ਇਉਂ ਸੋਚਣ ਵਾਲੇ ਮਨੁੱਖ ਨੂੰ ਸਾਇੰਸ ਨੇ ਟੈਕਨਾਲੋਜੀ ਦਿੱਤੀ ਹੈ। ਅੱਜ ਮਨੁੱਖ ਵਿੱਚ ਪਰਬਤਾਂ ਨੂੰ ਹੂੰਝ ਕੇ ਸੁੱਟ ਦੇਣ ਦੀ ਸਮਰੱਥਾ ਹੈ। ਉਹ ਸਮੁੰਦਰ ਵਿੱਚ ਟਾਪੂਆਂ ਦਾ ਨਿਰਮਾਣ ਕਰ ਕੇ ਉਨ੍ਹਾਂ ਉੱਤੇ ਹਵਾਈ ਅੱਡੇ ਅਤੇ ਸ਼ਹਿਰ ਉਸਾਰ ਦਿੰਦਾ ਹੈ। ਉਹ ਰੇਗਿਸਤਾਨਾਂ ਨੂੰ ਬਗੀਚਿਆਂ ਵਿੱਚ ਬਦਲ ਸਕਦਾ ਹੈ। ਉਹ ਆਪਣੀ ਪਰਵਿਰਤੀ ਅਨੁਸਾਰ ਕਰਮ ਕਰਦਾ ਹੋਇਆ ਸਾਰੀ ਦੁਨੀਆ ਨੂੰ ਸ੍ਵਰਗ ਬਣਾ ਦੇਣ ਦੀ ਹਿੰਮਤ ਰੱਖਦਾ ਹੈ। ਸਾਇੰਸ ਮਨੁੱਖ ਨੂੰ ਕਹਿੰਦੀ ਹੈ, “ਉਠ, ਆਪਣੀ ਪਰਵਿਰਤੀ ਅਨੁਸਾਰ ਕੰਮ ਕਰ। ਇਹ ਤੇਰਾ ਧਰਮ ਹੈ; ਇਹ ਤੇਰਾ ਮਰਦਊ ਹੈ। ਮੈਂ ਤੇਰੀ ਮਾਂ, ਧਰਤੀ-ਤੇਰੇ ਭਾਵਾਂ, ਤੇਰੀਆਂ ਅਕਲਾਂ ਤੇਰੀਆਂ ਪਰਵਿਰਤੀਆਂ ਨੂੰ ਪਾਪ ਨਹੀਂ ਸਮਝਦੀ। ਇਹ ਮੇਰੇ ਲਈ ਵਰਦਾਨ ਹਨ।" ਸਾਇੰਸ ਨੇ ਮਨੁੱਖ ਦੀ 'ਸੋਚ' ਅਤੇ ਮਨੁੱਖ ਦੇ 'ਦੁਨਿਆਵੀ ਕਰਮ', ਦੋਹਾਂ ਨੂੰ ਹੀ ਨਵਾਂ ਰੂਪ ਦੇ ਦਿੱਤਾ ਹੈ।
ਇਸ ਦਾ ਨਤੀਜਾ ਇਹ ਹੈ ਕਿ ਵਿਗਿਆਨਿਕ ਸੋਚ ਵਾਲਾ ਮਨੁੱਖ ਆਪਣੇ ਆਪ ਵਿੱਚ ਵੰਡਿਆ ਹੋਇਆ ਨਹੀਂ। ਸਾਰੇ ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਮਨੁੱਖ ਆਪਣੇ ਆਪ ਵਿੱਚ ਵੰਡਿਆ ਰਿਹਾ ਹੈ; ਅੰਤਰ ਦੰਦ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਦੋ ਜੀਵਨ ਜੀਣੇ ਪੈਂਦੇ ਰਹੇ ਹਨ-ਇੱਕ ਦੁਨਿਆਵੀ, ਦੂਜਾ ਦੀਨੀ; ਇੱਕ ਲੌਕਿਕ, ਦੂਜਾ ਅਲੌਕਿਕ। ਲੌਕਿਕ ਜੀਵਨ ਨੂੰ ਉਹ ਪਰਵਿਰਤੀ ਦੀ ਪ੍ਰੇਰਣਾ ਅਨੁਸਾਰ ਜਿਉਂਦਾ ਸੀ। ਦੁਨਿਆਵੀ ਪ੍ਰਾਪਤੀਆਂ ਪਿੱਛੇ ਉਹ ਪੂਰੀ ਲਗਨ, ਪੂਰੇ ਬਲ ਅਤੇ ਪੂਰੀ ਬੌਧਿਕ ਯੋਗਤਾ ਨਾਲ ਦੌੜਦਾ ਸੀ। ਉਹ ਆਪਣੀ ਔਲਾਦ ਨੂੰ ਸੁਰੱਖਿਅਤ ਵੇਖ ਕੇ ਮਰਨਾ ਚਾਹੁੰਦਾ ਸੀ। ਔਲਾਦ ਨਾਲ ਬੇ-ਵਫ਼ਾਈ ਕਰ ਕੇ ਉਹ ਕਿਸੇ ਅਲੋਕਿਕ ਪ੍ਰਾਪਤੀ ਦਾ ਮਾਣ ਕਰਨ ਵਿੱਚ ਸਿਆਣਪ ਨਹੀਂ ਸੀ ਸਮਝਦਾ, ਤਸੱਲੀ ਨਹੀਂ ਸੀ ਮਹਿਸੂਸਦਾ। ਉਸ ਦਾ ਧਰਮ ਦੁਨਿਆਵੀ ਪ੍ਰਾਪਤੀਆਂ ਦੇ ਜਤਨ ਨੂੰ ਜੂਆ ਅਤੇ ਅਗਿਆਨ ਦੱਸਦਾ ਸੀ। ਧਰਮ ਦੇ ਆਦੇਸ਼ਾਂ ਅਤੇ ਫੈਸਲਿਆਂ ਉੱਤੇ ਕਿੰਤੂ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ, ਨਾ ਹੀ ਧਰਮ ਦੇ ਫੈਸਲਿਆਂ ਨੂੰ ਉਹ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ। ਧਰਮ ਭੈਅ ਦੀ ਭਰਪੂਰ ਵਰਤੋਂ ਕਰ ਕੇ ਉਸ ਨੂੰ ਆਪਣੇ ਆਪ ਵਿੱਚ ਵੰਡੀ ਰੱਖਦਾ ਸੀ। ਮਨੁੱਖ ਦੀ ਇਸ ਮਾਨਸਿਕ ਅਵਸਥਾ ਨੂੰ ਦੁਬਿਧਾ ਆਖਿਆ ਗਿਆ ਹੈ ਅਤੇ ਦੁਬਿਧਾ ਮਨੁੱਖ ਨੂੰ ਨਾ ਮਾਇਆ ਵੱਲ ਲੱਗਣ ਦਿੰਦੀ ਹੈ, ਨਾ ਰਾਮ ਵੱਲ ਜਾਣ ਦਿੰਦੀ ਹੈ। ਮਿਰਜ਼ਾ ਗ਼ਾਲਿਬ ਨੇ ਇਸ ਅਵਸਥਾ ਦਾ ਬਹੁਤ ਖ਼ੂਬਸੂਰਤ ਵਰਣਨ ਕੀਤਾ ਹੈ:
ਈਮਾਂ ਮੁਝੇ ਹੋਏ ਹੈ, ਜੋ ਖੀਂਚੇ ਹੈ ਮੁਝੇ ਕੁੱਝ,
ਕਾਅਬਾ ਮਿਠੇ ਪੀਛੇ ਹੋ ਕਲੀਸਾ ਮਿਰੇ ਆਗੇ।
ਪਰੰਤੂ ਆਮ ਆਦਮੀਆਂ ਲਈ ਕੁਰਰ ਦੀ ਖਿੱਚ ਈਮਾਨ ਦੀਆਂ ਰੋਕਾਂ ਨਾਲੋਂ ਬਹੁਤੀ ਪ੍ਰਬਲ ਰਹੀ ਹੈ; ਇਸ ਲਈ ਉਹ ਭੈ, ਅਨਿਸਚਿਤਤਾ ਅਤੇ ਦੁਬਿਧਾ ਵਿੱਚ ਜੀਵਿਆ ਹੈ। ਧਰਮ ਦੀ ਅਗਵਾਈ ਅਤੇ ਠੇਕੇਦਾਰੀ ਕਰਨ ਵਾਲੇ ਲੋਕ ਜਾਂ ਉਨ੍ਹਾਂ ਆਗੂਆਂ ਅਤੇ ਠੇਕੇਦਾਰਾਂ ਦੇ ਲੱਗੇ-ਬੱਧੇ ਵੀ ਕੁਫ਼ਰ ਦੀ ਖਿੱਚ ਨੂੰ ਉਨਾ ਹੀ ਪ੍ਰਥਲ ਮਹਿਸੂਸ ਕਰਦੇ ਹਨ, ਪਰ ਉਨ੍ਹਾਂ ਦੀ ਸਮਾਜਿਕ ਸਥਿਤੀ ਉਸ ਖਿੱਚ ਉੱਤੇ ਪਰਦਾ ਪਾਉਣ ਦੀ ਪ੍ਰੇਰਣਾ ਦਿੰਦੀ ਸੀ। ਇਸ ਲਈ ਪਾਖੰਡ ਉਨ੍ਹਾਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਜਾਂਦਾ ਸੀ । ਵਿਗਿਆਨਕ ਸੋਚ ਨੇ ਜਨ-ਸਾਧਾਰਣ ਅਤੇ ਜਨ-ਅਸਾਧਾਰਣ, ਦੋਹਾਂ ਉੱਤੇ ਉਪਕਾਰ ਕੀਤਾ ਹੈ; ਇੱਕ ਨੂੰ ਭੈਅ ਅਤੇ ਦੁਬਿਧਾ ਵਿੱਚੋਂ ਕੱਢ ਕੇ ਅਤੇ ਦੂਜੇ ਲਈ ਪਾਖੰਡ ਤੋਂ ਮੁਕਤੀ ਦੀਆਂ ਸੰਭਵਤਾਵਾਂ ਪੈਦਾ ਕਰ ਕੇ।