ਪਿੰਗਲ
ਡਾ. ਅੰਜੀਲ ਕੌਰ
ਪਿੰਗਲ ਕੀ ਹੈ ?
ਜਿਵੇਂ ਕਿਸੇ ਬੋਲੀ ਦੀ ਬੋਲਚਾਲ ਦੇ ਸਮੂਹ-ਨਿਯਮਾਂ ਨੂੰ ਮਿਲਾ ਕੇ ਉਸ ਦੀ ਵਿਆਕਰਨ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਹੀ ਕਵਿਤਾ-ਸੰਬੰਧੀ ਨਿਯਮਾਂ ਦੇ ਸਮੂਹ ਨੂੰ 'ਪਿੰਗਲ' ਆਖਦੇ ਹਨ। ਦੂਜੇ ਸ਼ਬਦਾਂ ਵਿੱਚ ਛੰਦ-ਸ਼ਾਸਤਰ ਦਾ ਹੀ ਬਦਲਵਾਂ ਨਾਂ 'ਪਿੰਗਲ ਹੈ।
ਹਰ ਇੱਕ ਬੋਲੀ ਵਿੱਚ ਵਾਕ-ਰਚਨਾ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਨੂੰ ਗੱਦ ਜਾਂ ਵਾਰਤਕ ਆਖਿਆ ਜਾਂਦਾ ਹੈ ਅਤੇ ਦੂਜੇ ਨੂੰ ਪਦ ਜਾਂ ਛੰਦ। ਇਸ ਦਾ ਸੰਬੰਧ ਕਵਿਤਾ ਨਾਲ ਹੁੰਦਾ ਹੈ। ਪਿੰਗਲ ਦਾ ਸਰੋਕਾਰ ਇਸ ਦੂਜੀ ਪ੍ਰਕਾਰ ਦੀ ਵਾਕ-ਰਚਨਾ ਅਰਥਾਤ ਪਦ ਜਾਂ ਛੰਦ ਨਾਲ ਹੈ।
ਵਰਗੀਕਰਨ
ਕਾਵਿ-ਵਿਆਕਰਨ ਅਰਥਾਤ ਪਿੰਗਲ ਨੂੰ ਮੋਟੇ ਤੌਰ ਤੇ ਛੰਦ ਅਤੇ ਰਸ ਸ਼ਾਸਤਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਲੇਕਿਨ ਕਿਸੇ ਰਚਨਾ ਦੇ ਲਿਖਾਰੀ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉੱਤਮ ਅਤੇ ਸੁਹਣੇ ਢੰਗ ਨਾਲ ਲਿਖੀ ਹੋਈ ਜਾਂ ਸ਼ਿੰਗਾਰੀ ਹੋਈ ਰਚਨਾ ਨੂੰ ਹੀ ਸਿਰਜੇ। ਜਿਸ ਵਾਸਤੇ ਉਹ ਸ਼ਬਦਾਂ ਦੀ ਜੜ੍ਹਤ ਵੱਲ ਵਧੇਰੇ ਧਿਆਨ ਦਿੰਦਾ ਹੈ ਅਤੇ ਉਹਨਾਂ ਦੇ ਅਰਥਾਂ ਨੂੰ ਹੋਰ ਜ਼ਿਆਦਾ ਖੂਬਸੂਰਤੀ ਨਾਲ ਪਾਠਕਾਂ ਅੱਗੇ ਪੇਸ਼ ਕਰਦਾ ਹੈ। ਇੰਝ ਕਰਨ ਵੇਲੇ ਉਹ ਜਿਸ ਸ਼ਬਦ-ਵਿਉਂਤ ਨੂੰ ਅਪਨਾਉਂਦਾ ਹੈ, ਉਹ ਅਲੰਕਾਰ ਭਾਵ 'ਕਵਿਤਾ ਦੇ ਗਹਿਣੇ' ਅਖਵਾਉਂਦੀ ਹੈ। ਇਸ ਨੂੰ ਵੀ ਅਸੀਂ ਪਿੰਗਲ ਦੇ ਅੰਤਰਗਤ ਹੀ ਰੱਖਕੇ ਵਾਚ ਸਕਦੇ ਹਾਂ। ਇਸ ਨਜ਼ਰ ਤੋਂ ਪਿੰਗਲ ਅਧੀਨ ਤਿੰਨ ਮੁੱਖ ਵਰਗ ਬਣਦੇ ਹਨ :-
1. ਛੰਦ
2. ਅਲੰਕਾਰ
3. ਰਸ
ਇਹਨਾਂ ਤਿੰਨਾਂ ਬਾਰੇ ਪੂਰਨ-ਵਿਸਤਾਰ ਨਾਲ ਵੱਖਰੇ-ਵੱਖਰੇ ਸਿਰਲੇਖ ਹੇਠ ਦੱਸਿਆ ਗਿਆ ਹੈ।