

ਤਾਂ ਇਕ ਸਿਹਰੇ ਜੋਗੇ ਫੁਲ ਦਿਓ, ਅਰ ਛੇਤੀ ਦਿਓ ਜੋ ਸਾਡੇ ਨੇਮ ਵਿਚ ਭੰਗ ਨਾ ਪਵੇ। ਰਾਤ ਸੁਨੇਹਾ ਘੱਲਣਾ ਯਾਦ ਨਹੀਂ ਰਿਹਾ।”
ਲੇਖਿਆਂ ਤੇ ਪੜਚੋਲਾਂ ਵਾਲੀਆਂ ਸਮਝਾਂ ਉਸ ਖੁਸ਼ੀ ਨੂੰ ਕੀਹ ਸਮਝਣ ਜੋ ਇਸ ਸੁਖ ਸੁਨੇਹੜੇ ਨੇ ਦਿੱਤੀ? ਪ੍ਰੇਮ ਦੇ ਬੇ-ਗ਼ਮ ਰਾਹ, ਇਲਾਹੀ ਤੇ ਅਲੇਲ ਰਸਤੇ ਤੇ ਟੁਰਾਊ ਮੋਹਿਨਾ ਤੇ ਸੋਹਿਨਾ ਉਠੇ, ਆਪਣੀ ਸਾਂਭ ਸਾਂਭ ਤੇ ਖੋਰੀਆਂ ਪਰਾਲੀਆਂ ਨਾਲ ਕੱਜ ਕੱਜ ਰਖੀ ਫੁਲਵਾੜੀ ਵਿਚ ਜਾ ਵੜੇ। ਆਕਾਸ਼ ਵਿਚ ਬੱਦਲਾਂ ਦਾ ਚਿੱਟਾ ਤੇ ਕਾਲਾ ਰੂਪ ਛਾ ਰਿਹਾ ਹੈ, ਇਨ੍ਹਾਂ ਦੇ ਪਿੱਛੇ ਚੰਦਮਾਂ ਹੈ, ਬੱਦਲਾਂ ਵਿਚੋਂ ਦਾਮਨੀ ਖਿਉਂਦੀ ਤੇ ਲਿਸ਼ਕਾਰਾ ਮਾਰਦੀ ਹੈ। ਇਸ ਲਿਸ਼ਕਾਰੇ ਵਿਚ ਪ੍ਯਾਰੇ ਲਈ ਪ੍ਰੇਮੀ ਫੁੱਲ ਤੋੜ ਰਹੇ ਹਨ।
"ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ॥
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ॥੯॥" (ਫੁਨਹੇ ਮਹਲਾ ੫, ਅੰਕ ੧੩੬੨)
ਫੁੱਲ ਤੋੜਦੇ ਹਨ, ਜੀ ਖੁਸ਼ੀ ਨਾਲ ਉਛਲਦਾ ਹੈ, ਅੰਮੀ ਜੀ ਕੇਡੇ ਚੰਗੇ ਹਨ ਜੋ ਐਸੇ ਸੁਹਣੇ ਕੰਮ ਲਈ ਸਾਨੂੰ ਯਾਦ ਕਰਦੇ ਹਨ। ਜਿਨ੍ਹਾਂ ਦੇ ਦੁਆਰੇ ਬਨਰਾਇ ਹੱਥ ਬੱਧੀ ਖੜੀ ਹੈ, ਉਹ ਸਾਨੂੰ ਸੇਵਾ ਦੇ ਕੇ ਵਡਿਆਉਂਦੇ ਹਨ। ਅੰਮੀ, ਅੰਮੀ, ਅੰਮੀ ਤੂੰ ਧੰਨ ਹੈਂ! ਫੇਰ ਫੁੱਲਾਂ ਨੂੰ ਐਸ ਤਰ੍ਹਾਂ ਦੇ ਪ੍ਯਾਰ ਭਾਵ ਨਾਲ ਬੁਲਾਉਂਦੇ ਹਨ, ਆਖਦੇ ਹਨ:-
'ਨੇਕ ਨਸੀਬ ਤੁਸਾਡੇ, ਮਿੱਤਰੋ! ਜਿਨ੍ਹਾਂ ਜਾਇ ਪੀਆ ਗਲ ਪੈਣਾਂ।
ਵਾਹ ਉੱਗਣਾ ਤੇ ਸੁਫਲਾ ਲਗਣਾ, ਖਿੜ ਖਿੜ ਹਸ ਹਸ ਰਹਿਣਾ।
ਵਾਹ ਤ੍ਰਟਣਾ, ਵਾਹ ਸੂਈ ਚੜ੍ਹਨਾ, ਵਾਹ ਗੁੰਦੇ ਰਲ ਬਹਿਣਾ।
ਵਾਹ ਹੱਸਣ, ਵਾਹ ਰੋਣ ਤੁਹਾਡੇ, ਜਿਨ੍ਹਾਂ ਜਾਇ ਪੀਆ ਗਲ ਪੈਣਾ॥'
ਐਉਂ ਪ੍ਰੇਮ ਭਰੇ ਪ੍ਰੇਮੀਆਂ ਨੇ ਸੁਹਣੇ ਸੁਹਣੇ ਲੈਂਦੇ ਦੇ ਫੁੱਲ ਅੰਮੀ ਜੀ ਲਈ ਇਕ ਸੁਹਣੀ ਪਟਾਰੀ ਵਿਚ ਪਾ ਕੇ ਘੱਲ ਦਿੱਤੇ।
ਤ੍ਰਿਪਹਿਰਾ ਬੀਤ ਚੁਕਾ ਸੀ, ਹੁਣ ਸੌਣ ਦਾ ਵੇਲਾ ਹੀ ਨਹੀਂ ਸੀ, ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਪਾਠ ਸਿਮਰਨ ਵਿਚ ਲੱਗ ਪਏ।