

ਪਰਉਪਕਾਰ ਵਿਚ ਜਾਨ ਤੇ ਖੇਡ ਗਿਆ ਹੈ, ਤਾਂ ਬੜਾ ਅਕੁਲਾਈ। ਜਦੋਂ ਪਤਾ ਲਗਾ ਕਿ ਜਿਸ ਟੋਲੇ ਦੀ ਰੱਖਿਆ ਵਿਚ ਜਾਨ ਦਿੱਤੀ ਸੂ ਉਹ ਨਾਮ ਦੇ ਰਸੀਏ 'ਗੁਰੂ-ਦਰਸ਼ਨ ਨੂੰ ਜਾ ਰਹੇ ਸਨ, ਤਦ ਹੋਰ ਬੀ ਰੋਈ। "ਹਾਇ ਅਭਾਗ ਮੇਰੀਆਂ ਸਿੱਕਾਂ ਤੇ ਉਮੈਦਾਂ ਦੇ ਮਾਲਕਾ! ਹੇ ਜਗਤ ਤਾਰਕ ਸਤਿਗੁਰਾ! ਮੇਰੇ ਰਾਜ ਵਿਚ ਤੇਰੇ ਪਿਆਰੇ ਲਈ ਸੀਸ ਦੇਣਾ ਹਿੱਸੇ ਆਯਾ। ਉਸ ਦੀ ਸੇਵਾ ਸਾਥੋਂ ਕੁਛ ਨਾ ਸਰੀ, ਇਕ ਬੂੰਦ ਤੇਲ ਫੱਟਾਂ ਤੇ ਨਾ ਡਿੱਗਾ, ਇਕ ਗਿੱਠ ਲੀਰ ਉਸ ਦੇ ਪਵਿੱਤ੍ਰ ਜ਼ਖ਼ਮ ਨੂੰ ਨਸੀਬ ਨਾ ਹੋਈ।” ਇਹ ਹਾਵੇਂ ਕਰ ਰਹੀ ਸੀ ਕਿ ਉਸ ਦੀ ਸਤਿਸੰਗਣ ਮਾਈ ਆ ਗਈ। ਗੁਰਸਿੱਖੀ ਦੀ ਸੱਚੀ ਜਾਣੂੰ ਮਾਈ ਆਖਣ ਲੱਗੀ: “ਰਾਣੀਏਂ! ਇਹ ਜੀਉਂਦੀ ਰੂਹ’ ਹੈ ਸੀ ਜਿਸ ਨੂੰ ਸਾਡੇ ਬੋਲੇ ਵਿਚ 'ਜੀਅ ਦਾਨ ਪ੍ਰਾਪਤ ਆਖਦੇ ਹਨ। ਜਦੋਂ ਕਿਸੇ ਜੀਉਂਦੇ ਬੰਦੇ ਨੂੰ, ਜਿਸ ਨੂੰ ਅਸੀਂ 'ਹਰਿਜਨ' ਭੀ ਆਖਦੇ ਹਾਂ, ਦੁਖ ਮਿਲੇ ਤਾਂ ਸਾਂਈਂ ਤਕ ਪੀੜ ਜਾਂਦੀ ਹੈ। ਪਰ ਤੂੰ ਹੁਣ ਦੁਖ ਨਾ ਕਰ, ਤੇਰਾ ਦੋਸ਼ ਨਹੀਂ, ਤੈਨੂੰ ਕੇਵਲ ਮੜੋਲੀ ਦੀ ਸੇਵਾ ਮਿਲੀ ਹੈ, ਸੋ ਤੂੰ ਧੰਨ ਭਾਗ ਜਾਣ ਕੇ ਕਰ। ਇਸ ਦੇ ਸਰੀਰ ਨੂੰ ਸਤਿਕਾਰ ਯੋਗ ਦਾਹ ਦੇਹ ਜੋ ਇਹ ਮੰਦਰ, ਜਿਸ ਵਿਚ ਨਾਮੀ ਵਸ ਗਿਆ ਹੈ, ਰੁਲੇ ਨਾ।” ਇਹ ਸੁਣਕੇ ਰਾਣੀ ਨੇ ਬੜੇ ਸਤਿਕਾਰ ਨਾਲ ਉਸ ਸ਼ਹੀਦ ਦਾ ਦਾਹ ਕੀਤਾ, ਅਰ ਇਕ ਛੋਟਾ ਜਿਹਾ ਮਠ ਉਸ ਟਿਕਾਣੇ ਬਣਾਇਆ।
ਸੋਹਿਨਾ ਮੋਹਿਨਾ ਦੀ ਹੁਣ ਅਚਰਜ ਦਸ਼ਾ ਪਲਟੀ। ਠਾਕੁਰ ਪੂਜਾ ਕਰਦੇ ਹਨ, ਪਰ ਕਲੇਜੇ ਵਿਚ ਅਸ਼ਾਂਤਿ ਤੇ ਅਸੁਖ ਚੁਭਦਾ ਰਹਿਂਦਾ ਹੈ, ਜਦ ਹੱਥ ਜੋੜ ਕੇ ਬੈਠਦੇ ਹਨ, ਉਹੋ ਸ਼ਬਦ ਕੰਨਾਂ ਵਿਚ ਗੂੰਜਦੇ ਹਨ- "ਦਰਸ਼ਨ ਨਹੀਂ ਜੇ ਦੇਣ ਲੱਗਾ”, ਅਕੁਲਾਕੇ ਅੱਖਾਂ ਖੋਹਲ ਦੇਂਦੇ ਹਨ। ਜਦ ਕਿਸੇ ਸੰਗੀਤ ਦੇ ਉੱਚੇ ਰਸ ਵਿਚ ਆਉਂਦੇ ਹਨ ਤਾਂ ਚੇਤਾ ਇਨ੍ਹਾਂ ਸ਼ਬਦਾਂ ਨੂੰ ਕੰਨਾਂ ਵਿਚ ਲੈ ਆਉਂਦਾ ਹੈ। ਗੱਲ ਕਾਹਦੀ ਉਨ੍ਹਾਂ ਦੇ ਹਰ ਰੰਗ ਤੇ ਹਰ ਗੇੜ ਵਿਚ ਇਸ ਇਕ ਵਾਕ ਦੀ ਗੁੰਜਾਰ ਖਹਿੜਾ ਨਹੀਂ ਛਡਦੀ। ਵਿਦਿਆ ਅਰ ਸਮਝ ਦੇ ਸਾਧਨ ਅਰ ਤਪ ਹਠ ਤੇ ਦਾਨ ਦੇ ਤਰੱਦਦ ਦੇ ਜਿਤਨੇ ਸਾਧਨ ਹੋ ਸਕਦੇ ਸੇ ਕੀਤੇ, ਪਰ ਇਸ ਮਹੀਨ ਆਵਾਜ਼ ਦੇ ਚੇਤੇ ਨੇ ਚਿੱਤ ਵਿਚੋਂ ਆਪਣਾ ਨਕਸ਼ ਨਾ ਮਿਟਣ ਦਿੱਤਾ, ਪਰ ਨਾ ਮਿਟਣ ਦਿੱਤਾ।