ਬ੍ਰਾਹਮਣ— ਕਿਵੇਂ ਆਖੋ। ਰਾਜਾ ਪ੍ਰਜਾ ਦਾ ਰਖਵਾਲਾ ਹੈ, ਰਾਜ ਵਿਚ ਵਸਦਿਆਂ ਰਾਜ ਦੀ ਰੱਖਿਆ ਸਭ ਦਾ ਧਰਮ ਹੈ। ਮੈਂ ਇਸ ਰਾਜ ਵਿਚ ਸੁਖ ਪਾਇਆ ਹੈ, ਆਪ ਦਾ ਆਉਣਾ ਵਿਘਨਕਾਰੀ ਨਹੀਂ ਹੈ। ਭਗਵਾਨ ਸਹਾਇਤਾ ਕਰੇ, ਮੇਰੀ ਅਸ਼ੀਰਵਾਦ ਹੈ, ਪਰ ਹਾਂ.....!
ਇਹ ਕਹਿਕੇ ਬੁੱਢੇ ਦਾ ਚਿਹਰਾ ਦਮਕ ਆਇਆ, ਢਿਲਕਦੇ ਮਾਸ ਦੀਆਂ ਝੁਰੀਆਂ ਵਿਚ ਇਕ ਚਾਨਣ ਜਿਹਾ ਫੇਰਾ ਪਾ ਗਿਆ, ਸਿਰ ਹਿਲਾਵੇ ਤੇ ਅੱਖਾਂ ਮੀਟ ਮੀਟ ਜਾਵੇ, ਜਿਨ੍ਹਾਂ ਅੱਖਾਂ ਵਿਚ ਕਿ ਹੁਣ ਇਕ ਦਮਕ ਆ ਗਈ ਸੀ। ਫੇਰ ਨੈਣ ਭਰ ਆਏ ਤੇ ਫੇਰ ਕੁਛ ਚਿਰ ਚੁਪ ਰਹਿਕੇ ਬੋਲਿਆ: "ਰਾਜਨ! ਇਹ ਕਲੂਕਾਲ ਹੈ ਤੇ ਕਲੂ ਦੇ ਬੀ ਤ੍ਰੈ ਪੈਰ ਖਿੱਸੇ ਹਨ, ਇਸ ਵੇਲੇ ਇਕ ਭਾਰੀ ਅਵਤਾਰ ਦਾ ਆਗਮ ਹੈ, ਹਾਂ, ਉਹ ਆਇਆ ਹੈ ਤੇ ਵਿਚਰ ਰਿਹਾ ਹੈ, ਪਰ ਮੈਨੂੰ ਪਤਾ ਨਹੀਂ, ਜੇ ਕਦਾਪਿ ਤੂੰ ਉਸ ਦੇ ਦਰਸ਼ਨ ਕਰੇਂ ਤਾਂ ਨਿਸਚੇ ਕਲਿਆਨ ਹੋਵੇ"।
ਰਾਜਾ— ਬਿਨਾਂ ਪਤੇ ਕੀਕੂੰ ਪਾਈਏ?
ਬ੍ਰਾਹਮਣ- ਹੇ ਰਾਜਨ! ਮੈਨੂੰ ਉਂਞ ਥਹੁ ਕੋਈ ਨਹੀਂ ਮੈਂ ਪਹਿਲੀ ਉਮਰੇ ਮੂਰਤੀ ਦਾ ਧਿਆਨ ਧਰਦਾ ਰਿਹਾ ਹਾਂ। ਫੇਰ ਮੈਨੂੰ ਰਾਹ ਪਾਉਣ ਵਾਲਾ ਮਿਲਿਆ ਮੈਂ ਉਸ ਦੇ ਧਿਆਨ ਮਗਨ ਰਿਹਾ, ਉਸ ਨੇ ਮੈਨੂੰ ਫੇਰ ਚਤੁਰਭੁਜ ਮੂਰਤੀ ਦੇ ਧਿਆਨ ਵਿਚ ਲਾਇਆ। ਮੇਰੀ ਆਰਬਲਾ ਤਾਂ ਇਸੇ ਤਰ੍ਹਾਂ ਗੁਜ਼ਰੀ। ਸਿੱਕ ਇਹ ਰਹੀ ਕਿ ਜੋ ਮੂਰਤੀ ਮੈਂ ਆਪਣੇ ਖਿਆਲ ਵਿਖੇ ਬੰਨ੍ਹਦਾ ਹਾਂ ਉਹ ਕਦੇ ਜੀਉਂਦੀ ਹੋ ਕੇ ਮਿਲੇ, ਚਾਹੋ ਮਨੁਖਾਂ ਵਾਂਝ, ਚਾਹੋ ਕਿਸੇ ਆਤਮ ਤਰੀਕੇ ਵਿਚ, ਪਰ ਆਸ ਨਾ ਪੁੱਗੀ। ਹੁਣ ਕੁਛ ਦਿਨ ਹੋਏ ਤਾਂ ਮੈਂ ਬੈਠੇ ਬੈਠੇ ਇਕ ਸ੍ਵਪਨ ਡਿੱਠਾ, ਇਕ ਕੋਈ ਦਿੱਵਯ ਮੂਰਤੀ ਹੈ, ਉਹਨਾਂ ਮੈਨੂੰ ਆਖਿਆ ਕਿਉਂ ਮੂਰਤਾਂ ਬੰਨ੍ਹ ਬੰਨ੍ਹਕੇ ਖਪਦਾ ਹੈਂ। ਮਨੁਖ ਰੂਪ ਵਿਚ ਜਗਤ ਪਰ ਆਏ ਹੋਏ ਹਨ ਤੇ ਜਗਤ ਦੇ ਰਖ੍ਯਕ ਹੋ ਰਹੇ ਹਨ। ਜੁਧ ਜੰਗ ਰਚਾਉਣ ਦੇ ਆਹਰਾਂ ਵਿਚ ਹਨ, ਜੋਧੇ ਤੇ ਰਜੋਗੁਣੀ ਦਿੱਸਦੇ ਹਨ; ਪਰ ਹੈਨ ਧੁਰੋਂ, ਆਪ, ਅਵਤਾਰ ਤੇ ਜਗਤ ਰਖ੍ਯਕ। ਹੇ ਰਾਜਨ! ਜੇ ਮੈਂ ਵੇਖਾਂ ਤਾਂ ਪਛਾਣ ਲਵਾਂ, ਉਨ੍ਹਾਂ ਦੀ ਨਵ ਉਮਰਾ ਹੈ। ਦਿੱਵ੍ਯ ਮੂਰਤੀ ਹੈ, ਪ੍ਰਕਾਸ਼ ਹੈ, ਰਸ ਹੈ, ਪਰ ਸ਼ਸਤ੍ਰਧਾਰੀ ਹਨ ਤੇ ਠਾਠ ਰਾਜਸੀ ਹੈ।
ਰਾਜਾ— ਨਾਮ?