Back ArrowLogo
Info
Profile

ਚੋਖੇ ਚਿਰ ਤੀਕ ਨੀਂਵੀਂ ਪਾਈ ਰਖੀ,

ਅਤੇ ਸੱਚ ਲਈਆਂ ਸੋਚਾਂ ਦੂਰ ਦੀਆਂ ।

ਕੰਢੇ ਬੈਠ ਕੇ ਹੋਰ ਨਾ ਦੇਖ ਸੱਕੇ,

ਇਹ ਮਾਯੂਸੀਆਂ ਡੁਬਦੇ ਪੂਰ ਦੀਆਂ ।

ਮੂੰਹ ਤੇ ਵੇਖ ਕੇ ਸ਼ਾਨ ਇਰਾਦਿਆਂ ਦੀ,

ਗਈਆਂ ਸੂਲੀਆਂ ਡੋਲ ਮਨਸੂਰ ਦੀਆਂ ।

ਆ ਗਈ ਝੁਣਝੁਣੀ ਧਰਮ ਦੇ ਧੌਲ ਤਾਈਂ,

ਪ੍ਰਿਥਵੀ ਉਹਦਿਆਂ ਸਿੰਗਾਂ ਤੇ ਹੱਲ ਪਈ।

ਹੱਕ ਨਿਕਲ ਗਏ ਕਾਲਿਆਂ ਅੰਬਰਾਂ ਦੇ,

ਠੰਡੀ ਵਾ ਕਸ਼ਮੀਰ ਵਿੱਚ ਚੱਲ ਪਈ।

 

ਤਾਂਹੀਂ ਕਿਤੋਂ ਸਵਾਰੀਆਂ ਆ ਗਈਆਂ,

ਮੇਰੇ ਕਲਗੀਆਂ ਵਾਲੇ ਸੁਲਤਾਨ ਦੀਆਂ ।

ਚੋਖੀ ਉਮਰ ਪਰ ਜਾਪਦੇ ਦੂਰ ਦਾਈਏ,

ਨਾਲ ਫ਼ੌਜਾਂ ਤੇ ਪਲਟਨਾਂ ਹਾਣ ਦੀਆਂ।

ਨਾਗ ਤੀਰਾਂ ਦੇ ਕੀਲ ਕੇ ਜੁੱਟ ਕੀਤੇ,

ਖਿੱਚ ਕੇ ਰੱਖੀਆਂ ਤੰਦਾਂ ਕੁਮਾਨ ਦੀਆਂ ।

ਸੁੱਟੇ ਝਗ ਮਿਆਨ ਵਿਚੋਂ ਤੇਗ਼ ਹਲਦੀ,

ਹੱਸਣ ਕੋਲ ਆਸਾਂ ਹਿੰਦੋਸਤਾਨ ਦੀਆਂ।

ਅੱਖਾਂ ਵਿੱਚ ਮਸਤੀ, ਨੂਰ ਮੁੱਖੜੇ ਤੇ,

ਦਿਲ ਵਿੱਚ ਦਰਦ ਦੀ ਪੰਡ ਸੀ ਧਰੀ ਹੋਈ ।

ਗੱਲ ਗੱਲ ਅੰਦਰ ਇੰਜ ਜਾਪਦਾ ਸੀ,

ਕੁੱਟ ਕੁੱਟ ਫ਼ਿਲਾਸਫ਼ੀ ਭਰੀ ਹੋਈ ।

 

ਆ ਕੇ ਬੈਠ ਗਏ ਪਿਤਾ ਦੀ ਗੇਂਦ ਅੰਦਰ,

ਲੱਗੇ ਕਹਿਣ, "ਦਾਤਾ ! ਕੀ ਵਿਚਾਰਦੇ ਹੋ ?

ਪੈ ਕੇ ਸੋਚ ਦੇ ਡੂੰਘੇ ਸਮੁੰਦਰਾਂ ਵਿਚ,

ਕਿਹਦੀਆਂ ਡੁੱਬੀਆਂ ਬੇੜੀਆਂ ਤਾਰਦੇ ਹੋ ?

ਪੁੱਟ ਕੇ ਡੂੰਘੀ ਦਲੀਲਾਂ ਦੀ ਨੀਂਹ ਏਡੀ,

ਕਿਹੜੀ ਕੌਮ ਦੇ ਮਹਿਲ ਉਸਾਰਦੇ ਹੋ ?

23 / 99
Previous
Next