ਜਾਂ ਕਿਸੇ ਹੋਰ ਰੂਪ ਵਿੱਚ ਮਨੁੱਖਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੰਦੀ ਹੈ, ਵੀ ਜਿੰਨਾਂ-ਭੂਤਾਂ ਵਿਚਲੇ ਵਿਸ਼ਵਾਸ ਵਰਗਾ ਹੀ ਹੈ। ਪਰੰਤੂ ਉਸ ਸ਼ਕਤੀ ਨੂੰ 'ਭੂਤ' ਦੀ ਥਾਂ 'ਪਰਮਾਤਮਾ' ਜਾਂ ਰੱਬ ਦਾ ਨਾਂ ਦਿੱਤਾ ਜਾਣ ਕਰਕੇ ਇਹ ਵਿਸ਼ਵਾਸ ਬਹੁਤ ਸਤਿਕਾਰਯੋਗ ਮੰਨਿਆ ਜਾਣ ਲੱਗ ਪਿਆ ਹੈ। ਅਸੀਂ ਭਾਰਤੀ ਲੋਕ ਤਾਂ ਇਹ ਮੰਨਦੇ ਹਾਂ ਕਿ ਬੀਮਾਰੀਆਂ, ਭੁਚਾਲਾਂ ਅਤੇ ਹੜ੍ਹਾਂ ਦਾ ਸਹਾਰਾ ਲੈਣ ਦੀ ਥਾਂ ਉਹ ਆਪ ਹੀ ਸੁਦਰਸ਼ਨ ਚੱਕ ਵਰਗਾ ਕੋਈ ਹਥਿਆਰ ਲੈ ਕੇ ਦੁਸ਼ਟਾਂ ਦਾ ਦਮਨ ਕਰਨ ਆ ਜਾਂਦਾ ਹੈ। ਹੁਣ ਸ਼ਾਇਦ ਉਹ ਅਜਿਹਾ ਨਹੀਂ ਕਰ ਸਕੇਗਾ, ਕਿਉਂਜੁ ਦੁਸ਼ਟਾਂ ਕੋਲ ਹਾਇਡ੍ਰੋਜਨ ਬੰਬ ਹਨ, ਉਨ੍ਹਾਂ ਨਾਲੋਂ ਬਹੁਤਾ ਸ਼ਕਤੀਸ਼ਾਲੀ ਬੰਬ ਲੈ ਕੇ ਆਉਣ ਵਾਲਾ ਪਰਮਾਤਮਾ ਦਾ ਅਵਤਾਰ ਸੱਭਿਅਤਾ ਦੇ ਵਿਨਾਸ਼ ਦਾ ਅਵਤਾਰ ਬਣ ਜਾਵੇਗਾ।
2 ਸਤੰਬਰ, 1666 ਵਾਲੇ ਦਿਨ ਲੰਡਨ ਵਿੱਚ ਇੱਕ ਅੱਗ ਲੱਗੀ ਸੀ। ਇਸ ਅੱਗ ਨੇ ਤੇਰਾਂ ਹਜ਼ਾਰ ਘਰ ਸਾੜ ਸੁੱਟੇ: 89 ਗਿਰਜੇ ਇਸ ਦੀ ਭੇਟ ਚੜ੍ਹ ਗਏ। ਮੌਤਾਂ ਕੇਵਲ ਵੀਹ ਹੋਈਆਂ। ਇੰਗਲਿਸ਼ ਪਾਰਲੀਮੈਂਟ ਦੀ ਇੱਕ ਸਿਲੈਕਟ ਕਮੇਟੀ ਨੂੰ ਇਸ ਅੱਗ ਦੇ ਕਾਰਨਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ। ਕਮੇਟੀ ਨੇ ਰਿਪੋਰਟ ਵਿੱਚ ਇਹ ਵਿਸ਼ਵਾਸ ਵੀ ਪ੍ਰਗਟ ਕੀਤਾ ਕਿ ਥਾਮਸ ਹੱਬਜ਼ ਨਾਂ ਦੇ ਪਦਾਰਥਵਾਦੀ ਦੀਆਂ ਧਰਮ ਵਿਰੋਧੀ ਲਿਖਤਾਂ ਵੀ ਇਸ ਤਬਾਹੀ ਦੀਆਂ ਜ਼ਿੰਮੇਦਾਰ ਹਨ। ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਉਸ ਦੀਆਂ ਲਿਖਤਾਂ ਨੂੰ ਇੰਗਲੈਂਡ ਦਾ ਕੋਈ ਪ੍ਰੈੱਸ ਨਾ ਛਾਪੇ। ਇਉਂ ਹੀ ਕੀਤਾ ਗਿਆ। ਨਿੱਕੀਆਂ ਨਿੱਕੀਆਂ ਅੱਗਾਂ ਭਾਵੇਂ ਕਈ ਲੱਗ ਚੁੱਕੀਆਂ ਹਨ, ਪਰ ਓਨੀ ਵੱਡੀ ਅੱਗ ਮੁੜ ਕਦੇ ਨਹੀਂ ਲੱਗੀ। ਥਾਮਸ ਹਾਬਜ਼ ਬਚ ਇਸ ਲਈ ਗਿਆ ਕਿ ਉਹ ਬਾਦਸ਼ਾਹ ਦਾ ਉਸਤਾਦ ਰਹਿ ਚੁੱਕਾ ਸੀ। 1935 ਵਿੱਚ ਕੋਇਣਾ (ਬਲੋਚਿਸਤਾਨ) ਭੁਚਾਲ ਨਾਲ ਢੱਠ ਗਿਆ ਸੀ। ਇਹ ਗੱਲ ਬਹੁਤ ਆਮ ਸੀ ਕਿ 'ਏਨਾ ਪਾਪ ਹੁੰਦਾ ਸੀ ਕੋਇਟੇ ਵਿੱਚ ਢਹਿੰਦਾ ਕਿਵੇਂ ਨਾ'।
ਯੱਗ, ਹਵਨ, ਦਾਨ-ਪੁੰਨ, ਪਾਠ-ਪੂਜਾ ਅਤੇ ਚੜ੍ਹਤ-ਚੜ੍ਹਾਵਾ ਦੇ ਕੇ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਖਿਆਲ ਵੀ ਢੇਰ ਪੁਰਾਣਾ ਹੈ। ਜੰਗਲੀ ਕਬੀਲੇ ਯੁੱਧ ਦੇਵ ਨੂੰ ਪ੍ਰਸੰਨ ਕਰਨ ਲਈ ਮਨੁੱਖੀ ਬਲੀ ਦਿੰਦੇ ਸਨ। ਪੁਰਾਣੇ ਸਮਿਆਂ ਦੇ ਮਿਸਰ ਆਦਿਕ ਦੇਸ਼ ਹਾਰੀ ਹੋਈ ਸੈਨਾ ਦੇ ਸਿਪਾਹੀਆਂ ਦੀ ਬਲੀ ਦੇ ਕੇ ਆਪਣੇ ਦੇਵਤ ਦਾ ਧਨਵਾਦ ਕਰਦੇ ਸਨ। ਸੱਭਿਅਤਾ ਨੇ ਇਸ ਪੱਖ ਵਿੱਚ ਕੁਝ ਸੁਧਾਰ ਕੀਤਾ ਹੈ, ਪਰ ਤਾਂ ਵੀ ਕਾਲੀ ਦੇ ਮੰਦਿਰ ਵਿੱਚ ਮਾਸੂਮ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਪਾਸ ਓਵਰ ਉੱਤੇ ਹਰ ਯਹੂਦੀ ਪਰਿਵਾਰ ਇੱਕ ਬੱਕਰੇ ਦੀ ਬਲੀ ਦੇ ਕੇ ਰੱਥੇ ਰਹੀਮ ਦਾ ਸ਼ੁਕਰਾਨਾ ਕਰਦਾ ਹੈ ਅਤੇ ਹੱਜਾ-ਈਦਾਂ ਉੱਤੇ ਮਾਰੇ ਜਾਣ ਵਾਲੇ ਪਸ਼ੂਆਂ ਦੀ ਗਿਣਤੀ ਲੱਖਾਂ ਦੀ ਲਕੀਰ ਟੱਪ ਜਾਂਦੀ ਹੈ। ਰੱਬ ਏਨੀ ਖੁਸ਼ੀ ਕਿਵੇਂ ਸਾਂਭਦਾ ਹੋਵੇਗਾ।। ਜਿਸ ਵਿਸ਼ਵਾਸ ਦੀ ਜੜ੍ਹ ਜਾਂਗਲੀਅਤ ਵਿੱਚ ਹੈ, ਉਸ ਵਿੱਚੋਂ ਪਸ਼ੂ-ਪੁਣੇ ਦਾ ਪੂਰਾ ਅਲੋਪ ਹੋ ਜਾਣਾ ਜ਼ਰਾ ਮੁਸ਼ਕਿਲ ਹੈ। ਅਜਿਹਾ ਕਰਨ ਲਈ ਸ਼ਾਇਦ ਇਹ ਕਹਿਣਾ ਪਵੇਗਾ ਕਿ ਕਿਸੇ ਵੀ ਪੂਜਾ ਪਾਠ ਨਾਲ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਵਿਸ਼ਵਾਸ ਝੂਠਾ ਹੈ। ਇਉਂ ਕਹਿਣ ਨਾਲ ਪਰਮਾਤਮਾ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਜਾਵੇਗੀ। ਇਸ ਤਰਕ ਦਾ ਵਿਸਥਾਰ ਮੇਰਾ ਮਨੋਰਥ ਨਹੀਂ।
ਸੂਰਜ ਅਤੇ ਚੰਦ ਦੇ ਗ੍ਰਹਿਣ ਨਾਲ ਜੁੜੇ ਹੋਏ ਕਈ ਬੇ-ਬੁਨਿਆਦ ਵਿਸ਼ਵਾਸ ਅਜੇ ਤਕ ਮਨੁੱਖਤਾ ਦਾ ਪਿੱਛਾ ਨਹੀਂ ਛੱਡ ਰਹੇ। ਟੁੱਟਦੇ ਤਾਰਿਆਂ ਵਿੱਚ ਬਦਸ਼ਗਨੀਆਂ ਵੇਖਣ ਦੀ 'ਸਿਆਣਪ' ਮਨੁੱਖੀ ਜੀਵਨ ਵਿੱਚ ਉਦਾਸੀਆਂ ਉਪਜਾਉਣ ਵਿੱਚ ਸਫਲ ਹੋ ਜਾਂਦੀ ਹੈ।