ਸਾਰਿਆਂ 'ਮ੍ਰਿਗਯਨ' (ਪਸ਼ੂਆਂ) ਦੇ ਨਾਮ ਕਹਿ ਕੇ ਫਿਰ 'ਹਾ' ਪਦ ਉਚਾਰੋ। (ਇਹ) ਸਾਰੇ ਨਾਮ ਬਾਣ ਦੇ ਹਨ, ਹਿਰਦੇ ਵਿਚ ਨਿਸ਼ਚਿਤ ਕਰ ਲਵੋ।੭੯। 'ਕਵਚ' ਦੇ ਸਾਰੇ ਨਾਮ ਲੈ ਕੇ ਫਿਰ 'ਭੇਦਕ' (ਵਿੰਨ੍ਹਣ ਵਾਲਾ) ਸ਼ਬਦ ਕਹੋ। ਇਸ ਤਰ੍ਹਾਂ ਇਹ ਸਾਰੇ ਸ੍ਰੀ ਬਾਣ ਦੇ ਨਾਮ ਬਣਦੇ ਜਾਣਗੇ ।੮।
ਪਹਿਲਾਂ 'ਚਰਮ (ਢਾਲ) ਦੇ ਨਾਮ ਕਹੋ ਅਤੇ ਫਿਰ 'ਛੇਦਕ' (ਛੇਦ ਕਰਨ ਵਾਲਾ) ਸ਼ਬਦ ਕਥਨ ਕਰੋ। (ਇਹ) ਸਾਰੇ ਨਾਮ ਬਾਣ ਦੇ ਹਨ। ਸਿਆਣੇ ਲੋਗਾਂ ਨੂੰ ਚਿਤ ਵਿਚ ਸਮਝ ਲੈਣਾ ਚਾਹੀਦਾ ਹੈ।੮੧। ਪਹਿਲਾਂ 'ਸੁਭਟ' (ਸੂਰਮਾ) ਨਾਮ ਉਚਾਰ ਕੇ ਫਿਰ 'ਹਾ' ਪਦ ਸੁਣਾ ਦਿਓ। (ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ, ਬੁੱਧੀਮਾਨ ਲੋਗ ਬਣਾ ਲੈਣ ।८२।
ਸਾਰਿਆਂ ਪੰਛੀਆਂ ਦੇ ਨਾਮ ਕਹਿ ਕੇ ਫਿਰ 'ਪਰ' (ਵੈਰੀ) ਪਦ ਕਹਿ ਦੇਓ। (ਇਹ) ਸਾਰੇ ਨਾਮ 'ਸਿਲੀਮੁਖ ਤੀਰ ਦੇ ਹਨ, ਚਤੁਰ ਪੁਰਸ਼ ਚਿਤ ਵਿਚ ਪਛਾਣ ਲੈਣ।੮੩। ਪੰਛੀ, ਪਰੀ (ਖੰਭਾਂ ਵਾਲਾ), ਸਪੰਖ (ਖੰਭਾਂ ਸਹਿਤ), ਪਛਿਧਰ (ਖੰਭ ਧਾਰਨ ਕਰਨ ਵਾਲਾ) (ਕਹਿ ਕੇ) ਫਿਰ 'ਅੰਤਕ' (ਅੰਤ ਕਰਨ ਵਾਲਾ) ਸ਼ਬਦ ਕਹੋ। (ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਜਾਣ ਕੇ ਚਿਤ ਵਿਚ ਰਖੋ।੮੪।
ਆਕਾਸ਼ ਦੇ ਸਾਰੇ ਨਾਮ ਕਹਿ ਕੇ ਫਿਰ 'ਚਰ' (ਵਿਚਰਨ ਵਾਲਾ) ਪਦ ਕਹਿ ਦਿਓ। (ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੇ ਚਤੁਰ ਪੁਰਸ਼ੋ ! ਪਛਾਣ ਲਵੋ।੮੫॥ ਖੰ, ਅਕਾਸ਼, ਨਭ ਅਤੇ ਗਗਨ (ਸ਼ਬਦ) ਕਹਿ ਕੇ ਫਿਰ 'ਚਰ' (ਚਲਣ ਵਾਲਾ) ਸ਼ਬਦ ਉਚਾਰੋ। (ਇਹ) ਸਾਰੇ ਨਾਮ ਬਾਣ ਦੇ ਹਨ। ਹੇ ਚਤੁਰ ਪੁਰਸ਼ੋ! ਚਿਤ ਵਿਚ ਧਾਰ ਲਵੋ।੮੬
ਆਸਮਾਨ, ਸਿਪਿਹਰ, ਦਿਵ ਅਤੇ ਫਿਰ ਗੁਰਦੂੰ (ਘੁੰਮਣ ਵਾਲਾ ਆਸਮਾਨ) (ਸ਼ਬਦ) ਪਹਿਲਾਂ ਚੰਦ੍ਰਮਾ ਦੇ ਕਹੋ। ਫਿਰ 'ਚਰ' ਸ਼ਬਦ ਕਹੋ, (ਇਹ ਸਭ) ਬਾਣ ਦੇ ਨਾਂ ਹਨ।੮੭। ਨਾਮ ਕਹੋ, ਫਿਰ ‘ਧਰ' (ਧਾਰਨ ਕਰਨ ਵਾਲਾ) ਸ਼ਬਦ ਜੋੜੋ। ਇਸ ਪਿਛੋਂ 'ਚਰ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਜਾਣ ਲਵੋ।੮੮।
ਗੋ, ਮਰੀਚ, ਕਿਰਨ, ਛਟਾਧਰ (ਰੌਸ਼ਨੀ ਨੂੰ ਧਾਰਨ ਕਰਨ ਵਾਲਾ ਚੰਦ੍ਰਮਾ) (ਫਿਰ) ਮਨ ਵਿਚ 'ਧਰ' ਸ਼ਬਦ ਕਹੋ। ਫਿਰ 'ਚਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਬਾਣ ਦੇ ਨਾਮ ਹੋ ਜਾਣਗੇ।੮੯। (ਪਹਿਲਾਂ) 'ਰਜਨੀਸਰ' (ਚੰਦ੍ਰਮਾ), 'ਦਿਨਹਾ' (ਦਿਨ ਨੂੰ ਖਤਮ ਕਰਨ ਵਾਲਾ) (ਸ਼ਬਦ) ਕਹਿ ਦਿਓ, ਮਗਰੋਂ (ਦੋ ਵਾਰ) 'ਧਰ ਧਰ' ਪਦ ਕਹੋ। (ਇਸ ਤਰ੍ਹਾਂ) ਤੀਰ ਦੇ ਬਹੁਤ ਸਾਰੇ ਨਾਮ ਬਣ ਸਕਦੇ ਹਨ।੯੦।
ਰਾਤ੍ਰਿ, ਨਿਸਾ, ਦਿਨ ਘਾਤਨੀ, ਕਹਿ ਕੇ ਫਿਰ 'ਚਰ' ਅਤੇ 'ਧਰ' ਪਦ ਕਹੋ। (ਇਹ) ਸਾਰੇ ਬਾਣ ਦੇ ਨਾਮ ਹਨ। ਹੇ ਚਤੁਰ ਪੁਰਸ਼ੋ! ਇਹ ਬਖਾਨ ਕਰੋ।੯੧। 'ਸਸਿ ਉਪਾਰਜਨਿ' (ਚੰਦ੍ਰਮਾ ਨੂੰ ਪੈਦਾ ਕਰਨ ਵਾਲੀ) ਅਤੇ 'ਰਵੀ ਹਰਨਿ' (ਸੂਰਜ ਦਾ ਨਾਸ਼ ਕਰਨ ਵਾਲੀ) (ਇਹ ਸ਼ਬਦ ਪਹਿਲਾ ਕਹੋ, ਫਿਰ) 'ਚਰ' ਸ਼ਬਦ ਵਰਤੋ। (ਫਿਰ) ‘ਧਰ' ਕਹਿ ਦਿਓ। ਇਹ ਬਾਣ ਦੇ ਨਾਮ ਹਨ। (ਜਿਸ ਨੂੰ ਮੈਂ) ਅਠੇ ਪਹਿਰ ਯਾਦ ਕਰਦਾ ਹਾਂ।੯੨।
'ਰੈਨ ਅੰਧਪਤਿ', 'ਮਹਾ ਨਿਸਪਤਿ', 'ਨਿਸਿ-ਈਸਰ', 'ਨਿਸਿ ਰਾਜ' ਅਤੇ 'ਚੰਦ੍ਰ' ਕਹਿ ਦਿੱਤਾ ਜਾਵੇ, (ਤਾਂ ਇਨ੍ਹਾਂ ਨਾਲ ਬਾਣ ਸ਼ਬਦ ਜੋੜਨ ਨਾਲ) 'ਚੰਦ੍ਰ ਬਾਨ' ਬਣ ਜਾਏਗਾ ਚਿਤਰਿਆਂ ਦੇ ਮਾਰਨ ਲਈ।੯੩।