ਪਤੀ ਦੀ ਦੇਹ ਵਿੱਚੋਂ ਪ੍ਰਾਣ ਨਿਕਲ ਜਾਣ ਪਿੱਛੋਂ ਉਸ ਨੂੰ ਭੂਤ, ਪ੍ਰੇਤ ਆਖ ਕੇ ਉਸ ਤੋਂ ਦੂਰ ਭੱਜ ਜਾਂਦੀ ਹੈ; ਭਰਾ ਸ਼ਮਸ਼ਾਨ ਤਕ ਸਾਥ ਦਿੰਦੇ ਹਨ। ਕੋਈ ਨਾਲ ਨਹੀਂ ਨਿਭਦਾ। ਇਸ ਲਈ ਇਹ ਰਿਸ਼ਤੇ ਕੂੜੇ ਹਨ।
ਆਧੁਨਿਕ ਯੁਗ ਦਾ ਸਾਧਾਰਣ ਆਦਮੀ ਵੀ ਇਨ੍ਹਾਂ ਵਿਚਾਰਾਂ ਦੀ ਕਚਿਆਈ ਉੱਤੇ ਹੱਸੇਗਾ। ਅਜੀਬ ਸਮਾਜ ਹੋਵੇਗਾ ਉਹ ਜਿਸ ਵਿਚਲੇ ਭਰਾਵਾਂ ਨੂੰ ਆਪਣਾ ਭਰੱਪਣ ਸਾਬਤ ਕਰਨ ਲਈ ਭਰਾ ਦੀ ਚਿਤਾ ਵਿੱਚ ਛਾਲ ਮਾਰ ਕੇ ਸੜ ਮਰਨ ਦੀ ਮਜਬੂਰੀ ਤੋਂ ਵੱਖਰਾ ਕੋਈ ਤਰੀਕਾ ਹੀ ਨਾ ਹੋਵੇ।
ਯੌਰਪ ਦੀ ਰਿਨੇਸਾਂਸ ਜਾਂ ਪੁਨਰ ਜਾਤੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਅਧਿਆਤਮਕਤਾ ਵਲੋਂ ਮੂੰਹ ਮੋੜ ਕੇ ਮਾਨਵਵਾਦ ਵੱਲ ਵੇਖਣ ਦੀ ਇੱਛਾ ਦੀ ਉਪਜ ਸੀ। ਇਰਾਜ਼ਮੱਸ ਵਰਗੇ ਲੇਖਕਾਂ ਨੇ ਮਨੁੱਖਾਂ ਨੂੰ ਉਨ੍ਹਾਂ ਦੇ ਜੋਤ ਸਰੂਪੀ ਅਸਲੇ ਦੇ ਆਧਾਰ ਉੱਤੇ ਇੱਕੋ ਜਿਹੇ ਵੇਖਣ ਦੀ ਥਾਂ ਉਨ੍ਹਾਂ ਨੂੰ ਉਨ੍ਹਾਂ ਵਿਚਲੇ ਮਨੁੱਖੀ ਗੁਣਾਂ-ਔਗੁਣਾਂ ਅਤੇ ਉਨ੍ਹਾਂ ਦੀਆਂ ਦੁਨਿਆਵੀ ਭੁੱਖਾਂ-ਪੀੜਾਂ ਦੇ ਆਧਾਰ ਉੱਤੇ ਇੱਕੋ ਜਿਹੇ ਮਨੁੱਖ ਵੇਖਿਆ ਸੀ। ਇਰਾਜ਼ਮੱਸ (1466-1534) ਵੀ ਇੱਕ ਪਾਦਰੀ ਸੀ। ਇਸ ਦੇ ਮੁਕਾਬਲੇ ਵਿੱਚ ਭਾਰਤੀ ਭਗਤੀ ਲਹਿਰ ਦੇ ਆਗੂ ਅਧਿਆਤਮਕਤਾ ਵੱਲ ਮੂੰਹ ਕਰਨ ਅਤੇ ਮਾਨਵਤਾ ਵਲੋਂ ਮੂੰਹ ਮੋੜਨ ਕਰਕੇ ਹਾਸੋ- ਹੀਣੇ ਹੋ ਗਏ ਹਨ। ਮੈਨੂੰ ਉਨ੍ਹਾਂ ਦੇ ਮਨੁੱਖ-ਹਿਤੈਸ਼ੀ ਹੋਣ ਉੱਤੇ ਸ਼ੱਕ ਨਹੀਂ, ਸਗੋਂ ਅਧਿਆਤਮਕਤਾ ਦੀ ਗੁਲਾਮੀ ਕਾਰਨ ਉਨ੍ਹਾਂ ਵਿਚਲੇ ਮਾਨਵਵਾਦ ਦੀ ਹੋਈ ਹਾਨੀ ਦਾ ਦੁੱਖ ਹੈ। ਭਾਰਤੀ ਭਗਤੀ ਲਹਿਰ ਦੀ ਅੰਤਿਮ ਉਪਜ ਰਿਨੇਸਾਂਸ ਦੇ ਇੱਕ ਹਿੱਸੇ (ਰੈਫਰਮੇਸ਼ਨ) ਵਿੱਚੋਂ ਨਿਕਲੇ ਨਤੀਜੇ ਵਰਗੀ ਹੈ। ਰੈਫ਼ਰਮੇਸ਼ਨ ਈਸਾਈ ਧਰਮ ਦੇ ਕੁਧਾਰ ਦੀ ਲਹਿਰ ਸੀ। ਇਸ ਦਾ ਮੋਢੀ ਮਾਰਟਨ ਲੂਥਰ ਸੀ। ਇਸ ਨੇ ਸਿਧਾਂਤਾਂ ਦੀ ਕੱਟੜਤਾ ਅਤੇ ਸੋਚ ਦੀ ਥਾਂ ਵਿਸ਼ਵਾਸ ਦੀ ਪ੍ਰਧਾਨਤਾ ਦੇ ਆਧਾਰ ਉੱਤੇ ਪੋਪ ਦਾ ਵਿਚੋਲ-ਪੁਣਾ ਖ਼ਤਮ ਕਰ ਕੇ ਪ੍ਰੋਟੈਸਟੈਂਟ ਮਤ ਦੀ ਨੀਂਹ ਰੱਖੀ ਸੀ। ਸਿਧਾਂਤਕ ਮੂਲਵਾਦ ਦੇ ਇਸ ਪਰਚਾਰਕ ਦੇ ਮੰਨਣ ਵਾਲਿਆਂ ਨੇ ਰੋਮਨ ਕੈਥੋਲਿਕ ਲੋਕਾਂ ਦੇ ਜੀਵਨ ਨੂੰ ਦੋ ਢਾਈ ਸੌ ਸਾਲ ਤਕ ਨਰਕ ਬਣਾਈ ਰੱਖਿਆ ਸੀ। ਲੱਖਾਂ ਕੈਥੋਲਿਕ ਈਸਾਈਆਂ ਨੇ ਅਮਰੀਕਾ ਚਲੇ ਜਾਣ ਵਿੱਚ ਆਪਣਾ ਭਲਾ ਸਮਝਿਆ।
ਭਗਤੀ ਲਹਿਰ ਦੀਆਂ ਸਫਲ ਉਪਜਾਂ ਵਿੱਚ ਸਿਧਾਂਤਕ ਮੂਲਵਾਦ ਦੀ ਉਹੋ ਥਾਂ ਹੈ ਜੋ ਇਸਲਾਮ ਵਿੱਚ ਹੈ। ਦਇਆਨੰਦ ਸਰਬਤੀ ਜੀ ਦਾ ਆਰੀਆ ਸਮਾਜ ਵੀ ਮਾਰਟਨ ਲੂਥਰ ਦੀਆਂ ਲੀਹਾਂ ਉੱਤੇ ਤੁਰਨ ਵਾਲਾ ਇੱਕ ਨਵਾਂ ਮੁਸਾਵਰ ਹੈ ਜਿਹੜਾ ਦੌੜ ਕੇ ਪਹਿਲਿਆਂ ਨਾਲ ਆ ਰਲਣ ਵਿੱਚ ਸਫਲ ਹੋ ਚੁੱਕਾ ਹੈ।
ਇਹ ਸਭ ਕੁਝ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਉਪਯੋਗਤਾ ਨਾਲੋਂ ਨਾਤਾ ਤੋੜ ਲੈਣ ਕਰਕੇ ਅਧਿਆਤਮਕ ਗਿਆਨ ਵਿਕਾਸਹੀਣ ਹੋ ਗਿਆ ਹੈ ਅਤੇ ਅਜਿਹੇ ਖ਼ਿਆਲਾਂ ਨਾਲ ਬੱਝ ਗਿਆ ਹੈ ਜਿਹੜੇ ਉਸ ਨੂੰ ਹਾਸੋਹੀਣਾ ਬਣਾਉਂਦੇ ਹਨ।
ਉਪਯੋਗਤਾ ਨਾਲੋਂ ਟੁੱਟੇ ਹੋਏ ਅਧਿਆਤਮਕ ਗਿਆਨ ਦੀ ਪ੍ਰਭੁਤਾ ਪਰਵਾਨ ਕਰਨ ਵਾਲੇ ਜੀਵਨ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਸਾਧਾਰਣ ਆਦਮੀ ਦੇ ਸਾਧਾਰਣ ਵਤੀਰੇ ਤੋਂ ਇਹ ਪ੍ਰਗਟ ਨਹੀਂ ਹੁੰਦਾ ਹੈ ਕਿ ਉਹ ਆਪਣੇ ਸੰਸਾਰਕ ਜੀਵਨ ਨੂੰ ਬੰਧਨ, ਸੁਪਨਾ ਜਾਂ ਗਲ ਪਿਆ ਢੋਲ ਸਮਝਦਾ ਹੈ। ਉਸ ਨੂੰ ਆਪਣੇ ਘਰ-ਕੋਠੇ, ਧੀਆਂ-ਪੁੱਤ, ਮਾਲ-ਡੰਗਰ, ਮੇਲੇ-ਮੁਸਾਹਬੇ ਅਤੇ ਲਾਭ-ਹਾਨੀਆਂ