

ਆਪਣੇ ਪਰਿਵਾਰ ਲਈ ਸੁਹਣੇ, ਸੁਖਚਾਇਕ, ਚੰਗੋ ਸਾਫ਼-ਸੁਥਰੇ ਮੁਹੱਲੇ ਵਿੱਚ ਨਿੱਕੇ ਜਿਹੇ ਘਰ ਦੀ ਇੱਛਾ ਤ੍ਰਿਸ਼ਨਾ ਨਹੀਂ; ਆਪਣੇ ਬੱਚਿਆਂ ਲਈ ਚੰਗੇਰੀ ਵਿੱਦਿਆ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਕਿਸੇ ਨੌਕਰੀ ਜਾਂ ਕਾਰੋਬਾਰ ਦੀ ਮੰਗ ਕਿਸੇ ਤਰ੍ਹਾਂ ਅਯੋਗ ਨਹੀਂ, ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ ਅਤੇ ਸੱਜਣਾਂ-ਮਿੱਤਰਾਂ ਦੀ ਲੋੜ ਸਮੇਂ ਉਨ੍ਹਾਂ ਦੀ ਸਹਾਇਤਾ ਦੇ ਯੋਗ ਹੋਣ ਦੀ ਭਾਵਨਾ ਕਿਸੇ ਹੈਂਕੜ ਦੀ ਉਪਜ ਨਹੀਂ; ਆਪਣੀ ਲੋੜ ਸਮੇਂ ਆਪਣੇ ਸਨੇਹੀਆਂ ਅਤੇ ਨਿਕਟਵਰਤੀਆਂ ਦੀ ਸਹਾਇਤਾ ਉੱਤੇ ਨਿਰਭਰ ਕਰਨਾ ਖ਼ੁਦਗਰਜ਼ੀ ਵੀ ਨਹੀਂ; ਇਹ ਸਭ ਕੁਝ ਸੰਬੰਧਾਂ ਦੀ ਸੁੰਦਰਤਾ ਦਾ ਲਖਾਇਕ ਹੈ। ਪੁਰਾਤਨ ਮੱਧਕਾਲੀਨ ਜਾਂ ਆਧੁਨਿਕ ਕੋਈ ਵੀ ਸਮਾਜ ਜਾਂ ਸਮੇਂ ਦਾ ਜਨ-ਸਾਧਾਰਣ ਇਸ ਪ੍ਰਕਾਰ ਦੀ ਸੰਬੰਧ-ਸੁੰਦਰਤਾ ਦੀ ਅਣਹੋਂਦ ਕਾਰਨ ਉਦਾਸ ਹੁੰਦਾ ਰਿਹਾ ਹੈ, ਤ੍ਰਿਸ਼ਨਾ ਕਾਰਨ ਨਹੀਂ। ਅਤੇ ਇਸ ਸੰਬੰਧ-ਸੁੰਦਰਤਾ ਦੀ ਅਣਹੋਂਦ ਦਾ ਕਾਰਨ ਸੀ ਅਤੇ ਹੈ ਥੁੜ, ਅਸੁਰੱਖਿਆ, ਬੇ-ਵਸਾਹੀ ਅਤੇ ਮੁਕਾਬਲਾ।
ਮੱਧਕਾਲ ਵਿੱਚ ਤ੍ਰਿਸ਼ਨਾ ਦੇ ਤਿੰਨ ਕੇਂਦਰ ਸਨ-ਹਾਕਮ ਸ਼੍ਰੇਣੀ, ਧਰਮ ਅਤੇ ਵਾਪਾਰ। ਆਧੁਨਿਕ ਯੁਗ ਵਿੱਚ ਵੀ ਹਾਲਤ ਬਦਲੀ ਨਹੀਂ। ਯੌਰਪ ਵਿੱਚ ਧਰਮ ਪਹਿਲਾਂ ਵਰਗਾ ਨਹੀ ਰਿਹਾ। ਇਹ ਸਰਕਾਰੀ ਮਹਿਕਮਾ ਬਣ ਗਿਆ ਹੈ ਅਤੇ ਇਉਂ ਹੋਣ ਨਾਲ ਤ੍ਰਿਸ਼ਨਾ-ਮੁਕਤ ਹੈ। ਭਾਰਤ ਵਿੱਚ ਧਰਮ ਦੇ ਪ੍ਰਚਾਰਕਾਂ, ਸੰਤਾਂ ਮਹਾਤਮਾਵਾਂ, ਗੁਰੂਆਂ ਅਤੇ ਬਾਬਿਆਂ ਨੂੰ ਸੰਗਮਰਮਰੀ ਏਅਰ ਕੰਡੀਸ਼ਡ ਡੇਰਿਆਂ ਦੀ (ਲੋੜ ਨਹੀ) ਤ੍ਰਿਸ਼ਨਾ ਹੈ; ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧੇ ਦੀ ਤ੍ਰਿਸ਼ਨਾ ਹੈ ਜਿਹੜੀ ਹਰ ਵਾਧੇ ਨਾਲ ਵਧਦੀ ਹੈ। ਕਦੇ ਕਿਸੇ ਡੇਰੇਦਾਰ ਨੂੰ ਤਨਾਅ ਨਹੀ ਹੋਇਆ; ਡਿੱਪ੍ਰੈਸ਼ਨ ਨਹੀਂ ਹੋਇਆ: ਨਰਵਸ ਬ੍ਰੇਕ-ਡਾਉਨ ਨਹੀਂ ਹੋਇਆ। ਸਾਰੇ ਸੁਖ ਦੀ ਨੀਂਦ ਸੌਂਦੇ ਹਨ।
ਪੱਛਮੀ ਯੌਰਪ ਦਾ ਸੱਤਾਧਾਰੀ ਵਰਗ ਸੱਤਾ ਦੀ ਤ੍ਰਿਸ਼ਨਾ ਰੱਖਦਾ ਹੈ। ਤਨਾਅ (stress ਦਾ ਰੋਗੀ ਵੀ ਹੈ, ਪਰੰਤੂ ਭਾਰਤੀ ਸੱਤਾਧਾਰੀ ਅਤੇ ਹਾਕਮ ਵਰਗ ਨੂੰ ਉਨ੍ਹਾਂ ਦੀ ਤ੍ਰਿਸ਼ਨਾ ਨੇ ਕਦੇ ਕੋਈ ਮਾਨਸਿਕ ਰੋਗ ਨਹੀਂ ਲਾਇਆ। ਹਾਕਮ ਸ਼੍ਰੇਣੀ ਅਤੇ ਵਾਪਾਰੀ ਵਰਗ ਦੀ ਤ੍ਰਿਸ਼ਨ ਉਨ੍ਹਾਂ ਲਈ ਬਹੁਤੀ ਚਿੰਤਾ ਦਾ ਕਾਰਨ ਨਹੀਂ ਬਣਦੀ; ਹਾਂ ਜਨ-ਸਾਧਾਰਣ ਲਈ ਚਿੰਤਾਵ ਜ਼ਰੂਰ ਪੈਦਾ ਕਰ ਦਿੰਦੀ ਹੈ। ਇਨ੍ਹਾਂ ਚਿੰਤਾਵਾਂ ਦਾ ਇਲਾਜ ਲੋੜ ਦੀਆਂ ਚੀਜ਼ਾਂ (consume goods) ਦੀ ਉਪਜ ਅਤੇ ਉਪਜ ਦੀ ਵੰਡ ਦੇ ਨਿਆਏਪੂਰਣ ਪ੍ਰਬੰਧ ਵਿੱਚ ਹੈ; ਇੱਛਾ ਉੱਤੇ ਕਾਬੂ ਪਾਉਣ ਦੇ ਉਪਦੇਸ਼ਾਂ ਦੀ ਸਸਤੀ ਸਿਆਣਪ ਇਸ ਦਾ ਇਲਾਜ ਨਹੀਂ। ਆਧੁਨਿਕ ਪੱਛਮ ਆਰਥਕ ਪ੍ਰਬੰਧ ਵਿੱਚ ਵਰਗ ਵਿਸ਼ੇਸ਼ ਦਾ ਵਿਲਾਸ ਵੀ ਜਨ-ਸਾਧਾਰਣ ਲਈ ਉਦਾਸੀ ਪੈਦ ਨਹੀਂ ਕਰਦਾ; ਪਰੰਤੂ ਇਹ ਪ੍ਰਬੰਧ ਅਜੇ ਵਿਸ਼ਵਵਿਆਪੀ ਨਹੀਂ ਹੋਇਆ।