ਸਾਇੰਸ ਦਾ ਸੰਸਾਰ
ਅੱਜ ਜੇ ਕੋਈ ਆਖੇ ਕਿ 'ਸੱਭਿਅ ਸਮਾਜਾਂ ਦੇ ਲੋਕ ਹੁਣ ਰੱਬ ਦੀ ਬਣਾਈ ਹੋਈ ਦੁਨੀਆ ਦੇ ਨਹੀਂ, ਸਗੋਂ ਵਿਗਿਆਨ ਦੀ ਵਿਕਸਾਈ ਹੋਈ ਦੁਨੀਆ ਦੇ ਵਸਨੀਕ ਹਨ' ਤਾਂ ਉਹ ਗਲਤ ਨਹੀਂ ਕਹਿ ਰਿਹਾ ਹੋਵੇਗਾ। ਸਾਰਾ ਸੱਭਿਅ ਸੰਸਾਰ ਸਾਇੰਸ ਨਾਲ, ਕੋਈ ਨਾ ਕੋਈ ਸੰਬੰਧ ਜ਼ਰੂਰ ਰੱਖਦਾ ਹੈ। ਮੇਰਾ ਅਨੁਮਾਨ ਹੈ ਕਿ ਇੱਕੀਵੀਂ ਸਦੀ ਦੇ ਵਿੱਚ ਵਿੱਚ ਸੰਸਾਰ ਦੇ ਸਾਰੇ ਅਸੱਭਿਅ ਸਮਾਜਾਂ ਨੂੰ ਵੀ ਸੱਭਿਅਤਾ ਦੇ ਭਾਈਵਾਲ ਬਣਾ ਕੇ ਸਾਇੰਸ ਦੀ ਦੁਨੀਆ ਦੇ ਵਸਨੀਕ ਬਣਾ ਦਿੱਤਾ ਜਾਵੇਗਾ ਅਤੇ ਇਸ ਕੰਮ ਨੂੰ ਕਰਨ ਵਿੱਚ ਉਹ ਸਾਰੀ ਕਠੋਰਤਾ ਅਤੇ ਕੁਰੂਪਤਾ ਨਹੀਂ ਵਰਤੀ ਜਾਵੇਗੀ ਜਿਹੜੀ ਪਿਛਲੀਆਂ ਢਾਈ-ਤਿੰਨ ਸਦੀਆਂ ਵਿੱਚ ਵਰਤੀ ਗਈ ਹੈ। ਅਜੇਹਾ ਮੈਂ ਇਸ ਲਈ ਸੋਚਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵਿਗਿਆਨ ਦਾ ਵਿਰੋਧ ਘਟਣ ਅਤੇ ਇਸ ਪ੍ਰਤੀ ਆਦਰ ਦੇ ਵਧਣ ਦੀ ਮੈਨੂੰ ਪੂਰੀ ਪੂਰੀ ਆਸ ਹੈ; ਅਤੇ ਇਸ ਲਈ ਵੀ ਕਿ ਵਿਗਿਆਨ ਆਪ, ਸਮੇਂ ਸਥਾਨ ਦੀਆਂ ਹੱਦਾਂ ਤੋਂ ਪਰੇ ਹੋਣ ਕਰਕੇ, ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਦੇਸ਼ ਕਾਲ ਦੀਆਂ ਉਨ੍ਹਾਂ ਵਲਗਣਾਂ ਵਿੱਚੋਂ ਨਿਕਲਣ ਦੀ ਸਮੱਤ ਅਤੇ ਸਮਰੱਥਾ ਦੇਵੇਗਾ ਜਿਨ੍ਹਾਂ ਕਾਰਨ ਵਿਗਿਆਨ ਕੋਲੋਂ ਅਪਰਾਧ ਹੋਏ ਹਨ।
ਅਗਲੇ ਕੁਝ ਲੇਖਾਂ ਵਿੱਚ ਮੈਂ ਆਪਣੀ ਇਸ ਆਸ ਜਾਂ ਆਪਣੇ ਇਸ ਵਿਸ਼ਵਾਸ ਦੇ ਵਿਗਿਆਨਕ ਆਧਾਰ ਦੀ ਵਿਆਖਿਆ ਕਰਾਂਗਾ।
ਜਿਸ ਦੁਨੀਆ ਨੂੰ ਮੈਂ 'ਸਾਇੰਸ ਦਾ ਸੰਸਾਰ' ਆਖਿਆ ਹੈ, ਇਸ ਦੀ ਉਮਰ ਕਰੋੜਾਂ ਨਹੀਂ ਅਰਬਾਂ ਸਾਲ ਹੋ ਚੁੱਕੀ ਹੈ। ਮਨੁੱਖ ਅੱਜ ਤੋਂ ਅੱਠ ਦਸ ਲੱਖ ਸਾਲ ਪਹਿਲਾਂ ਇਸ ਧਰਤੀ ਦਾ ਵਾਸੀ ਬਣਿਆ ਮੰਨਿਆ ਜਾਂਦਾ ਹੈ। ਦਸ ਕੁ ਹਜ਼ਾਰ ਸਾਲ ਪਹਿਲਾਂ ਇਸ ਨੇ ਆਪਣੇ ਲਈ ਅੰਨ ਉਗਾਉਣ ਦੀ ਜਾਚ ਸਿੱਖ ਲਈ ਸੀ। ਛੇ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਨੂੰ ਲਿਖਣ ਪੜ੍ਹਨ ਦੀ ਜਾਚ ਸਿੱਖਣ ਦਾ ਖ਼ਿਆਲ ਆਇਆ ਸੀ ਅਤੇ ਸਾਇੰਸ ਨੂੰ ਪੱਕੇ ਪੈਰੀਂ ਪਿੜ ਵਿੱਚ ਆਇਆਂ ਤਿੰਨ ਕੁ ਸੌ ਸਾਲ ਹੋਏ ਹਨ। ਇਸ ਥੋੜੇ ਜਿਹੇ ਸਮੇਂ ਵਿੱਚ ਇਸ ਨੇ ਏਨਾ ਕੁਝ ਕਰ ਵਿਖਾਇਆ ਹੈ ਕਿ ਅਜੋਕੇ ਸੱਭਿਅ ਸੰਸਾਰ ਨੂੰ 'ਸਾਇੰਸ ਦੀ ਦੁਨੀਆ' ਆਖਣਾ ਵਧੇਰੇ ਯੋਗ ਲੱਗਦਾ ਹੈ। ਕੇਵਲ ਇਸ ਲਈ ਹੀ ਨਹੀਂ ਕਿ ਸਾਇੰਸ ਨੇ ਸਨਅਤ ਅਤੇ ਤਕਨੀਕ ਨੂੰ ਜਨਮ ਦੇ ਕੇ ਮਨੁੱਖ ਦੇ ਰਹਿਣ ਸਹਿਣ ਵਿੱਚ ਵੱਡੀ ਤਬਦੀਲੀ ਪੈਦਾ ਕਰ ਦਿੱਤੀ ਹੈ, ਸਗੋਂ ਇਸ ਲਈ ਵੀ ਕਿ ਇਸ ਨੇ ਮਨੁੱਖ ਦੇ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ; ਇਸ ਨੇ ਵਿਸ਼ਵ ਵਿੱਚ ਮਨੁੱਖ ਨੂੰ ਆਪਣੀ ਥਾਂ ਪਛਾਣਨ ਦਾ ਨਵਾਂ ਢੰਗ ਦੱਸਿਆ ਹੈ; ਇਸ ਨੇ ਮਨੁੱਖ ਨੂੰ ਵਿਸ਼ਵ ਦੇ ਅਨਾਦੀ ਅਤੇ ਅਨੰਤ ਹੋਣ ਦੀ ਜਾਣਕਾਰੀ ਦੇ ਨਾਲ ਨਾਲ ਇਸ ਬਾਰੇ ਠੀਕ ਅਤੇ ਲੋੜੀਂਦਾ ਗਿਆਨ ਪ੍ਰਾਪਤ ਕਰਨ ਦੀ ਜਾਚ ਦੱਸੀ ਹੈ। ਇਹ ਸਭ ਕੁਝ ਕਰਨ ਵਾਲੀ ਸਾਇੰਸ ਕੋਈ ਜਾਦੂ ਨਹੀਂ। ਇਹ 'ਇਸ ਬ੍ਰਹਿਮੰਡ, ਬ੍ਰਹਿਮੰਡ ਵਿਚਲੇ ਜੀਵਨ ਅਤੇ ਜੀਵਨ ਵਿਚਲੀ ਜਗਿਆਸਾ ਦੀ ਤਰਕਪੂਰਣ ਜਾਂ ਵਿਵੇਕਸ਼ੀਲ