Back ArrowLogo
Info
Profile

ਆਧੁਨਿਕ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਇੱਕ ਕੁਲਵੰਤ ਸਿੰਘ ਵਿਰਕ ਦਾ ਵੱਡਾ ਨਾਂ ਹੈ। ਉਸ ਨੂੰ ਸਾਧਾਰਨ ਪਾਠਕਾਂ ਦੀ ਸਾਧਾਰਨਤਾ ਚਿਤਰਨ ਵਾਲਾ ਕਹਾਣੀਕਾਰ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਕਿਸੇ ਸਿਧਾਂਤ ਜਾਂ ਵਿਚਾਰਧਾਰਾ ਨੂੰ ਸਿੱਧੇ ਰੂਪ ਵਿੱਚ ਨਹੀਂ ਪ੍ਰਸਾਰਿਆ। ਉਸ ਨੇ ਜਗੀਰਦਾਰੀ ਪ੍ਰਬੰਧ ਤੋਂ ਪੂੰਜੀਵਾਦੀ ਪ੍ਰਬੰਧ ਵਿੱਚ ਪ੍ਰਵੇਸ਼ ਕਰ ਰਹੇ ਸਮਾਜ ਵਿਚਲੇ ਤਣਾਓ ਨੂੰ ਬਹੁਤ ਬਾਰੀਕੀ ਨਾਲ ਚਿਤਰਿਆ। 'ਛਾਹ ਵੇਲਾ' ‘ਤੂੜੀ ਦੀ ਪੰਡ', 'ਛੱਪੜ', 'ਏਕਸ ਕੇ ਹਮ ਬਾਰਿਕ’ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ।

ਨਵਤੇਜ ਸਿੰਘ ਨੇ ਕ੍ਰਾਂਤੀਕਾਰੀ ਰੁਮਾਂਟਿਕ ਦ੍ਰਿਸ਼ਟੀ ਤੋਂ ਪੰਜਾਬੀ ਵਿੱਚ ਕਹਾਣੀ ਰਚਨਾ ਕੀਤੀ। 'ਦੇਸ਼ ਵਾਪਸੀ', 'ਬਾਸਮਤੀ ਦੀ ਮਹਿਕ' ਤੇ 'ਚਾਨਣ ਦੇ ਬੀਜ' ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਸੰਤੋਖ ਸਿੰਘ ਧੀਰ ਵੀ ਤੀਜੇ ਦੌਰ ਦੇ ਕਹਾਣੀਕਾਰਾਂ ਵਿੱਚ ਅਹਿਮ ਸਥਾਨ ਰੱਖਦਾ ਹੈ। ਉਸ ਨੇ ਮਾਰਕਸਵਾਦੀ ਚਿੰਤਨ ਦੇ ਪ੍ਰਭਾਵ ਅਧੀਨ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦੇ ਹੋ ਰਹੇ ਸ਼ੋਸ਼ਣ ਨੂੰ ਚਿਤਰਿਆ। 'ਸਿੱਟਿਆਂ ਦੀ ਛਾਂ', 'ਸਵੇਰ ਹੋਣ ਤਕ', 'ਸਾਂਝੀ ਕੰਧ ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਧੀਰ ਤੋਂ ਇਲਾਵਾ ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਗੁਰਚਰਨ ਸਿੰਘ ਆਦਿ ਇਸੇ ਦੌਰ ਵਿੱਚ ਕਹਾਣੀ ਰਚਨਾ ਵਿੱਚ ਆਪਣਾ ਨਾਂ ਬਣਾਉਂਦੇ ਹਨ।

ਸੁਰਜੀਤ ਸਿੰਘ ਸੇਠੀ ਇੱਕ ਪ੍ਰਯੋਗਵਾਦੀ ਲੇਖਕ ਹੈ ਜਿਸ ਨੇ ਮਨੋਵਿਗਿਆਨਕ ਸ਼ੈਲੀ ਵਿੱਚ ਕਹਾਣੀਆਂ ਲਿਖੀਆਂ। ਉਸ ਨੇ ਆਧੁਨਿਕ ਮੱਧ ਵਰਗ ਦੇ ਜੀਵਨ ਦੇ ਵਿਭਿੰਨ ਪੱਖਾਂ ਨੂੰ ਚਿਤਰਿਆ। 'ਮਹੀਂਵਾਲ', 'ਕੌੜੇ ਘੁੱਟ', 'ਅੰਗਰੇਜ਼ ਅੰਗਰੇਜ਼ ਸਨ' ਆਦਿ ਉਸ ਦੇ ਮੁੱਖ ਕਹਾਣੀ ਸੰਗਹਿ ਹਨ।

ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਤੇ ਅਜੀਤ ਕੌਰ ਤਿੰਨ ਮੁੱਖ ਇਸਤਰੀ ਕਹਾਣੀਕਾਰ ਹਨ। ਅੰਮ੍ਰਿਤਾ ਪ੍ਰੀਤਮ ਨੇ ਇਸਤਰੀ ਹੋਂਦ ਨਾਲ ਜੁੜੇ ਮਸਲਿਆਂ ਨੂੰ ਕਾਵਿਮਈ ਸ਼ੈਲੀ ਵਿੱਚ ਪੇਸ਼ ਕੀਤਾ। ਦਲੀਪ ਕੌਰ ਟਿਵਾਣਾ ਨੇ ‘ਤ੍ਰਾਟਾਂ', 'ਵੈਰਾਗੇ ਨੈਣ', 'ਤੂੰ ਹੁੰਗਾਰਾ ਭਰੀ ਆਦਿ ਕਹਾਣੀ ਸੰਗ੍ਰਹਿ ਰਾਹੀਂ ਔਰਤ ਦੀ ਹੋਂਦ `ਤੇ ਹੋਣੀ ਦੇ ਦਰਦਨਾਕ ਚਿੱਤਰ ਉਲੀਕੇ। ਅਜੀਤ ਕੌਰ ਨੇ ਆਪਣੀਆਂ ਕਹਾਣੀਆਂ ਵਿੱਚ ਇਸਤਰੀ ਮਰਦ ਦੇ ਰਿਸ਼ਤਿਆਂ ਦੀਆਂ ਪਰਤਾਂ ਨੂੰ ਨਿਸ਼ੰਗ ਹੋ ਕੇ ਚਿਤਰਿਆ। 'ਫਾਲਤੂ ਔਰਤ', 'ਅੱਧਾ ਆਦਮੀ ਸਾਬਤ ਆਦਮੀ’, 'ਦਿਉਰ ਭਾਬੀਆਂ' ਆਦਿ ਉਸ ਦੇ ਕੁਝ ਮੁੱਖ ਕਹਾਣੀ ਸੰਗ੍ਰਹਿ ਹਨ।

ਰਾਮ ਸਰੂਪ ਅਣਖੀ ਨੇ ਨਾਵਲਾਂ ਦੇ ਨਾਲ-ਨਾਲ ਕਹਾਣੀ ਰਚਨਾ ਵੀ ਕੀਤੀ। 'ਸੁੱਤਾ ਨਾਗ', 'ਮਨੁੱਖ ਦੀ ਮੌਤ', 'ਟੀਸੀ ਦਾ ਬੇਰ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਡਰਾਈਵਰਾਂ, ਕੰਡਕਟਰਾਂ ਤੇ ਸਕੂਲ ਮਾਸਟਰਾਂ ਦੇ ਜੀਵਨ ਯਥਾਰਥ ਦੇ ਕਈ ਲੁਕਵੇਂ ਪਹਿਲੂ ਪੇਸ਼ ਕੀਤੇ। ਇਸੇ ਦੌਰ ਵਿੱਚ ਜਸਵੰਤ ਸਿੰਘ ਵਿਰਦੀ, ਰਘਬੀਰ ਸਿੰਘ ਢੰਡ ਆਦਿ ਕਹਾਣੀਕਾਰ ਵੀ ਕਹਾਣੀ ਰਚਨਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹਨ।

ਗੁਰਬਚਨ ਸਿੰਘ ਭੁੱਲਰ ਨੇ ਮਾਲਵਾ ਖੇਤਰ ਦੇ ਕਿਸਾਨੀ ਜੀਵਨ-ਸਭਿਆਚਾਰ ਨਾਲ ਸੰਬੰਧਤ ਕਹਾਣੀਆਂ ਲਿਖੀਆਂ। ਉਹ ਮਾਰਕਸਵਾਦੀ ਚਿੰਤਨ ਤੋਂ ਪ੍ਰੇਰਨਾ ਗ੍ਰਹਿਣ ਕਰਨ ਵਾਲਾ ਲੇਖਕ ਹੈ। 'ਇਕੀਵੀਂ ਸਦੀ', 'ਦੀਵੇ ਵਾਂਗ ਬਲਦੀ ਅੱਖ', 'ਮੈਂ ਗਜ਼ਨਵੀ ਨਹੀਂ’ ਆਦਿ ਉਸ ਦੇ ਮੁਖ ਕਹਾਣੀ ਸੰਗ੍ਰਹਿ ਹਨ।

ਮੋਹਨ ਭੰਡਾਰੀ ਪ੍ਰਤੀਕਾਤਮਕ ਸ਼ੈਲੀ ਵਿੱਚ ਲਿਖਣ ਵਾਲਾ ਕਹਾਣੀਕਾਰ ਹੈ। ਉਸ ਨੇ ਮਾਲਵਾ ਖੇਤਰ ਦੇ ਭੂਮੀਹੀਣ ਵਰਗ ਦੀਆਂ ਆਰਥਕ ਸਮੱਸਿਆਵਾਂ ਉੱਪਰ ਕਹਾਣੀਆਂ ਲਿਖੀਆਂ। 'ਮੈਨੂੰ ਟੈਗੋਰ ਬਣਾ ਦੇ' ਉਸ ਦੀ ਬਹੁ ਚਰਚਿਤ ਕਹਾਣੀ ਹੈ।

ਤੀਜੇ ਦੌਰ ਦੇ ਕਹਾਣੀਕਾਰਾਂ ਵਿੱਚ ਵਰਿਆਮ ਸੰਧੂ ਤੇ ਪ੍ਰੇਮ ਪ੍ਰਕਾਸ਼ ਨੇ ਸਭ ਤੋਂ ਵੱਧ ਮਾਨਤਾ ਪ੍ਰਾਪਤ ਕੀਤੀ। ਵਰਿਆਮ ਸਿੰਘ ਸੰਧੂ ਨੇ ਭਾਸ਼ਾ ਦੀ ਪ੍ਰਤੀਕਾਤਮਕ ਵਰਤੋਂ ਰਾਹੀਂ ਬਹੁਪਰਤੀ ਕਹਾਣੀ ਲਿਖੀ। 'ਅੰਗ ਸੰਗ', 'ਭੱਜੀਆਂ ਬਾਹੀਂ ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਪ੍ਰੇਮ ਪ੍ਰਕਾਸ਼ ਨੇ ਪੂੰਜੀਵਾਦੀ ਵਿਵਸਥਾ ਤੋਂ ਉਪਜੀ ਮੱਧ ਸ਼੍ਰੇਣੀ ਦੇ ਆਦਰਸ਼ ਵਿਹੂਣੇ ਜੀਵਨ ਸੰਕਟ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਬਣਾਇਆ। 'ਨਮਾਜੀ', 'ਮੁਕਤੀ', 'ਸਵੇਤਾਂਬਰ ਨੇ ਕਿਹਾ ਸੀ’ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ।

80 / 87
Previous
Next