

ਲੇਖਕ ਹਨ। ਅੰਗਰੇਜ਼ੀ ਰਾਜ ਦੌਰਾਨ ਈਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਪੰਜਾਬੀ ਵਾਰਤਕ ਦੇ ਵਿਕਾਸ ਨੂੰ ਉਤਸ਼ਾਹ ਮਿਲਿਆ।
ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀਆਂ 'ਚੋਂ ਭਾਈ ਵੀਰ ਸਿੰਘ ਦਾ ਨਾਂ ਪ੍ਰਮੁੱਖ ਹੈ। ਉਨ੍ਹਾਂ ਨੇ ਸਿੱਖ ਧਰਮ ਦੀ ਵਡਿਆਈ ਹਿਤ ਵਾਰਤਕ ਰਚਨਾ ਕੀਤੀ। ‘ਗੁਰੂ ਨਾਨਕ ਚਮਤਕਾਰ', 'ਕਲਗੀਧਰ ਚਮਤਕਾਰ', 'ਅਸ਼ਟ ਗੁਰੂ ਚਮਤਕਾਰ' ਆਦਿ ਉਨ੍ਹਾਂ ਦੀਆਂ ਕੁਝ ਮੁੱਖ ਵਾਰਤਕ ਪੁਸਤਕਾਂ ਹਨ। ਭਾਈ ਵੀਰ ਸਿੰਘ ਤੋਂ ਇਲਾਵਾ ਭਾਈ ਮੋਹਨ ਸਿੰਘ ਵੈਦ ਨੇ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਕ ਤੌਰ ਤੇ ਨਰੋਆ ਰੱਖਣ ਹਿਤ ਵਾਰਤਕ ਰਚਨਾ ਕੀਤੀ। 'ਕਰਮਯੋਗ', 'ਸਿਆਣੀ ਮਾਤਾ', 'ਸੁਖੀ ਪਰਿਵਾਰ', 'ਪਛਤਾਵਾ’ ਆਦਿ ਉਸ ਦੀਆਂ ਪ੍ਰਮੁੱਖ ਪੁਸਤਕਾਂ ਹਨ।
ਦੂਜਾ ਦੌਰ ਦੀ ਵਾਰਤਕ ਦਾ ਆਰੰਭ ਪ੍ਰੋ. ਪੂਰਨ ਸਿੰਘ ਦੇ ਵਾਰਤਕ ਖੇਤਰ ਵਿੱਚ ਪ੍ਰਵੇਸ਼ ਨਾਲ ਹੁੰਦਾ ਹੈ। ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਵਾਰਤਕ ਨੂੰ ਧਾਰਮਿਕ ਵਿਸ਼ਿਆਂ ਤੋਂ ਮੁਕਤ ਕਰਾ ਕੇ ਆਧੁਨਿਕ ਵਿਗਿਆਨਕ ਦ੍ਰਿਸ਼ਟੀ ਵਾਲੀ ਵਾਰਤਕ ਲਿਖੀ। 'ਖੁੱਲ੍ਹੇ ਲੇਖ’ ਉਸ ਦੀ ਵਾਰਤਕ ਪੁਸਤਕ ਨੂੰ ਸਾਹਿਤਕ ਲੇਖਾਂ ਦੀ ਪਹਿਲੀ ਪੁਸਤਕ ਕਿਹਾ ਜਾਂਦਾ ਹੈ। ਪ੍ਰਿੰਸੀਪਲ ਜੋਧ ਸਿੰਘ ਨੇ ਸਿੱਖ ਧਰਮ ਤੇ ਸਿਧਾਂਤਾਂ ਨੂੰ ਪ੍ਰਗਟਾਉਣ ਲਈ ਵਾਰਤਕ ਰਚਨਾ ਕੀਤੀ। 'ਗੁਰਮਤਿ ਨਿਰਣਯ', 'ਸਿੱਖੀ ਕੀ ਹੈ', 'ਜੀਵਨ ਦੇ ਅਰਥ' ਆਦਿ ਉਸ ਦੀ ਮੁੱਖ ਵਾਰਤਕ ਪੁਸਤਕਾਂ ਹਨ। ਲਾਲ ਸਿੰਘ ਕਮਲਾ ਅਕਾਲੀ ਨੇ ਵੀ ਮੁੱਢਲੀ ਆਧੁਨਿਕ ਪੰਜਾਬੀ ਵਾਰਤਕ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। 1926 ਈ. ਵਿੱਚ ਪ੍ਰਕਾਸ਼ਤ ਉਸ ਦੀ ਵਾਰਤਕ ਰਚਨਾ 'ਮੇਰਾ ਵਲੈਤੀ ਸਫ਼ਰਨਾਮਾ' ਪੰਜਾਬੀ ਦਾ ਪਹਿਲਾ ਪ੍ਰਕਾਸ਼ਤ ਸਫ਼ਰਨਾਮਾ ਹੈ। 'ਮੌਤ ਰਾਣੀ ਦਾ ਘੁੰਡ', 'ਜੀਵਨ ਕੀਤਾ, 'ਮਨ ਦੀ ਮੌਜ’ ਆਦਿ ਉਸ ਦੀਆਂ ਹੋਰ ਵਾਰਤਕ ਪੁਸਤਕਾਂ ਹਨ। ਇਸ ਦੌਰ ਵਿੱਚ ਮਾਸਟਰ ਤਾਰਾ ਸਿੰਘ, ਕਿਰਪਾ ਸਾਗਰ, ਆਈ.ਸੀ. ਨੰਦਾ ਆਦਿ ਕੁਝ ਹੋਰ ਵਾਰਤਕਕਾਰਾਂ ਨੇ ਵੀ ਪੰਜਾਬੀ ਵਾਰਤਕ ਨੂੰ ਅਮੀਰ ਬਣਾਇਆ।
ਪੰਜਾਬੀ ਵਾਰਤਕ ਦਾ ਅਗਲਾ ਦੌਰ ਪ੍ਰਿੰ. ਤੇਜਾ ਸਿੰਘ, ਗੁਰਬਖਸ਼ ਸਿੰਘ ਤੇ ਡਾ. ਬਲਬੀਰ ਸਿੰਘ ਆਦਿ ਵਾਰਤਕ ਲੇਖਕਾਂ ਨਾਲ ਸ਼ੁਰੂ ਹੁੰਦਾ ਹੈ। ਪ੍ਰਿੰ. ਤੇਜਾ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਨੂੰ ਟਕਸਾਲੀ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 'ਸਾਹਿਤ ਦਰਸ਼ਨ', 'ਪੰਜਾਬੀ ਕਿਵੇਂ ਲਿਖੀਏ', 'ਨਵੀਆਂ ਸੋਚਾਂ’ ਆਦਿ ਕੁਝ ਉਸ ਦੀਆਂ ਮੁੱਖ ਵਾਰਤਕ ਪੁਸਤਕਾਂ ਹਨ। ਪ੍ਰੋ. ਸਾਹਿਬ ਸਿੰਘ ਨੇ ਗੁਰਬਾਣੀ ਦੇ ਟੀਕਾਕਾਰ ਵਜੋਂ ਵਾਰਤਕ ਰਚਨਾ ਕੀਤੀ। 'ਗੁਰਮਤਿ ਪ੍ਰਕਾਸ਼', 'ਸਰਬਤ ਦਾ ਭਲਾ', 'ਸਿੱਖੀ ਸਿਦਕ’ ਆਦਿ ਉਸ ਦੀਆਂ ਅਹਿਮ ਪੁਸਤਕਾਂ ਹਨ।
ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵੱਡੀ ਗਿਣਤੀ ਵਿੱਚ ਵਾਰਤਕ ਰਚਨਾ ਕੀਤੀ। ਪੱਛਮੀ ਗਿਆਨ ਤੇ ਵਿਗਿਆਨ ਦਾ ਗਿਆਤਾ ਹੋਣ ਕਰਕੇ ਉਸ ਨੇ ਆਧੁਨਿਕ ਸਮਾਜ ਤੇ ਜੀਵਨ ਨਾਲ ਸੰਬੰਧਤ ਹਰ ਨਵੇਂ ਵਿਸ਼ੇ ਬਾਰੇ ਲਿਖਿਆ। ਉਸ ਨੇ ਸੁਤੰਤਰ ਪ੍ਰੀਤ ਫਲਸਫ਼ੇ ਦਾ ਰੱਜ ਕੇ ਪ੍ਰਚਾਰ ਕੀਤਾ। 'ਰੋਜ਼ਾਨਾ ਜ਼ਿੰਦਗੀ ਦੀ ਸਾਇੰਸ', 'ਸਾਵੀਂ ਪੱਧਰੀ ਜ਼ਿੰਦਗੀ, 'ਭਖਦੀ ਜੀਵਨ ਚੰਗਿਆੜੀ', 'ਜ਼ਿੰਦਗੀ ਦੀ ਰਾਸ’ ਆਦਿ ਉਸ ਦੀਆਂ ਮੁੱਖ ਪੁਸਤਕਾਂ ਹਨ। ਕਪੂਰ ਸਿੰਘ ਨੇ ਬੌਧਿਕ ਤੇ ਦਾਰਸ਼ਨਿਕ ਰੰਗ ਵਾਲੀ ਵਾਰਤਕ ਲਿਖਣ ਦੀ ਪਿਰਤ ਪਾਈ। 'ਪੁੰਦ੍ਰੀਕ', 'ਬਹੁ ਵਿਸਥਾਰ' ਤੇ 'ਸਾਚੀ ਸਾਖੀ' ਉਸ ਦੀਆਂ ਮੁੱਖ ਪੁਸਤਕਾਂ ਹਨ। ਡਾ. ਬਲਬੀਰ ਸਿੰਘ, ਹਰਿੰਦਰ ਸਿੰਘ ਰੂਪ, ਈਸ਼ਵਰ ਚਿਤਰਕਾਰ ਆਦਿ ਲੇਖਕਾਂ ਨੇ ਵੀ ਇਸ ਦੌਰ ਦੀ ਵਾਰਤਕ ਸਿਰਜਣਾ ਵਿੱਚ ਅਹਿਮ ਯੋਗਦਾਨ ਪਾਇਆ।
ਤੀਜੇ ਦੌਰ ਦੇ ਵਾਰਤਕਾਰਾਂ ਨੇ ਵਾਰਤਕ ਦੇ ਆਧੁਨਿਕ ਰੂਪਾਂ ਨਿਬੰਧ, ਸਵੈਜੀਵਨੀ, ਜੀਵਨੀ, ਸਫ਼ਰਨਾਮਾ, ਰੇਖਾ ਚਿੱਤਰ ਆਦਿ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ। ਵੀਹਵੀਂ ਸਦੀ ਵਿੱਚ 1965 ਈ. ਤੱਕ ਮੁੱਖ ਕਰਕੇ ਸਿੱਖ ਧਰਮ ਤੇ ਇਤਿਹਾਸ ਨਾਲ ਸੰਬੰਧਤ ਵਿਸ਼ੇਸ਼ ਨਿਬੰਧ ਰਚਨਾ ਦਾ ਆਧਾਰ ਬਣਦੇ ਰਹੇ। ਹੌਲੀ-ਹੌਲੀ ਸਮਾਜਕ, ਆਰਥਕ, ਰਾਜਨੀਤਿਕ, ਤੇ ਖੋਜ ਨਾਲ ਸੰਬੰਧਤ ਵਿਸ਼ੇ ਵੀ ਨਿਬੰਧ ਰਚਨਾ ਦਾ ਆਧਾਰ ਬਣਦੇ ਰਹੇ। ਡਾ. ਤਾਰਨ ਸਿੰਘ, ਸ. ਸ. ਅਮੋਲ, ਤੇਜਾ ਸਿੰਘ ਆਦਿ ਨੇ ਮੁੱਢਲੇ ਦੌਰ ਵਿੱਚ ਨਿਬੰਧ ਨੂੰ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ। ਬਾਦ ਵਿੱਚ ਸੰਤ ਸਿੰਘ ਸੇਖੋਂ, ਗੁਰਬਚਨ, ਨਰਿੰਦਰ ਸਿੰਘ ਕਪੂਰ, ਆਦਿ ਨੇ ਅਹਿਮ ਭੂਮਿਕਾ ਨਿਭਾਈ।