ਆਪ ਦੇ ਇਸ ਰਿਵਾਜ ਨੂੰ ਉਸ ਸਮੇਂ ਸਭ ਸਿੰਘਾਂ ਨੇ ਅਯੋਗ ਕਰਾਰ ਦਿਤਾ । ਕੁਝ ਦਿਨਾਂ ਪਿਛੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨਿਸ਼ਾਨ ਸਾਹਿਬ ਸੁਕੇ ਅੰਬਰ, ਬਿਨਾਂ ਝਖੜ ਤੇ ਅਨ੍ਹੇਰੀ ਮੀਂਹ ਦੇ ਅਚਨਚੇਤ ਡਿਗ ਪਿਆ। ਇਸ ਪਰ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਭ ਗ੍ਰੰਥੀਆਂ ਤੇ ਸੇਵਕਾਂ ਇਕੱਤ੍ਰ ਹੋ ਕੇ ਵਿਚਾਰ ਕੀਤੀ ਕਿ ਇਹ ਭਾਣਾ ਕੀ ਵਰਤਿਆ ਹੈ । ਸਭ ਨੇ ਸਲਾਹ ਕੀਤੀ ਕਿ ਇਸ ਬਾਰੇ ਭਾਈ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਨਾਲ ਵਿਚਾਰ ਕੀਤਾ ਜਾਵੇ । ਸਭ ਸਜਣ ਉਨ੍ਹਾਂ ਪਾਸ ਪਹੁੰਚੇ। ਭਾਈ ਵੀਰ ਸਿੰਘ ਜੀ ਨੇ ਕਿਹਾ ਕਿ 'ਨਿਸ਼ਾਨ ਸਾਹਿਬ ਦਾ ਡਿਗਣਾ ਖ਼ਾਲਸਾ ਰਾਜ ਦੇ ਜਾਣ ਦੀ ਨਿਸ਼ਾਨੀ ਹੈ । ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੇ ਅਰਦਾਸੇ ਹੋਣੇ ਚਾਹੀਦੇ ਹਨ ।‘ ਅੰਮ੍ਰਿਤਸਰ ਤੋਂ ਸਿੰਘ ਲਾਹੌਰ ਖ਼ਾਲਸਾ ਦਰਬਾਰ ਦੇ ਮੁਖੀਆਂ ਸਰਦਾਰਾਂ ਨੂੰ ਮਿਲੇ । ਉਨ੍ਹਾਂ ਸਿੰਘਾਂ ਦੀ ਗੱਲ ਸੁਣ ਕੇ ਦਰਬਾਰ ਦੇ ਸਰਦਾਰਾਂ ਨੇ ਕਿਹਾ ਕਿ ‘ਸਾਧਾਂ ਨੂੰ ਕੜਾਹ ਪ੍ਰਸ਼ਾਦ ਦੇ ਹੀ ਸੁਫਨੇ ਆਉਂਦੇ ਹਨ ।' ਇਸ ਗੱਲ ਤੋਂ ਥੋੜੇ ਦਿਨ ਬਾਅਦ ਮਹਾਰਾਜਾ ਸ਼ੇਰ ਸਿੰਘ ਕਤਲ ਹੋ ਗਏ ਤੇ ਖ਼ਾਲਸਾ ਦਰਬਾਰ ਵਿਚ ਬੜੀ ਅਬਤਰੀ ਫੈਲ ਗਈ । ਭਾਵ ਇਹ ਕਿ ਰਾਜ ਸਾਜ ਪਾ ਕੇ ਸਿਖ ਸਰਦਾਰ ਸਿਖੀ ਸਿਦਕ ਵਲੋਂ ਗ਼ਾਫ਼ਲ ਹੋ ਗਏ ਸਨ ।
ਭਾਈ ਸਾਹਿਬ ਨੇ ਦਾੜ੍ਹੇ ਸਬੰਧੀ ਸਭ ਪਹਿਲੂਆਂ ਤੋਂ ਇਸ ਟ੍ਰੈਕਟ ਵਿਚ ਵਿਚਾਰ ਕੀਤੀ ਤੇ ਦਸਿਆ ਹੈ ਕਿ 'ਸੱਚੀ ਦਾੜ੍ਹੀ' ਕਿਸ ਨੂੰ ਕਹਿੰਦੇ ਹਨ ਤੇ ‘ਪਖੰਡ ਦਾੜ੍ਹੇ' ਦਾ ਵੀ ਨਿਰਣਾ ਕਰ ਦਿਤਾ ਹੈ ।
ਸਾਰ ਸਿੱਟਾ ਇਹ ਹੈ ਕਿ ਸਿਧੇ ਦਾੜ੍ਹੇ ਰਖਣਾ ਹੀ ਪੁਰਾਤਨ ਗੁਰਮੁਖੀ ਰਹੁਰੀਤ ਹੈ, ਸਿਧੇ ਦਾੜ੍ਹਿਆਂ ਨੂੰ ਹੀ ਗੁਰਮੁਖੀ ਤੇ ਸੁਹਾਵਣੇ ਦਾੜ੍ਹੇ ਕਿਹਾ ਜਾ ਸਕਦਾ ਹੈ । ਪੰਥ ਪ੍ਰਕਾਸ਼ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਸਿਧੇ ਦਾੜ੍ਹੇ ਦੀ ਰਹਿਤ ਬਾਰੇ ਇਸ ਤਰ੍ਹਾਂ ਲਿਖਿਆ ਹੈ :-
“ਕੱਛਾਂ ਗੋਡਿਆਂ ਤਕ ਸੂਸੀ ਕੀ ਸੂਧੀ ਪਗੜੀ ਦਾੜ੍ਹੀ,
ਰਖਤੇ ਤਾੜ ਮੁਛਹਿਰੇ ਕੁੰਢੇ, ਦਾੜ੍ਹੀ ਕਦੇ ਨਾ ਚਾੜ੍ਹੀ ।"
੧ ਫਰਵਰੀ, ੧੯੬੫, ਨਾਹਰ ਸਿੰਘ ਗ੍ਯਾਨੀ, ਗੁਜਰਵਾਲ (ਲੁਧਿਆਣਾ)