Back ArrowLogo
Info
Profile

ਅਤੇ ਉਨ੍ਹਾਂ ਦੋਸ਼ਾਂ ਦੇ ਜਨ-ਸਾਧਾਰਣ ਨੂੰ ਆਪਣੀਆਂ ਇਹ ਰੀਝਾਂ ਪੂਰੀਆਂ ਹੋਣ ਦੇ ਪਰਲੋਕੀ ਸੁਪਨੇ ਵੇਖਣੇ ਪੈਂਦੇ ਹਨ। ਉਥੇ ਅਜੇ ਵੀ ਧਰਮਾਂ ਦੇ ਸਿਧਾਂਤਾਂ, ਕਰਮ-ਕਾਂਡਾਂ ਅਤੇ ਤਰਕਸ਼ੂਨ ਵਿਸ਼ਵਾਸਾਂ ਵਿੱਚ ਲਾਭਦਾਇਕਤਾ, ਉਪਯੋਗਿਤਾ ਅਤੇ ਸਾਰਥਕਤਾ ਦਾ ਅਨੁਭਵ ਕੀਤਾ ਜਾਂਦਾ ਹੈ।

ਧਰਮ ਦੇ ਦਬਦਬੇ ਵਿੱਚੋਂ ਨਿਕਲਦਿਆਂ ਹੀ ਸਾਇੰਸ ਨੇ ਉੱਨਤੀ ਦੀ ਦਿਸ਼ਾ ਵਿੱਚ ਲੰਮੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਧਰਮ ਅਤੇ ਵਿਗਿਆਨ ਦਾ ਵਿਰੋਧ ਖਲ (ਐਸਟ੍ਰਾਨੋਮੀ) ਤੋਂ ਆਰੰਭ ਹੋਇਆ ਸੀ । ਖਗੋਲ ਦੇ ਖੇਤਰ ਵਿੱਚ ਹੁਣ ਖੁੱਲ੍ਹੀਆਂ ਉਡਾਰੀਆਂ ਲੱਗਣ ਲੱਗ ਪਈਆਂ। ਵੱਡੀਆਂ ਵੱਡੀਆਂ ਦੂਰਬੀਨਾਂ ਬਣ ਗਈਆਂ, ਜਿਨ੍ਹਾਂ ਦੀ ਸਹਾਇਤਾ ਨਾਲ ਸਾਇੰਸ ਨੇ ਅਨੰਤ ਪੁਲਾੜ ਵਿੱਚ ਅਨੇਕਾਂ ਸੂਰਜਾਂ ਅਤੇ ਸੂਰਜੀ ਪਰਿਵਾਰਾਂ ਅਤੇ ਅਕਾਸ਼ ਗੰਗਾ ਦਾ ਪਤਾ ਲਾ ਲਿਆ। ਵੱਡੇ ਵੱਡੇ ਪੁਲਾੜੀ ਫ਼ਾਸਲੇ ਨਾਪਣ ਦੇ ਯੋਗ ਹੋਣ ਉੱਤੇ ਵੀ ਆਦਮੀ ਨੂੰ ਅਸਮਾਨਾਂ ਵਿੱਚ ਨਰਕ ਸੁਰਗ ਦੀ ਕੋਈ ਟੋਹ ਨਾ ਮਿਲੀ। ਜੇ ਨਰਕ ਸੁਰਗ ਦੀ ਹੋਂਦ ਨਹੀਂ ਹੈ ਤਾਂ ਜੀਵਨ ਦਾ ਕੋਈ ਮਨੋਰਥ ਵੀ ਨਹੀਂ। ਜੀਵਨ ਦੇ ਮਨੋਰਥ ਦੀ ਗੱਲ ਕੇਵਲ ਧਰਮ ਨੇ ਹੀ ਨਹੀਂ ਕੀਤੀ ਸੀ, ਸਗੋਂ ਈਸਾਈਅਤ ਤੋਂ ਪਹਿਲਾਂ ਅਰਸਤੂ ਰਾਹੀਂ ਇਹ ਗੱਲ ਫ਼ਿਲਾਸਫ਼ੀ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਉਸ ਨੇ ਆਪਣੇ ਉਸਤਾਦ ਪਲੇਟੋ ਦੇ ਆਦਰਸ਼ਵਾਦ ਨੂੰ ਅੱਗੇ ਤੋਰਦਿਆਂ ਹੋਇਆਂ ਇਹ ਆਖਿਆ ਸੀ ਕਿ ਸੰਸਾਰ ਦੀ ਹਰ ਸ਼ੈਅ ਚਾਰ ਕਾਰਣਾਂ ਦੇ ਸਹਾਰੇ ਹੋਂਦ ਵਿੱਚ ਆਉਂਦੀ ਹੈ। ਇਹ ਚਾਰ ਕਾਰਣ ਹਨ-(1) ਭੌਤਿਕ ਕਾਰਣ; (2) ਨਿਮਿੱਤ ਕਾਰਣ: (3) ਸਰੂਪ ਕਾਰਣ; ਅਤੇ (4) ਪ੍ਰਯੋਜਨ ਕਾਰਣ। ਅਰਸਤੂ ਅਨੁਸਾਰ ਕਿਸੇ ਚੀਜ਼ ਦੇ ਬਣਨ ਲਈ ਪਹਿਲੋਂ ਸਾਮਾਨ ਜਾਂ ਪਦਾਰਥ ਦੀ ਲੋੜ ਹੈ। ਜਿਵੇਂ ਭਾਂਡਾ ਬਣਾਉਣ ਲਈ ਮਿੱਟੀ ਦੀ ਉਸ ਤੋਂ ਪਿੱਛੋਂ ਉਸ ਮਿੱਟੀ ਨੂੰ ਭਾਂਡੇ ਦਾ ਰੂਪ ਦੇਣ ਲਈ ਘੁਮਾਰ ਦੀ ਲੋੜ ਹੈ; ਤੀਜੇ ਨੰਬਰ ਉੱਤੇ ਭਾਂਡੇ ਦਾ ਰੂਪ ਨਿਸ਼ਚਿਤ ਕਰਨ ਦੀ ਲੋੜ ਹੈ ਅਤੇ ਚੌਥੇ ਨੰਬਰ ਉੱਤੇ ਉਸ ਮਨੋਰਥ ਜਾਂ ਪ੍ਰਯੋਜਨ ਦੀ ਲੋੜ ਹੈ, ਜਿਸ ਦੀ ਪੂਰਤੀ ਲਈ ਭਾਂਡਾ ਬਣਾਇਆ ਜਾ ਰਿਹਾ ਹੈ, ਜਿਵੇਂ ਪਿਆਲਾ ਪਾਣੀ ਪੀਣ ਲਈ ਬਣਾਇਆ ਜਾਂਦਾ ਹੈ।

ਅੰਤਮ ਕਾਰਣ ਵਿੱਚ ਮਨੋਰਥ ਦਾ ਸਮਾਵੇਸ਼ ਹੈ। ਸੰਸਾਰ ਦੀ ਹਰ ਚੀਜ਼ ਪਿੱਛੇ ਕੋਈ ਮਨੋਰਥ ਹੈ। ਇਸ ਟਿਕਾਣੇ ਉੱਤੇ ਪੁੱਜ ਕੇ ਸਾਇੰਸ ਦਾ ਫਿਲਾਸਫੀ ਨਾਲ ਵਿਰੋਧ ਹੋ ਗਿਆ। ਸਾਇੰਸ ਨੂੰ ਪਦਾਰਥ ਦੀ ਹਰ ਕਿਰਿਆ ਮਨੋਰਥ ਰਹਿਤ ਜਾਪਦੀ ਸੀ। ਉਸ ਨੂੰ ਰਸਾਇਣਿਕ ਪਦਾਰਥਾਂ ਵਿਚਲੀ ਕਿਰਿਆ ਅਤੇ ਪ੍ਰਤੀਕਿਰਿਆ ਕਿਸੇ ਮਨੋਰਥ ਅਧੀਨ ਹੁੰਦੀ ਨਹੀਂ ਸੀ ਲੱਗਦੀ, ਨਾ ਹੀ ਅਣੂੰਆਂ ਪਰਮਾਣੂਆਂ ਦੀ ਹਰਕਤ ਪਿੱਛੇ ਕੋਈ ਮਨੋਰਥ ਦਿਸਦਾ ਸੀ। ਇਸ ਗੱਲ ਦਾ ਨਿਰਾ ਫ਼ਿਲਾਸਫ਼ੀ ਨਾਲ ਹੀ ਨਹੀਂ, ਸਗੋਂ ਸਾਧਾਰਣ ਸੂਝ (Common sense) ਨਾਲ ਵੀ ਵਿਰੋਧ ਸੀ। ਸਾਧਾਰਣ ਸੂਝਵਾਨ ਆਦਮੀ ਜਾਣਦਾ ਹੈ ਕਿ ਉਸ ਦਾ ਹਰ ਕੰਮ ਕਿਸੇ ਜਾਣੇ-ਬੁੱਝੇ ਨਿਸ਼ਚਿਤ ਮਨੋਰਥ ਨਾਲ ਕੀਤਾ ਜਾ ਰਿਹਾ ਹੈ।

ਉੱਨੀਵੀਂ ਸਦੀ ਵਿੱਚ ਚਾਰਲਜ਼ ਡਾਰਵਿਨ ਦੀ ਖੋਜ ਨੇ ਇਹ ਦੱਸਣ ਦਾ ਜਤਨ ਕੀਤਾ ਕਿ ਸ੍ਵੈ-ਰੱਖਿਆ ਦਾ ਸੰਘਰਸ਼ ਹਰ ਚੇਤਨ ਜੀਵ ਦੀ ਪਰਵਿਰਤੀ ਵਿੱਚ ਹੈ ਅਤੇ ਯੋਗਤਮ ਦੀ ਜਿੱਤ ਦਾ ਨੇਮ ਸਮੁੱਚੇ ਸੰਘਰਸ਼ ਵਿੱਚ ਸਮਾਇਆ ਹੋਇਆ ਹੈ । ਸ੍ਵੈ-ਰੱਖਿਆ ਦੇ ਯੋਗ ਹੋਣ ਲਈ ਜੀਵਾਂ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਹੋਇਆ ਹੈ, ਸਦਾ ਹੁੰਦਾ ਰਹਿੰਦਾ ਹੈ। ਇਸੇ ਵਿਕਾਸ ਨੇ ਛੋਟੇ ਛੋਟੇ ਜੀਵ-ਜੰਤੂਆਂ ਤੋਂ ਮਨੁੱਖ ਦਾ ਨਿਰਮਾਣ ਕੀਤਾ ਹੈ। ਡਾਰਵਿਨ ਦੀਆਂ ਬੁਨਿਆਦੀ ਗੱਲਾਂ ਨਾਲ ਸਾਰੇ ਸਾਇੰਸਦਾਨ ਅਤੇ ਫ਼ਿਲਾਸਫ਼ਰ ਸਹਿਮਤ ਹਨ, ਪਰੰਤੂ ਫ਼ਿਲਾਸਫ਼ਰਾਂ ਦੇ ਦੋ ਧੜੇ ਹਨ। ਇੱਕ ਧੜਾ ਮਨੋਰਥ ਦੀ ਹੋਂਦ ਮੰਨਦਾ ਹੈ ਅਤੇ ਦੂਜਾ ਇਨਕਾਰੀ ਹੈ।

11 / 137
Previous
Next