ਆਦਿਕ ਨਾਲ ਜੋੜਦਾ ਸੀ। ਜਿਵੇਂ ਜਿਵੇਂ ਕਿਸਾਨੀ ਸੱਭਿਅਤਾ ਪੱਕੇ ਪੈਰੀਂ ਖਲੌਂਦੀ ਗਈ ਹੈ ਤਿਵੇਂ ਤਿਵੇਂ ਗਿਆਨ ਦੀਆਂ ਦੋ ਵੰਡਾਂ ਦਾ ਵਖੇਵਾਂ ਵਧਦਾ ਗਿਆ ਹੈ। ਆਪਣੀ ਚਰਮ ਸੀਮਾ ਤਕ ਪੁੱਜਦਿਆਂ ਪੁੱਜਦਿਆਂ ਇਸ ਸੱਭਿਅਤਾ ਨੇ ਆਪਣੇ ਗਿਆਨ ਦੀਆਂ, ਅਧਿਆਤਮਕ ਅਤੇ ਭੌਤਿਕ ਜਾਂ ਦੀਨੀ ਅਤੇ ਦੁਨਿਆਵੀ, ਦੋ ਵੰਡਾਂ ਦੀ ਨਿਸ਼ਚਿਤ ਰੂਪ- ਰੇਖਾ ਉਲੀਕ ਲਈ ਸੀ। ਮੈਡੀਟੇਨੀਅਨ ਭੂ-ਖੰਡ (ਰੂਮ ਸਾਗਰ ਜਾਂ ਭੂ-ਮੱਧ ਸਾਗਰ ਦੇ ਇਰਦ ਗਿਰਦ ਦੇ ਦੇਸ਼) ਵਿੱਚ ਇਨ੍ਹਾਂ ਦੋ ਵੰਡਾਂ ਵਿੱਚ ਵੱਡਾ ਵਿਰੋਧ ਚੱਲਦਾ ਰਿਹਾ ਹੈ। ਇਸ ਵਿਰੋਧ ਨੇ ਸਿਆਸੀ ਅਤੇ ਸੈਨਿਕ ਘੋਲਾਂ ਦਾ ਰੂਪ ਧਾਰ ਕੇ ਦੋਹਾਂ ਵੰਡਾਂ ਨੂੰ ਇੱਕ ਦੂਜੀ ਦੇ ਨੇੜੇ ਰਹਿਣ ਦੀ ਮਜਬੂਰੀ ਪੈਦਾ ਕੀਤੀ ਰੱਖੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇੱਕ ਦੂਜੀ ਦੀ ਉਡਾਈ ਹੋਈ ਧੂੜ-ਮਿੱਟੀ ਪੈ ਕੇ ਦੋਹਾਂ ਦੇ ਚਿਹਰੇ ਬੇ-ਪਛਾਣ ਹੁੰਦੇ ਗਏ ਹਨ।
ਪੂਰਬ (ਵਿਸ਼ੇਸ਼ ਕਰਕੇ ਭਾਰਤ) ਵਿੱਚ ਇਨ੍ਹਾਂ ਦੋਹਾਂ ਵੰਡਾਂ ਦਾ ਫਰਕ ਫ਼ਾਸਲਾ ਵਧਦਾ ਗਿਆ ਹੈ: ਅਧਿਆਤਮਕ ਗਿਆਨ ਦੀ ਪ੍ਰਧਾਨਤਾ ਸਥਾਪਤ ਹੁੰਦੀ ਗਈ ਹੈ ਅਤੇ ਭੌਤਿਕ ਗਿਆਨ ਨੂੰ ਭਰਮ, ਭੁਲੇਖਾ ਅਤੇ ਅਗਿਆਨ ਤਕ ਕਹਿ ਕੇ ਛੁਟਿਆਉਣ ਦੀ ਰੁਚੀ ਵਧਦੀ ਗਈ ਹੈ। ਅੱਜ ਜਦੋਂ ਸਾਇੰਸ ਅਤੇ ਸਨਅਤ ਦੀ ਉਪਜਾਈ ਹੋਈ ਜੀਵਨ-ਜਾਚ ਸਾਰੀ ਦੁਨੀਆ ਨੂੰ ਪ੍ਰਭਾਵਿਤ, ਪ੍ਰੇਰਿਤ ਅਤੇ ਉੱਨਤ ਕਰਨ ਦੋ ਇਕਰਾਰ ਕਰਨ ਅਤੇ ਵਿਉਂਤਾਂ ਬਣਾਉਣ ਦੇ ਯੋਗ ਹੋ ਗਈ ਹੈ, ਉਦੋਂ ਵੀ ਅਧਿਆਤਮਵਾਦ ਵਿਗਿਆਨ ਨੂੰ ਭਰਮ, ਭੁਲੇਖਾ ਅਤੇ ਸੁਪਨਾ ਕਹਿਣੋਂ ਸੰਕੋਚ ਨਹੀਂ ਕਰਦਾ। ਇਸ ਗਿਆਨ ਦੇ ਇਸ ਅਧਿਕਾਰ ਦੀ ਵਜ੍ਹਾ ਨਾਲ ਇਸ ਨੂੰ ਰੱਬੀ ਜਾਂ ਧੁਰੋਂ ਆਇਆ ਮੰਨਿਆ ਜਾਂਦਾ ਹੈ ਜਾਂ ਧੁਰੋਂ ਆਇਆ ਹੋਣ ਕਰਕੇ ਇਸ ਨੂੰ ਇਹ ਅਧਿਕਾਰ ਪ੍ਰਾਪਤ ਹੈ, ਇਸ ਗੱਲ ਦਾ ਨਿਰਣਾ ਜ਼ਰਾ ਔਖਾ ਹੈ।
ਮੈਡੀਟੇਨੀਅਨ ਭੂ-ਖੰਡ ਵਿੱਚ ਅਧਿਆਤਮਕ ਗਿਆਨ ਦੇ ਵਿਕਾਸ ਅਤੇ ਸੰਗਠਨ ਤੋਂ ਪਹਿਲਾਂ ਹੀ ਇਸ ਦੀ ਉਪਯੋਗਿਤਾ ਦਾ ਖ਼ਿਆਲ ਪੈਦਾ ਹੋ ਗਿਆ ਸੀ। ਪਲੇਟੋ (ਇਫ਼ਲਾਤੂਨ) ਨੇ ਆਪਣੀ ਪੁਸਤਕ ਰੀਪਬਲਿਕ ਵਿੱਚ ਇਹ ਸੁਝਾਉ ਦਿੱਤਾ ਹੋਇਆ ਹੈ ਕਿ 'ਕਿਸੇ ਵੀ ਚੰਗੀ ਸਰਕਾਰ ਨੂੰ ਸੋਚੇ ਸਮਝੇ ਹੋਏ ਰੂਹਾਨੀ ਜਾਂ ਅਧਿਆਤਮਕ ਝੂਠ ਦਾ ਸਹਾਰਾ ਲੈਣਾ ਜ਼ਰੂਰੀ ਹੈ। ਇੱਕ ਝੂਠ ਦੀ ਸਲਾਹ ਮੈਂ ਦਿੰਦਾ ਹਾਂ। ਸਰਕਾਰ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰੇ ਕਿ ਆਦਮੀਆਂ ਵਿੱਚ ਤਿੰਨ ਪ੍ਰਕਾਰ ਦੀਆਂ ਰੂਹਾਂ ਹੁੰਦੀਆਂ ਹਨ। ਫ਼ਿਲਾਸਫਰਾਂ ਅਤੇ ਹਾਕਮਾਂ ਵਿੱਚ ਸੋਨੇ ਦੀਆਂ, ਲੜਨ ਮਰਨ ਵਾਲੇ ਯੋਧਿਆਂ ਵਿੱਚ ਚਾਂਦੀ ਦੀਆਂ ਅਤੇ ਕਾਮਿਆਂ ਵਿੱਚ ਘਟੀਆ ਧਾਤੂਆਂ ਦੀਆਂ ਰੂਹਾਂ ਹੁੰਦੀਆਂ ਹਨ।' ਪਲੇਟੋ ਦਾ ਮਨੋਰਥ ਇਹ ਸੀ ਕਿ ਜਨ-ਸਾਧਾਰਣ ਆਪੋ ਆਪਣੀ ਸਮਾਜਕ ਸਥਿਤੀ ਵਿੱਚ ਸੰਤੁਸ਼ਟ ਰੱਖਿਆ ਜਾ ਸਕੇ। ਉਹ ਇਸੇ ਨੂੰ ਜਸਟਿਸ ਜਾਂ ਸਮਾਜਕ ਨਿਆਂਪੂਰਣਤਾ ਕਹਿੰਦਾ ਸੀ। ਵੇਦ ਵਿਆਸ ਦੀ ਮਹਾਂਭਾਰਤ ਪਲੇਟੋ ਦੇ ਵਿਚਾਰਾਂ ਦਾ ਭਾਰਤੀ ਉਤਾਰਾ ਹੈ। ਰੀਪਬਲਿਕ ਤੋਂ ਪਿੱਛੋਂ ਲਿਖੀ ਗਈ ਹੋਣ ਕਰਕੇ ਇਸ ਵਿੱਚ ਸਿਧਾਂਤਕ ਪਕਿਆਈ ਜ਼ਿਆਦਾ ਹੈ। ਇਸ ਨੇ ਰੂਹਾਂ ਦੇ ਵਖੇਵੇਂ ਦੀ ਥਾਂ ਕਰਮ ਉੱਤੇ ਆਧਾਰਿਤ ਪੁਨਰ ਜਨਮ ਅਤੇ ਜਨਮ ਉਤੇ ਆਧਾਰਿਤ ਜਾਤ-ਪਾਤ ਦੇ ਭਾਰਤੀ ਸਿਧਾਂਤ ਦੀ ਸਹਾਇਤਾ ਨਾਲ ਜਨ-ਸਾਧਾਰਣ ਨੂੰ ਆਪਣੀ ਹੋਣੀ ਨਾਲ ਸਮਝੌਤਾ ਕਰਨ ਦੀ ਸਿਆਣੀ ਅਤੇ ਸਦਾ ਕੰਮ ਆਉਣ ਵਾਲੀ ਸਲਾਹ ਦਿੱਤੀ ਹੈ। ਇਹ ਹੁਣ ਤਕ ਕੰਮ ਆ ਰਹੀ ਹੈ।
ਮੈਡੀਟੇਨੀਅਨ ਭੂ-ਖੰਡ, ਮਿਡਲ ਈਸਟ ਅਤੇ ਯੌਰਪ ਵਿੱਚ ਪਰਚਾਰਿਆ ਜਾਣ ਵਾਲਾ ਵਿਰੋਧ ਵਿੱਚ ਰਿਹਾ ਹੈ ਇਸ ਲਈ ਇਸਨੂੰ