਲ੍ਹ ਵੀ ਅੰਬਰ ਦੀਆਂ ਨੀਲੱਤਣਾਂ ਵਿੱਚ ਕੈਦ ਹੀ ਰਿਹਾ,
ਨਿਰਾਸ਼ ਆਜੜੀ ਦੇ ਵਾੜੇ ਵਿੱਚ
ਉਹਦੀ ਕੱਲ੍ਹ ਵੀ ਗ਼ੈਰ-ਹਾਜ਼ਰੀ ਲੱਗੀ
ਕੱਲ੍ਹ ਵੀ ਸਾਨੂੰ ਰਿਹਾ ਯਕੀਨ
ਕਿ ਮਥਰਾ ਦਾ ਰਾਜਾ ਸੱਚਮੁੱਚ ਸੁਦਾਮੇ ਦਾ