

ਹਨ ਅਤੇ ਉਸਦਾ ਕੰਮ ਇਹਨਾਂ "ਵਿਚਾਰਾਂ ਦੀ ਨਕਲ ਕਰਨਾ ਹੈ, ਜਿਹਨਾਂ ਦੀ ਹੋਂਦ ਦਾ ਅਨੁਮਾਨ ਉਸਨੂੰ ਕਿਸੇ ਅਸਪੱਸ਼ਟ ਢੰਗ ਨਾਲ ਹੋ ਜਾਂਦਾ ਹੈ। ਇਸ ਨਜ਼ਰੀਏ ਅਨੁਸਾਰ, ਸਾਡੇ ਤੋਂ ਉੱਪਰ ਕਿਤੇ ਬੇੜੀਆਂ ਦਾ, ਅੰਦਰੂਨੀ ਦਹਿਨ ਇੰਜਣ ਦਾ ਵਿਚਾਰ, ਕੋਹੜ ਦੇ ਕੀਟਾਣੁਆਂ ਦਾ ਅਤੇ ਆਧੁਨਿਕ ਮੈਗਜ਼ੀਨ ਰਾਈਫਲ ਦਾ ਵਿਚਾਰ, ਡੱਡੀਆਂ, ਖੂਹ-ਦੇ-ਡੱਡੂ, ਚੂਹੇ ਅਤੇ ਆਮ ਤੌਰ 'ਤੇ ਉਹਨਾਂ ਸਾਰੀਆਂ ਚੀਜ਼ਾਂ ਦਾ, ਜਿਹੜੀਆਂ ਇਸ ਧਰਤੀ 'ਤੇ ਮੌਜੂਦ ਹਨ ਅਤੇ ਜਿੰਨ੍ਹਾਂ ਦਾ ਨਿਰਮਾਣ ਮਨੁੱਖ ਨੇ ਕੀਤਾ ਹੈ, ਵਿਚਾਰ ਮੌਜੂਦ ਹੈ। ਸਪਸ਼ਟ ਹੈ ਕਿ ਇਸ ਦੇ ਸਿੱਟੇ ਵਜੋਂ ਲਾਜ਼ਮੀ ਤੌਰ 'ਤੇ ਇਹ ਮੰਨਣਾ ਪਏਗਾ ਕਿ ਇਹਨਾਂ ਸਾਰੇ ਵਿਚਾਰਾਂ ਦਾ ਇੱਕ ਨਿਰਮਾਤਾ ਵੀ ਹੈ, ਉਹ ਨਿਰਮਾਤਾ ਜਿਸਨੇ ਕਿਸੇ ਵਜ੍ਹਾ ਕਰਕੇ ਗਿਰਝ ਅਤੇ ਜੂ, ਹਾਥੀ ਅਤੇ ਡੱਡੂ ਦੀ ਸਿਰਜਣਾ ਕੀਤੀ।
ਮੇਰੇ ਲਈ ਮਨੁੱਖ ਤੋਂ ਪਰ੍ਹੇ ਵਿਚਾਰਾਂ ਦੀ ਕੋਈ ਹੋਂਦ ਨਹੀਂ ਹੈ। ਮੇਰੇ ਲਈ ਮਨੁੱਖ ਅਤੇ ਕੇਵਲ ਮਨੁੱਖ ਹੀ ਸਾਰੀਆਂ ਵਸਤਾਂ ਅਤੇ ਵਿਚਾਰਾਂ ਦਾ ਨਿਰਮਾਤਾ ਹੈ। ਉਹੀ ਹੈ ਜੋ ਸਾਰੇ ਚਮਤਕਾਰ ਕਰਦਾ ਹੈ ਅਤੇ ਉਹੀ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਦਾ ਹੋਣ ਵਾਲਾ ਸਵਾਮੀ ਹੈ। ਸਾਡੇ ਇਸ ਸੰਸਾਰ ਵਿੱਚ ਜੋ ਕੁਝ ਸਭ ਤੋਂ ਵਧੇਰੇ ਖੂਬਸੂਰਤ ਹੈ ਉਸਦਾ ਨਿਰਮਾਣ ਮਨੁੱਖੀ ਕਿਰਤ, ਅਤੇ ਉਸਦੇ ਕੁਸ਼ਲ ਹੱਥਾਂ ਨੇ ਕੀਤਾ ਹੈ। ਸਾਡੀ ਪੁਰੀ ਸੋਚ ਅਤੇ ਵਿਚਾਰ ਕਿਰਤ ਦੀ ਪ੍ਰਕਿਰਿਆ ਵਿੱਚੋਂ ਨਿਕਲਦੇ ਹਨ ਅਤੇ ਇਹ ਇੱਕ ਅਜਿਹੀ ਗੱਲ ਹੈ ਜਿਸ ਦੀ ਪੁਸ਼ਟੀ ਕਲਾ, ਵਿਗਿਆਨ ਅਤੇ ਤਕਨਾਲੋਜੀ ਦਾ ਇਤਿਹਾਸ ਵੀ ਕਰਦਾ ਹੈ। ਵਿਚਾਰ ਤੱਥ ਦੇ ਪਿੱਛੇ ਚੱਲਦਾ ਹੈ। ਮੈਂ ਮਨੁੱਖ ਨੂੰ ਸਲਾਮ ਕਰਦਾ ਹਾਂ ਕਿਉਂਕਿ ਇਸ ਸੰਸਾਰ ਵਿੱਚ ਮੈਨੂੰ ਕੋਈ ਅਜਿਹੀ ਚੀਜ਼ ਦਿਖਾਈ ਨਹੀਂ ਦਿੰਦੀ ਜਿਹੜੀ ਉਸਦੀ ਬੁੱਧੀ, ਉਸਦੀ ਕਲਪਨਾ-ਸ਼ਕਤੀ, ਉਸਦੇ ਅਨੁਮਾਨ ਦਾ ਸਾਕਾਰ ਰੂਪ ਨਾ ਹੋਵੇ । ਰੱਬ ਉਸੇ ਤਰ੍ਹਾਂ ਮਨੁੱਖੀ ਮਨ ਦੀ ਕਾਢ ਹੈ ਜਿਵੇਂ ਫ਼ੋਟੋਗ੍ਰਾਫੀ ਹੈ। ਫਰਕ ਸਿਰਫ਼ ਇੰਨਾ ਕੁ ਹੈ ਕਿ ਕੈਮਰਾ ਕੇਵਲ ਉਸੇ ਚੀਜ਼ ਨੂੰ ਰਿਕਾਰਡ ਕਰਦਾ ਹੈ ਜੋ ਅਸਲ ਵਿੱਚ ਹੈ, ਜਦਕਿ ਰੱਬ ਮਨੁੱਖ ਦੀ ਸਰਵਗਿਆਨੀ, ਸਰਵਸ਼ਕਤੀਮਾਨ ਅਤੇ ਪਰਮ-ਨਿਆਂਸ਼ੀਲ ਮਨੁੱਖ ਬਾਰੇ ਕਲਪਨਾ ਦਾ ਚਿੱਤਰ ਹੈ, ਜਿਹੋ ਜਿਹਾ ਬਣਨ ਦੀ ਉਹ ਇੱਛਾ ਰੱਖਦਾ ਹੈ ਅਤੇ ਬਣਨ ਦੇ ਲਾਇਕ ਵੀ ਹੈ।
ਜੇਕਰ "ਪਵਿੱਤਰ" ਚੀਜ਼ ਦੀ ਚਰਚਾ ਕਰਨਾ ਲਾਜ਼ਮੀ ਹੀ ਹੈ, ਤਾਂ ਮੈਂ ਕਹਾਂਗਾ ਕਿ ਇਹ ਮਨੁੱਖ ਦੀ ਆਪਣੇ ਆਪ ਤੋਂ ਅਸੰਤੁਸ਼ਟੀ ਹੈ, ਉਸਦੀ ਬਿਹਤਰ ਬਣਨ ਦੀ ਤਾਂਘ ਹੈ। ਜ਼ਿੰਦਗੀ ਦੀ ਸਾਰੀ ਗੰਦਗੀ ਪ੍ਰਤੀ, ਜਿਸਨੂੰ ਉਸਨੇ ਖੁਦ ਜਨਮ ਦਿੱਤਾ ਹੈ, ਉਸਦੀ ਘ੍ਰਿਣਾ ਨੂੰ ਵੀ ਮੈਂ ਪਵਿੱਤਰ ਮੰਨਦਾ ਹਾਂ। ਈਰਖਾ, ਲਾਲਚ, ਜੁਰਮ, ਰੋਗ, ਜੰਗ ਅਤੇ ਦੁਨੀਆਂ ਦੇ ਲੋਕਾਂ ਵਿਚਲੀ ਦੁਸ਼ਮਣੀ ਦਾ ਅੰਤ ਕਰਨ ਦੀ ਉਸਦੀ ਇੱਛਾ ਅਤੇ ਉਸਦੀ ਕਿਰਤ ਨੂੰ ਪਵਿੱਤਰ ਮੰਨਦਾ ਹਾਂ।
1928