

ਬਚਨ ਸਿੰਘ: ਹੁਣ ਮੈਂ ਸਿਰ ਉੱਚਾ ਕਰਕੇ ਉਹਦੇ ਘਰ ਢੁਕਾਂਗਾ ਤਾਂ ਮੇਰਾ ਦਿਲ ਠੰਢਾ ਹੋਏਗਾ। ਮੇਰੀ ਇੱਕ ਵੱਡੀ ਉਮੰਗ ਪੂਰੀ ਹੋ ਜਾਏਗੀ। ਦੀਪਾਂ ਏਸ ਘਰ ਦੀ ਨੂੰਹ ਬਣ ਕੇ ਨਹੀਂ ਆ ਸਕੀ ਤਾਂ ਉਹਦੀ ਭਤੀਜੀ ਆਏਗੀ।
ਓਧਰ ਕੁੰਦਨ ਸਿੰਘ ਇਮਾਨਦਾਰ ਇੰਜੀਨੀਅਰ ਆਪਣੇ ਅਸੂਲਾਂ ਨਾਲ ਸਮਝੌਤਾ ਨਾ ਕਰਦਾ ਹੋਇਆ ਦਰਿਆ ਉੱਪਰ ਬਣਾਏ ਜਾਣ ਵਾਲੇ ਪੁਲ ਲਈ ਘਟੀਆ ਮਾਲ ਖਰੀਦਣ ਤੋਂ ਇਨਕਾਰ ਕਰ ਦਿੰਦਾ ਹੈ। ਉਹ ਭ੍ਰਿਸ਼ਟ ਵਰਤਾਰੇ ਨੂੰ ਤਿਆਗ ਕੇ ਘਰ ਛੱਡ ਕੇ ਤੁਰ ਜਾਂਦਾ ਹੈ। ਰੁਮਾਂਸ ਵੀ ਭ੍ਰਿਸ਼ਟ ਸਥਿੱਤੀਆਂ ਦੀ ਭੇਂਟ ਚੜ੍ਹ ਜਾਂਦਾ ਹੈ। ਕੁੰਦਨ ਸਿੰਘ ਦੀ ਪ੍ਰੇਮਿਕਾ ਤੇ ਉਸ ਦੇ ਦਫ਼ਤਰ ਦੀ ਮੁਲਾਜ਼ਮ ਉਰਮਲਾ ਹਾਲਾਤ ਅੱਗੇ ਝੁਕ ਜਾਂਦੀ ਹੈ। ਉਹ ਕੁੰਦਨ ਸਿੰਘ ਨੂੰ ਦਫ਼ਤਰ ਦੇ ਲੋਕਾਂ ਨਾਲ ਵੈਰ ਵਿਰੋਧ ਖਤਮ ਕਰਨ ਲਈ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਨ ਦੀ ਸਿਫ਼ਾਰਸ਼ ਕਰਦੀ ਹੈ। ਉਰਮਲਾ ਤੇ ਕੁੰਦਨ ਸਿੰਘ ਦੇ ਪ੍ਰੇਮ ਸੰਬੰਧਾਂ 'ਚ ਤਾਰਾ ਚੰਦ ਇੱਕ ਖਲ-ਪਾਤਰ ਬਣ ਕੇ ਪ੍ਰਵੇਸ਼ ਕਰਦਾ ਹੈ। ਇੱਕ ਭ੍ਰਿਸ਼ਟ ਅਕਾਊਂਟੈਂਟ ਤਾਰਾ ਚੰਦ ਪਹਿਲਾਂ ਇੰਜੀਨੀਅਰ ਕੁੰਦਨ ਸਿੰਘ ਨੂੰ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਨ ਦੀ ਸਿਫ਼ਾਰਸ਼ ਕਰਨ ਲਈ ਜਾਂਦਾ ਹੈ। ਕੁੰਦਨ ਸਿੰਘ ਵੱਲੋਂ ਇਨਕਾਰ ਕਰ ਦੇਣ 'ਤੇ ਉਹ ਉਸ ਨੂੰ ਰਾਮ ਸਿੰਘ ਵਲੋਂ ਰਿਸ਼ਵਤ ਵਜੋਂ ਹਿੱਸਾ ਦੇਣ ਦੀ ਤਜਵੀਜ਼ ਵੀ ਰੱਖਦਾ ਹੈ। ਕੁੰਦਨ ਸਿੰਘ ਤੋਂ ਪਹਿਲਾਂ ਭ੍ਰਿਸ਼ਟਾਚਾਰ 'ਚ ਡੁੱਬਿਆ ਹੋਇਆ ਦਫ਼ਤਰ ਹੁਣ ਰਿਸ਼ਵਤ ਨਾ ਮਿਲਣ ਕਾਰਨ ਔਖ ਮਹਿਸੂਸ ਕਰਦਾ ਹੈ। ਕੁੰਦਨ ਸਿੰਘ ਤੋਂ ਦੁਖੀ ਤਾਰਾ ਚੰਦ ਉਸ ਨੂੰ ਕੋਸਦਾ ਹੈ :
ਤਾਰਾ ਚੰਦ : ਭੜੂਆ ਐਸਾ ਆਇਆ ਜੇ ਨਾਲ ਸਾਡਾ ਅੰਨ ਪਾਣੀ ਵੀ ਬੰਦ ਕਰ ਛੱਡਿਆ ਸੂ। ਉਹ ਕੀ ਕਹਿੰਦੇ ਹੁੰਦੇ ਨੇ ਜਦ ਦੇ ਜੰਮੇ ਚੰਦਰ ਭਾਨ, ਚੁਲ੍ਹੇ ਅੱਗ ਨਾ ਮੰਜੇ ਵਾਣ। ਨਾ ਆਪ ਖਾਂਦਾ ਏ ਨਾ ਕਿਸੇ ਨੂੰ ਖਾਣ ਦੇਂਦਾ ਜੇ। ਸਾਰਾ ਦਫ਼ਤਰ ਤੰਗ ਆਇਆ ਹੋਇਐ। ਸਭ ਚੀਕਦੇ ਨੇ।
ਇਸ ਉਪਰੰਤ ਉਹ ਕੁੰਦਨ ਸਿੰਘ ਦੀ ਪ੍ਰੇਮਿਕਾ ਉਰਮਲਾ ਦਾ ਸ਼ੋਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਉਸ ਨੂੰ ਉਸ ਦੀ ਮਾਂ ਦਾ ਵੇਸਵਾ ਹੋਣ ਦਾ ਭੇਤ ਕੁੰਦਨ ਸਿੰਘ ਨੂੰ ਦੱਸ ਦੇਣ ਦੀ ਧਮਕੀ ਦਿੰਦਾ ਹੋਇਆ ਕਹਿੰਦਾ ਹੈ :
ਤਾਰਾ ਚੰਦ : ਸਬੂਤ ਬਥੇਰੇ। ਕਰਨ ਵਾਲੇ ਤਾਂ ਚਿੱਟੇ ਨੂੰ ਕਾਲਾ ਸਾਬਤ ਕਰ ਦਿਖਾਂਦੇ ਨੇ : ਕਾਲੇ ਨੂੰ ਕਾਲਾ ਸਾਬਤ ਕਰਨਾ ਕਿਹੜਾ ਮੁਸ਼ਕਲ ਕੰਮ ਏ।
ਪਰ ਉਰਮਲਾ ਵੱਲੋਂ ਕੁੰਦਨ ਸਿੰਘ ਤੇ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਾਉਣ 'ਚ ਨਾਕਾਮ ਰਹਿਣ 'ਤੇ ਤਾਰਾ ਚੰਦ ਦੀ ਸਾਜ਼ਿਸ਼ ਕਾਮਯਾਬ ਹੋ ਜਾਂਦੀ ਹੈ। ਪ੍ਰੇਮੀ ਪ੍ਰੇਮਿਕਾ ਵੱਖ ਹੋ ਜਾਂਦੇ ਹਨ। ਇਸ ਤਰ੍ਹਾਂ ਉਰਮਲਾ ਹਾਲਾਤ ਦੀ ਸ਼ਿਕਾਰ ਪਾਤਰ ਬਣ ਜਾਂਦੀ ਹੈ। ਭ੍ਰਿਸ਼ਟਾਚਾਰ ਨਾਲ ਮਜਬੂਰੀ ਵੱਸ ਸਮਝੌਤਾ ਕਰਕੇ ਉਹ ਆਪਣੀ ਨੌਕਰੀ ਦੇ ਨਾਲ-ਨਾਲ ਪ੍ਰੇਮੀ ਤੋਂ ਵੀ ਹੱਥ ਧੋ ਬੈਠਦੀ ਹੈ। ਆਪਣੇ ਮਾਂ ਦੇ ਵੇਸਵਾਪੁਣੇ ਦੇ ਕਲੰਕ ਤੋਂ ਬਚਣ ਖਾਤਰ ਉਹ ਅਜਿਹਾ ਕਰਦੀ ਹੈ। ਤਾਰਾ ਚੰਦ ਵੱਲੋਂ ਉਸ ਨੂੰ ਉਸ ਦਾ ਭੇਤ ਕੁੰਦਨ ਸਿੰਘ ਖੋਲ੍ਹ ਦੇਣ ਦੀ ਧਮਕੀ ਆਖਿਰਕਾਰ ਅਸਲੀਅਤ ਦਾ ਜਾਮਾ ਪਹਿਨ ਲੈਂਦੀ ਹੈ। ਕੁੰਦਨ ਸਿੰਘ ਉਸ ਨਾਲੋਂ ਆਪਣਾ ਸੰਬੰਧ ਤੋੜ ਕੇ ਆਪਣੇ ਆਦਰਸ਼ ਨੂੰ ਪਹਿਲ ਦਿੰਦਾ ਹੈ।
ਕੁੰਦਨ ਦੀ ਮਾਂ ਲਛਮੀ ਵੀ ਉਸ ਨੂੰ 'ਮਾਪਿਆਂ' ਦਾ ਹੁਕਮ ਮੰਨਣ ਲਈ ਜ਼ੋਰ ਪਾਉਂਦੀ ਹੈ। ਇਸ ਸਭ ਦੇ ਬਾਵਜੂਦ ਨਾਇਕ ਕੁੰਦਨ ਸਿੰਘ ਆਦਰਸ਼ਵਾਦ ਉੱਪਰ ਡਟ ਕੇ ਪਹਿਰਾ ਦਿੰਦਾ ਹੈ। ਇਸ ਮਾਹੌਲ ਤੋਂ ਦੁਖੀ ਹੋ ਕੇ ਉਹ ਕਹਿੰਦਾ ਹੈ :