

ਗੁਰੂ ਸਾਹਿਬ ਦੇ ਨੇਤਰ ਇਸ ਖੂਬੀ ਨਾਲ ਤਸਵੀਰ ਵਿਚ ਉਤਾਰੇ ਗਏ ਹਨ ਕਿ ਅਜ ਕਲ ਦੇ ਫ਼ਰਜ਼ੀ ਫ਼ੋਟੂਆਂ ਵਿਚ ਕਦੀ ਨਹੀਂ ਉਤਰ ਸਕਦੇ। ਗੁਰੂ ਸਾਹਿਬ ਦੀ ਨੇਤਰੀ ਨੀਝ ਅਦ੍ਰਿਸ਼ਟ ਅਕਾਲ ਪੁਰਖ ਦੇ ਦਰਸ਼ਨਾਂ ਵਿਚ ਮਖ਼ਮੂਰ ਅਤੇ ਨੂਰੋ ਨੂਰ ਐਸੀ ਦਿਸਦੀ ਹੈ ਕਿ ਜਿਸ ਤੋਂ ਸਾਫ਼ ਪ੍ਰਸਿਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਇਸ ਦੁਨੀਆਂ ਵਿਚ ਰਹਿੰਦੇ ਹੋਏ ਭੀ ਨਾਮ ਅਤੇ ਨਾਮੀ ਵਾਹਿਗੁਰੂ ਦੇ ਦਰਸ਼ਨਾਂ ਨਾਲ ਐਸੇ ਮਖਮੂਰ ਹਨ ਕਿ ਕਦੇ ਵੀ ਓਹਨਾਂ ਦੀ ਸੰਸਾਰਾਕਾਰ ਦ੍ਰਿਸ਼ਟ-ਬ੍ਰਿਤੀ ਹੋਈ ਹੀ ਨਹੀਂ । ਇਸ ਵਿਚ ਰੰਚਕ ਸੰਦੇਹ ਨਹੀਂ ਕਿ ਉਕਤ ਮੁਸੱਵਰ ਨੇ ਗੁਰੂ ਨਾਨਕ ਸਾਹਿਬ ਦੀ ਉਸ ਸ਼ਬੀਹ ਨੂੰ ਸਾਂਗੋ ਪਾਗ ਉਤਾਰ ਕੇ ਬੜਾ ਹੀ ਉਪਕਾਰ ਕੀਤਾ ਹੈ, ਖ਼ਾਸ ਕਰ ਸੀਸ ਦੇ ਦੁਮਾਲੇ ਤੇ ਕੇਸਾਂ ਤੇ ਦਾੜ੍ਹੇ ਦਾ ਇੰਨ ਬਿੰਨ ਸਾਬਤ ਸੂਰਤ ਦ੍ਰਿਸ਼ ਦਿਖਾਇ ਕੇ ਨਿਹਾਲੋ ਨਿਹਾਲ ਕਰ ਦਿਤਾ ਹੈ । ਅਸੀਂ ਨਾਭੇ ਰਿਆਸਤ ਵਿਚ ਐਸੇ ਮੁਸੱਵਰ ਹਥੀਂ ਤਸਵੀਰ ਉਤਾਰਨ ਵਾਲੇ ਦੇਖੇ ਹਨ ਜੋ ਇਕੋ ਦ੍ਰਿਸ਼ਟੀ ਨਾਲ ਪੂਰਾ ਪੂਰਾ ਚੇਹਰਾ ਨਹਾਰ ਐਸਾ ਉਤਾਰਦੇ ਹਨ ਕਿ ਫੋਟੋਗਰਾਫਰ ਤੋਂ ਕਦੇ ਉਤਰ ਹੀ ਨਹੀਂ ਸਕਦਾ। ਉਸ ਅਸਲੀ ਤਸਵੀਰ ਦਾ ਇਹ ਬਲਾਕ ਹੀ ਬਣ ਕੇ ਬਾਹਰ ਆਇਆ ਹੋਇਆ ਹੈ-ਫ਼ੋਟੋਗਰਾਫ਼ੀ ਬਲਾਕ ਵਿਚ ਵੀ ਇਸ ਦਾ ਨਜ਼ਾਰਾ ਐਸਾ ਸੁੰਦਰ ਹੈ ਜੋ ਅਜ ਤਾਈਂ ਕਿਸੇ ਫ਼ੋਟੋਗਰਾਫ਼ ਅੰਦਰ ਪੇਖਣ ਪਰਖਣ ਵਿਚ ਨਹੀਂ ਆਇਆ। ਬਸ 'ਕਹਿਬੇ ਕੋ ਸੋਭਾ ਨਹੀ ਦੇਖਾ ਹੀ ਪ੍ਰਵਾਣ' ਵਾਲੇ ਗੁਰਵਾਕ ਦੇ ਭਾਵ ਵਾਲੀ ਸੋਭ ਇੰਨ ਬਿੰਨ ਪ੍ਰਗਟ ਪਹਾਰੇ ਜਾਪਦੀ ਹੈ । ਖ਼ਾਸ ਕਰ ਇਸ ਬਲਾਕ ਅੰਦਰ ਦਾੜ੍ਹੇ ਕੇਸਾਂ ਦਾ ਨਜ਼ਾਰਾ ਐਸਾ ਕੁਦਰਤੀ ਹੈ ਕਿ ਦੇਖਣ ਵਾਲੇ ਨੂੰ ਕਦੇ ਸੰਦੇਹ ਨਹੀਂ ਹੋ ਸਕਦਾ ਕਿ ਇਹ ਬਣਾਉਟੀ ਦ੍ਰਿਸ਼ ਹੈ ।