ਦਾਸ ਭਾਵ ਜਾਂ ਕਰਮਯੋਗ ਮੁਕਤੀ ਦਾ ਸਾਧਨ ਬਣਦਾ ਹੈ ਜਾਂ ਨਹੀਂ ? ਕੁਝ ਕਿਹਾ ਨਹੀਂ ਜਾ ਸਕਦਾ। ਹਾਂ, ਇਹ ਸਾਫ਼ ਜ਼ਾਹਿਰ ਹੈ ਕਿ ਇਸ ਨਾਲ ਉੱਚ-ਵਰਗ ਦੇ ਐਸ਼ਵਰਜ ਵਿੱਚ ਵਾਧਾ ਹੁੰਦਾ ਹੈ। ਭਾਰਤੀ 'ਕਰਮਯੋਗ' ਪਲੇਟੋ ਦੀ 'ਜਸਟਿਸ' ਦਾ ਅਧਿਆਤਮਵਾਦੀ ਰੂਪਾਂਤਰਣ ਜਾਂ ਉਤਾਰਾ ਹੈ।
ਉੱਚ ਵਰਗ ਦੇ ਇੱਕ ਜ਼ਰੂਰੀ ਕੰਮ ਰਾਹੀਂ ਸਾਇੰਸ ਅਤੇ ਕੰਮ ਦਾ ਆਪਸੀ ਸੰਬੰਧ ਹੋ ਗਿਆ ਸੀ। ਇਹ ਜ਼ਰੂਰੀ ਕੰਮ ਸੀ-ਜੰਗ ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਇਹ ਕੰਮ ਬਹੁਤ ਜ਼ਰੂਰੀ ਮੰਨਿਆ ਜਾਂਦਾ ਰਿਹਾ ਹੈ—ਏਨਾ ਜ਼ਰੂਰੀ ਕਿ ਸਾਰੇ ਦਾਰਸ਼ਨਿਕ ਅਤੇ ਅਧਿਆਤਮਵਾਦੀ ਜੀਵਨ ਨੂੰ ਜੰਗ ਨਾਲ ਤੁਲਨਾ ਦੇਣ ਵਿੱਚ ਆਪਣੀ ਅਕਲ ਅਤੇ ਆਪਣੀ ਰੂਹਾਨੀਅਤ ਦਾ ਕੱਦ ਉੱਚਾ ਹੋਇਆ ਮੰਨਦੇ ਆਏ ਹਨ। ਸਾਇੰਸ ਅਤੇ ਕੰਮ ਦੇ ਜਿਸ ਸੰਬੰਧ ਦਾ ਜ਼ਿਕਰ ਮੈਂ ਕਰਨ ਲੱਗਾ ਹਾਂ, ਉਸ ਸੰਬੰਧ ਦਾ ਨਤੀਜਾ ਇਹ ਵੀ ਹੋਇਆ ਹੈ ਕਿ ਜੀਵਨ ਨੂੰ 'ਸੰਘਰਸ਼' ਆਖਣ ਦੀ ਥਾਂ 'ਸਹਿਯੋਗ' ਅਤੇ 'ਸਹਿਵਾਸ' ਆਖਣ ਦੀ ਰੁਚੀ ਨੇ ਜਨਮ ਲਿਆ ਹੈ।
ਅਗਿਆਨ, ਥੁੜ, ਭੈਅ, ਬੇਵਸਾਹੀ, ਹਿੰਸਾ ਅਤੇ ਹੱਤਿਆ ਜੰਗਲੀ ਜੀਵਨ ਦੇ ਮੂਲ ਤੱਤ ਸਨ (ਹਨ)। ਇਸੇ ਜਾਂਗਲੀਅਤ ਵਿੱਚੋਂ ਜੰਗ ਨੇ ਜਨਮ ਲਿਆ ਸੀ। ਮਨੁੱਖ ਦੀ ਅੱਧੀਓ ਬਹੁਤੀ ਅਕਲ ਇਸ ਵਹਿਸ਼ੀਪੁਣੇ ਨੂੰ ਮਨੁੱਖਤਾ ਦਾ ਸਰਵ-ਸ੍ਰੇਸ਼ਟ ਉੱਦਮ ਸਿੱਧ ਕਰਨ ਲਈ ਮਜਬੂਰ ਤੁਰੀ ਆਈ ਹੈ। ਧਰਮ ਨਾਲ ਜੰਗ ਦਾ ਸੰਬੰਧ ਢੇਰ ਪੁਰਾਣਾ ਹੈ। ਸਾਇੰਸ ਨਾਲ ਇਸ ਦਾ ਰਿਸ਼ਤਾ 212 ਪੂ: ਈ: ਵਿੱਚ ਜੁੜਿਆ ਮੰਨਿਆ ਜਾਂਦਾ ਹੈ, ਜਦੋਂ ਸਿਸਲੀ ਦੇ ਯੂਨਾਨੀ ਨਗਰਰਾਜ ਸਿਰਾਕੁਜ਼ ਉੱਤੇ ਰੋਮਨਾਂ ਨੇ ਹੱਲਾ ਕੀਤਾ। ਅਰਸ਼ਮੀਦਸ ਦੇ ਚਾਚੇ ਦਾ ਪੁੱਤ ਕਰਾ ਉਸ ਨਗਰਰਾਜ ਦਾ ਹਾਕਮ ਸੀ। ਉਸ ਦੀ ਸਹਾਇਤਾ ਲਈ ਅਰਸ਼ਮੀਦਸ ਨੇ ਅਜਿਹੀਆਂ ਕਈ ਮਸ਼ੀਨਾਂ ਬਣਾਈਆਂ, ਜਿਨ੍ਹਾਂ ਦੀ ਵਰਤੋਂ ਸਦਕਾ ਰੋਮਨ ਸੈਨਿਕਾਂ ਦੀ ਬਹੁਤ ਹਾਨੀ ਹੋਈ। ਅੰਤ ਵਿੱਚ ਜਿੱਤ ਭਾਵੇਂ ਰੋਮਨਾਂ ਦੀ ਹੋਈ, ਪਰ ਆਪਣੀ ਪੁਸਤਕ 'ਜੀਵਨੀਆਂ' ਵਿੱਚ ਪਲੂ ਟਾਰਕ ਨੇ ਅਰਸ਼ਮੀਦਸ (ਆਰਕੀਮੀਡੀਜ਼) ਦੇ ਯੰਤਰਾਂ ਦਾ ਬਹੁਤ ਹੀ ਅਚੰਭੇ ਭਰਿਆ ਵਰਣਨ ਕੀਤਾ ਹੈ।
ਕਿਸਾਨੇ ਕੰਮ ਦੇ ਸੰਦਾਂ ਅਤੇ ਜੰਗ ਵਿੱਚ ਵਰਤੇ ਜਾਣ ਵਾਲੇ ਨੇਜੇ, ਬਰਛਿਆਂ ਅਤੇ ਤੀਰ ਕਮਾਨਾਂ ਨੂੰ ਵਿਗਿਆਨਕ ਕਾਢਾਂ ਆਖਿਆ ਜਾ ਸਕਦਾ ਹੈ, ਪਰ ਇਨ੍ਹਾਂ ਦੇ ਬਣਾਉਣ ਵਾਲਿਆਂ ਦੇ ਨਾਵਾਂ ਦਾ ਪਤਾ ਨਾ ਹੋਣ ਕਰਕੇ ਜੰਗ ਅਤੇ ਸਾਇੰਸ ਜਾਂ ਕੰਮ ਅਤੇ ਸਾਇੰਸ ਦਾ ਸੰਬੰਧ ਅਰਸ਼ਮੀਦਸ ਤੋਂ ਮੰਨ ਲੈਣ ਵਿੱਚ ਕੋਈ ਹਰਜ ਨਹੀਂ। ਬਾਰੂਦ ਦੀ ਜੰਗੀ ਵਰਤੋਂ ਨੇ ਕੌਮੀ ਹਕੂਮਤਾਂ ਨੂੰ ਸ਼ਕਤੀਸ਼ਾਲੀ ਬਣਾ ਕੇ ਅੰਤਰ-ਰਾਸ਼ਟਰੀ ਸੰਬੰਧਾਂ ਵਿੱਚ ਵਿਕਾਸ ਕਰਨ ਦੇ ਨਾਲ ਨਾਲ ਦੇਸ਼ਾਂ ਦੇ ਅੰਦਰੂਨੀ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ । ਬਾਰੂਦ ਨੇ ਸੱਤਾ ਦੇ ਕੇਂਦਰੀਕਰਨ ਵਿੱਚ ਸਹਾਇਤਾ ਕੀਤੀ ਹੈ; ਜੰਗਾਂ ਦੀ ਜਿੱਤ-ਹਾਰ ਦੇ ਫੈਸਲੇ ਕਰ ਕੇ ਕੰਮਾਂ ਦੀ ਕਿਸਮਤ ਦੀਆਂ ਲਕੀਰਾਂ ਖਿੱਚਦਾ ਆਇਆ ਹੈ, ਬਾਰੂਦ। ਭਾਰਤ ਵਿੱਚ ਬਾਬਰ ਅਤੇ ਇਬਰਾਹੀਮ ਲੋਧੀ ਦੀ ਜੰਗ ਦਾ ਫੈਸਲਾ ਬਹੁਤ ਹੱਦ ਤਕ ਬਾਰੂਦ ਨੇ ਅਤੇ ਬਾਰੂਦ ਰਾਹੀਂ ਸਾਇੰਸ ਨੇ ਕੀਤਾ ਸੀ।
ਬਾਰੂਦ ਤੋਂ ਬਾਅਦ ਕੰਪਾਸ ਦਾ ਨਾਂ ਆਉਂਦਾ ਹੈ। ਇਸ ਨੇ ਸਮੁੰਦਰੀ ਸਫ਼ਰ ਵਿੱਚ ਸਹੂਲਤਾਂ ਪੈਦਾ ਕਰ ਕੇ ਕੌਮੀ ਸੰਬੰਧਾਂ ਦੀ ਰੂਪ-ਰੇਖਾ ਉਲੀਕਣ ਵਿੱਚ ਵੱਡਾ ਹਿੱਸਾ ਪਾਇਆ ਹੈ। ਕੰਪਾਸ ਦੇ ਯੁੱਗ ਵਿੱਚ ਮਸ਼ੀਨੀ ਕ੍ਰਾਂਤੀ ਦਾ ਸਮਾਂ ਵੀ ਆ ਗਿਆ ਹੈ ਅਤੇ ਵੱਡੇ-ਵੱਡੇ ਸਮੁੰਦਰੀ